ਸ਼ਹੀਦ ਊਧਮ ਸਿੰਘ ਦੀ ਲਾਸਾਨੀ ਸ਼ਹਾਦਤ ਨੂੰ ਵੀ ਭੁਲਾਇਆ ਨੀ ਜਾ ਸਕਦਾ ਉਸ ਨੇ ਆਪਣੇ ਮਕਸਦ ਨੂੰ ਅਜ਼ਾਮ ਦੇਣ ਲਈ ਪੂਰੇ ਇੱਕੀ ਸਾਲ ਇੰਤਜ਼ਾਰ ਕੀਤਾ।ਇਸ ਮਹਾਨ ਕੌਮੀ ਸ਼ਹੀਦ ਦਾ ਜਨਮ 26 ਦਸੰਬਰ 1899 ਵਿੱਚ ਸੰਗਰੂਰ ਜਿਲ੍ਹੇ ਦੇ ਸੁਨਾਮ ਨਗਰ ਵਿੱਚ ਹੋਇਆ।ਉਸ ਦੇ ਪਿਤਾ ਸ੍ਰ. ਟਹਿਲ ਸਿੰਘ ਨੀਲੋਵਾਲ ਨਹਿਰ `ਤੇ ਬੇਲਦਾਰ ਸਨ।ਉਸ ਦੀ ਮਾਤਾ ਹਰਨਾਮ ਕੌਰ 1905 ਵਿੱਚ ਪ੍ਰਲੋਕ ਸੁਧਾਰ ਗਈ। ਉਸ ਤੋਂ ਦੋ ਸਾਲ ਬਾਅਦ 1907 ਵਿੱਚ ਉਸ ਦੇ ਪਿਤਾ ਜੀ ਵੀ ਆਕਾਲ ਚਲਾਣਾ ਕਰ ਗਏ। ਇਸ ਤਰ੍ਹਾਂ ਬਚਪਨ ਵਿੱਚ ਹੀ ਉਸ ਦੇ ਸਿਰ ਤੋਂ ਮਾਤਾ ਪਿਤਾ ਦਾ ਸਾਇਆ ਉਠ ਗਿਆ। ਉਹਨਾਂ ਦੇ ਸਰੀਕੇ ’ਚ ਹੀ ਉਸ ਦੇ ਚਾਚਾ ਸ੍ਰ. ਚੈਂਚਲ ਸਿੰਘ ਉਹਨਾਂ ਦੋਵੇਂ ਭਰਾਵਾਂ ਸਾਧੂ ਸਿੰਘ ਤੇ ਸ਼ੇਰ ਸਿੰਘ ਨੂੰ ਅੰਮ੍ਰਿਤਸਰ ਦੇ ਖਾਲਸਾ ਸੈਂਟਰਲ ਯਤੀਮਖਾਨਾ ਵਿੱਚ ਛੱਡ ਆਇਆ। ਊਧਮ ਸਿੰਘ ਦਾ ਬਚਪਨ ਦਾ ਨਾਂ ਸ਼ੇਰ ਸਿੰਘ ਸੀ, ਜੋ ਅੰਮ੍ਰਿਤਸਰ ਆਕਾਲ ਤਖਤ ਸਾਹਿਬ `ਤੇ ਅੰਮ੍ਰਿਤ ਛਕਣ ਤੋਂ ਬਾਅਦ ਉਦੈ ਸਿੰਘ, ਵੱਡੇ ਭਰਾ ਸਾਧੂ ਸਿੰਘ ਦਾ ਨਾਂ ਮੁਕਤਾ ਸਿੰਘ ਪਿਆ। 1917 ਵਿੱਚ ਉਸ ਦੇ ਵੱਡੇ ਭਰਾ ਮੁਕਤਾ ਸਿੰਘ ਦੀ ਨਮੋਨੀਆ ਹੋ ਜਾਣ ਕਾਰਣ ਮੌਤ ਹੋ ਗਈ।
1918 ਵਿੱਚ ਉਸ ਨੇ ਲਾਹੌਰ ਯੂਨੀਵਰਸਿਟੀ ਤੋਂ ਦਸਵੀਂ ਦਾ ਇਮਤਿਹਾਨ ਪਾਸ ਕਰ ਲਿਆ। ਪੜ੍ਹਾਈ ਦੇ ਨਾਲ-ਨਾਲ ਉਸ ਨੇ ਦਸਤਕਾਰੀ ਵੀ ਸਿੱਖ ਲਈ ਜਿਵੇਂ ਤਰਖਾਣਾ ਲੁਹਾਰਾ, ਹਰਮੋਨੀਅਮ, ਤਬਲਾ, ਵਾਦਨ ਤੇ ਸੰਗੀਤ ਗੁਰਬਾਣੀ ਦੀ ਸਿੱਖਿਆ ਆਦਿ।ਇਥੇ ਰਹਿੰਦਿਆਂ ਹੀ ਉਸਦਾ ਮੇਲ ਡਾ. ਸੈਫ ਉਦ-ਦੀਨ ਮਾਸਟਰ ਮੋਤਾ ਸਿੰਘ, ਪੰਡਤ ਹਰੀ ਰਾਮ ਤੇ ਲਾਲ ਲਾਜਪਤ ਰਾਏ ਹੁਰਾਂ ਨਾਲ ਹੋਇਆ ਜੋ ਆਜ਼ਾਦੀ ਲਈ ਸੰਘਰਸ਼ ਕਰ ਰਹੇ ਸਨ।ਪਿਛਲੇ ਲੰਮੇ ਸਮੇਂ ਤੋਂ ਭਾਰਤੀਆਂ ਤੇ ਕਹਿਰ ਢਾਹੁੰਦੀ ਅੰਗਰੇਜ਼ੀ ਸਰਕਾਰ ਦੇ ਜੁਲਮੋ ਜਬਰ ਵਿਰੁੱਧ ਉਸ ਅੰਦਰ ਦੇਸ਼ ਭਗਤੀ ਦਾ ਜ਼ਜ਼ਬਾ ਜਾਗ ਪਿਆ।
13 ਅਪ੍ਰੈਲ 1919 ਨੂੰ ਵਿਸਾਖੀ ਵਾਲੇ ਦਿਨ ਡਾ. ਕਿਚਲੂ ਅਤੇ ਸਤਿਆਪਾਲ ਦੀ ਰਿਹਾਈ ਲਈ ਅਤੇ ਰੋਲਟ ਐਕਟ ਖਿਲਾਫ ਸਾਂਤਮਈ ਰੂਪ ਵਿਚ ਆਪਣੀ ਆਵਾਜ਼ ਬੁਲੰਦ ਕਰ ਰਹੇ 20000 ਦੇ ਕਰੀਬ ਲੋਕਾਂ ਤੇ ਸ਼ਾਮੀ 4:30 ਵਜੇ ਮਾਈਕਲ ੳਡਵਾਇਰ ਦੇ ਹੁਕਮ ਨਾਲ ਗੋਲੀਆਂ ਦੀ ਮੀਂਹ ਵਰ ਗਿਆ, ਜੋ ਉਸ ਸਮੇਂ ਪੰਜਾਬ ਦਾ ਗਵਰਨਰ ਸੀ। ਬ੍ਰਿਗੇਡੀਅਰ ਜਨਰਲ ਡਾਇਰ ਨੇ ਜਲ੍ਹਿਆਂ ਵਾਲੇ ਬਾਗ ਵਿੱਚ ਆਪਣੇ 90 ਸਿਪਾਹੀਆਂ ਨਾਲ 10 ਮਿੰਟ ਵਿੱਚ 1650 ਗੋਲੀਆਂ ਚਲਾਈਆਂ ਜਿਸ ਵਿੱਚ ਬਹੁਤ ਸਾਰੇ ਲੋਕ ਸ਼ਹੀਦ ਹੋ ਗਏ ਪਰ ਸਰਕਾਰੀ ਹੰਟਰ ਕਮਿਸ਼ਨ ਦੀ ਰਿਪੋਰਟ ਮੁਤਾਬਕ 659 ਲੋਕ ਸ਼ਹੀਦ ਹੋਏ। 200 ਤੋਂ ਵੱਧ ਜਖਮੀ ਹੋਏ ਜਿਨਾਂ ਵਿੱਚ 42 ਬੱਚੇ ਵੀ ਸ਼ਹੀਦ ਹੋਏ ਅਤੇ ਇਕ ਸੱਤ ਸਾਲ ਦਾ ਬੱਚਾ ਵੀ ਸ਼ਹੀਦ ਹੋਇਆ। ਉਸ ਵਕਤ ਊਧਮ ਸਿੰਘ ਜਖਮੀਆਂ ਨੂੰ ਪਾਣੀ ਪਿਲਾਉਣ ਦੀ ਸੇਵਾ ਕਰ ਰਿਹਾ ਸੀ। ਉਹ ਜਖ਼ਮੀ ਲੋਕਾਂ ਦੇ ਹਾਉਂਕੇ ਕੰਨੀ ਸੁਣ ਅਤੇ ਸਭ ਕੁੱਝ ਅੱਖੀਂ ਦੇਖ ਰਿਹਾ ਸੀ। ਉਹ ਉਸ ਸਮੇਂ ਦਾ ਚਸ਼ਮਦੀਦ ਗਵਾਹ ਸੀ। ਜਲ੍ਹਿਆਂ ਵਾਲੇ ਬਾਗ ਦੀ ਘਟਨਾ ਨੇ ਉਸ ਨੂੰ ਅੰਦਰ ਤੱਕ ਝੰਜੋੜ ਦਿੱਤਾ। ਉਸ ਨੇ ਅਹਿਦ ਲਿਆ ਕਿ ਜਿੰਨਾ ਚਿਰ ਉਹ ਇਸ ਘਟਨਾ ਦਾ ਬਦਲਾ ਮਾਈਕਲ ੳਡਵਾਇਰ ਤੋਂ ਨਹੀਂ ਲੈਂਦਾ ਚੈਨ ਨਾਲ ਨਹੀਂ ਬੈਠੇਗਾ।ਜਲ੍ਹਿਆਂ ਵਾਲੇ ਬਾਗ ਵਿੱਚ ਅਨੇਕਾਂ ਹਿੰਦੂ, ਮੁਸਲਮ, ਸਿੱਖ ਈਸਾਈ ਸ਼ਹੀਦ ਹੋਏ। ਆਪਣੇ ਇਸ ਮਕਸਦ ਲਈ ਉਸਨੂੰ ਕਈ ਯੂਰਪੀ ਮੁਲਕ ਸ਼ਿਕਾਗੋ, ਪੂਰਬੀ ਅਫ਼ਰੀਕਾ, ਡੈਟਰੀਓਟ ਵਿੱਚ ਜਾਣਾ ਪਿਆ। 1924 ਵਿੱਚ ਉਹ ਸਾਨਫ੍ਰਾਂਸਿਸਕੋ ਵਿਖੇ ਗ਼ਦਰ ਪਾਰਟੀ ਦਾ ਸਰਗਰਮ ਮੈਂਬਰ ਬਣ ਗਿਆ।
13 ਜੁਲਾਈ 1927 ਨੂੰ ਸ਼ਾਮ ਨੂੰ ਜਦੋਂ ਉਹ ਪੰਜਾਬ ਵਾਪਿਸ ਆਇਆ ਤਾਂ ਸਿਟੀ ਕੋਤਵਾਲੀ ਅੰਮਿ੍ਰਤਸਰ ਦੀ ਪੁਲਿਸ ਨੇ ਉਸਨੂੰ ਗ਼ਦਰ ਪਾਰਟੀ ਨਾਲ ਸਬੰਧਿਤ ਸਾਹਿਤ ਅਤੇ ਕੁੱਝ ਗੈਰ ਅਸਲ੍ਹੇ ਸਮੇਤ ਗਿ੍ਰਫਤਾਰ ਕਰ ਲਿਆ। ਮੈਜਿਸਟ੍ਰੇਟ ਬਿਸਨ ਸਿੰਘ ਦੇ ਪੇਸ਼ ਕੀਤਾ।ਉਸ ਨੂੰ ਇੱਕ ਅਕਤੂਬਰ 1927 ਪੰਜ ਸਾਲ ਦੀ ਥਾਂ ਮੁਸੱਕਤ ਸ਼ਜਾ ਸੁਣਾ ਦਿੱਤੀ।ਇਹ ਸ਼ਜਾ ਉਸ ਨੇ ਰਾਵਲਪਿੰਡੀ, ਮੁਲਤਾਨ, ਲਾਹੌਰ ਮੀਆਂਵਲੀ ਜੇਲ੍ਹ ਵਿੱਚ ਪੂਰੀ ਕੀਤੀ। 23 ਮਾਰਚ 1931 ਨੂੰ ਸ਼ਹੀਦ ਭਗਤ ਸਿੰਘ ਹੁਰਾਂ ਦੀ ਫਾਂਸੀ ਦੀ ਖਬਰ ਉਸ ਨੂੰ ਮੁਲਤਾਨ ਜੇਲ੍ਹ ਵਿੱਚ ਮਿਲੀ। ਜੇਲ੍ਹ ਦੌਰਾਨ ਉਹ ਕਈ ਇਨਕਲਾਬੀ ਸਾਥੀਆਂ ਨੂੰ ਵੀ ਮਿਲਦਾ ਰਹਿੰਦਾ। ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਹੋਰਾਂ ਦੀ ਸਹਾਦਤ ਤੋਂ ਬਾਅਦ ਊਧਮ ਸਿੰਘ ਹੀ ਇੱਕ ਅਜਿਹਾ ਸਖ਼ਸ ਸੀ ਜੋ ਆਜ਼ਾਦੀ ਲਹਿਰ ਨੂੰ ਅਗਵਾਈ ਦੇ ਸਕਦਾ ਸੀ। 23 ਅਕਤੂਬਰ 1931 ਨੂੰ ਜੇਲ੍ਹ ਵਿੱਚੋਂ ਰਿਹਾ ਹੋ ਗਿਆ।
1932 ਵਿੱਚ ਉਹ ਆਖਰੀ ਵਾਰ ਆਪਣੀ ਜਨਮ ਭੂਮੀ ਸੁਨਾਮ ਆਇਆ ਜਿੱਥੇ ਉਹ ਆਪਣੇ ਮਾਮਾ ਸ. ਜੀਵਾ ਸਿੰਘ ਤੇ ਚਚੇਰੀ ਭੈਣ ਆਸ ਕੌਰ ਨੂੰ ਮਿਲਿਆ ਤੇ ਕਈ ਹੋਰ ਕਰੀਬੀ ਮਿੱਤਰਾਂ ਨੂੰ ਵੀ ਮਿਲਿਆ 1933 ਵਿੱਚ ਉਸ ਦੀ ਮੁਲਾਕਾਤ ਸੁਭਾਸ਼ ਚੰਦਰ ਬੋਸ ਜੀ ਨਾਲ ਹੋਈ। ਉਦੈ ਸਿੰਘ ਤੇ ਸ਼ੇਰ ਸਿੰਘ ਨਾਮ ਪੁਲਿਸ ਦੀਆਂ ਨਜਰਾਂ ਵਿੱਚ ਆ ਚੁੱਕੇ ਸੀ। ਇਹਨਾਂ ਨਾਵਾਂ ਤੇ ਪਾਸਪੋਰਟ ਜਾਰੀ ਨਹੀਂ ਸੀ ਹੋ ਸਕਦਾ।ਇੰਝ ਉਹ ਊਧਮ ਸਿੰਘ ਦੇ ਨਾਂ `ਤੇ ਲਾਹੌਰ ਤੋਂ ਪਾਸਪੋਰਟ ਬਣਾਉਣ ਵਿੱਚ ਕਾਮਯਾਬ ਹੋ ਗਿਆ।ਜਿਸ ਦੇ ਸਹਾਰੇ ਉਹ ਜਾਲਮ ‘‘ਮਾਈਕਲ ੳਡਵਾਇਰ’’ ਦਾ ਪਿੱਛਾ ਕਰਦਾ ਲੰਡਨ ਪਹੁੰਚਣ ਵਿੱਚ ਕਾਮਯਾਬ ਹੋ ਗਿਆ। ਲੰਡਨ ਉਹ 1934 ਦੇ ਆਰੰਭ ਵਿੱਚ ਪਹੁੰਚ ਗਿਆ। ਦੂਜੇ ਵਿਸ਼ਵ ਯੁੱਧ ਤੋਂ ਪਿੱਛੋਂ ਜਰਮਨੀ ਲੰਡਨ ਦਾ ਕੱਟੜ ਵਿਰੋਧੀ ਹੋ ਗਿਆ ਸੀ। 1938 ਵਿੱਚ ਉਹ ਵਾਪਿਸ ਲੰਡਨ ਆ ਗਿਆ ਸੀ। ਇਹ ਯਾਤਰਾ ਉਸ ਨੇ ਭਾਰਤੀ ਆਜ਼ਾਦੀ ਲਈ ਲੰਡਨ ਵਿਰੋਧੀ ਦੇਸ਼ਾਂ ਤੋਂ ਜਾਣਕਾਰੀ ਹਾਸਿਲ ਕਰਨ ਲਈ ਕੀਤੀ। ਸਮੇਂ ਸਮੇਂ ਤੇ ਉਹ ਆਪਣੀ ਸ਼ਕਲ ਅਤੇ ਨਾਮ ਵੀ ਬਦਲ ਲੈਂਦਾ, ਜਿਵੇਂ ਸਿਬਦੂ ਸਿੰਘ, ਯੂ. ਐਸ. ਏ ਸਿੱਧੂ, ਊਧਨ ਸਿੰਘ, ਆਜ਼ਾਦ ਮਹੁੰਮਦ, ਰਾਮ ਮਹੁੰਮਦ ਇਹਨਾਂ ਨਾਵਾਂ ਨੂੰ ਬਦਲਣਾ ਉਸ ਦੀ ਸਿਆਣਪ ਵੀ ਸੀ ਸਮਝਦਾਰੀ ਵੀ।
ਲੰਦਨ ਰਹਿੰਦੇ 13 ਮਾਰਚ 1940 ਨੂੰ ਊਧਮ ਸਿੰਘ ਨੀਲਾ ਧਾਰੀਦਾਰ ਕੋਟ, ਹੈਟ ਪਹਿਨ ਕੇ ਬੜੀ ਹੁਸ਼ਿਆਰੀ ਨਾਲ ਛੇ ਗੋਲੀ ਦਾ ਰਿਵਾਲਵਰ ਇੱਕ ਮੋਟੀ ਕਿਤਾਬ ਵਿੱਖ ਛੁਪਾ ਕੇ ਕੈਕਸਟਨ ਹਾਲ ਦੇ ਅੰਦਰ ਦਾਖਿਲ ਹੋ ਗਿਆ।ਮਿੱਥੇ ਸਮੇਂ ਤੇ ਮੀਟਿੰਗ ਸ਼ੁਰੂ ਹੋ ਗਈ ਵੱਖ-ਵੱਖ ਅੰਗਰੇਜ਼ ਆਪਣੀਆਂ ਤਕਰੀਰਾਂ ਸੁਣਾ ਰਹੇ ਸੀ, ਜਿਉਂ ਹੀ ‘ਮਾਈਕਲ ੳਡਵਾਇਰ’ ਸਟੇਜ `ਤੇ ਬੋਲਿਆ ਤਾਂ ਭਾਰਤ ਮਾਤਾ ਦੇ ਇਸ ਕੌਮੀ ਪਰਵਾਨੇ ਦਾ ‘ਰੋਹ ਪ੍ਰਚੰਡ’ ਹੋ ਗਿਆ। ਉਸ ਨੂੰ ਭਾਰਤ ਮਾਤਾ ‘‘ਗੁਲਾਮੀ ਦੀਆਂ ਜੰਜ਼ੀਰਾਂ’’ ਵਿੱਚ ਜਕੜੀ ਨਜ਼ਰ ਆਈ, ਜਲ੍ਹਿਆਂ ਵਾਲੇ ਬਾਗ ਦਾ ਖੂਨੀ ਨਕਸ਼ਾ ਉਸ ਦੀਆਂ ਅੱਖਾਂ ਅੱਗੇ ਘੁੰਮਣ ਲੱਗਿਆ। ਜਿਉਂ ਹੀ ‘‘ਮਾਈਕਲ ੳਡਵਾਇਰ’’ ਬੋਲਿਆ ਕਿ ਮੈਂ ਭਾਰਤੀਆਂ ਨੂੰ ਸਬਕ ਸਿਖਾ ਕੇ ਆਇਆ ਹਾਂ। ਇਕ ਵਾਰ ਫਿਰ ਮੈਨੂੰ ਭਾਰਤ ਭੇਜਿਆ ਜਾਏ ਤਾਂ ਊਧਮ ਸਿੰਘ ਪੰਜਾਬੀ ਸ਼ੇਰ ਉਸ ਦੇ ਸਾਹਮਣੇ ਕਾਲ ਬਣ ਖਲੋ ਗਿਆ, `ਕਿ ਦੇਖ ਭਾਰਤੀ ਅਜੇ ਮਰੇ ਨੀ ਜਿਉਂਦੇ ਨੇ` ਉਹਨੇ ਕਿਤਾਬ ਵਿੱਚ ਲਕੋਇਆ ਰਿਵਾਲਵਰ ਕੱਢ’’ ਤਾੜ-ਤਾੜ ਕਰਕੇ ਦੋ ਗੋਲੀਆਂ ਮਾਈਕਲ ੳਡਵਾਇਰ ਦੀ ਛਾਤੀ ’ਚ ਦਾਗ ਦਿੱਤੀਆ ਤੇ ਉਸ ਨੂੰ ਥਾਂ ਤੇ ਹੀ ਢੇਰ ਕਰ ਦਿੱਤਾ, ਦੋ ਗੋਲੀਆਂ ਲਾਰਡ ਮਲਿੰਗਟਨ ਦੇ ਖੱਬੀ ਵੱਖੀ ਦੇ ਅਗਲੇ ਹਿੱਸੇ ਵਿੱਚ ਲੱਗੀਆਂ, ਇਕ ਗੋਲੀ ਲੁਈਸ ਡੇਨ ਦੇ ਸੱਜੇ ਹੱਥ ਵਿੱਚ ਲੱਗੀ ਇਕ ਗੋਲੀ ‘ਲਾਰਡ ਜੈਟਲੈਂਡ ਦੇ ਲੱਗੀ। ਚਾਹੁੰਦਾ ਤਾਂ ਉਹ ਆਸਾਨੀ ਨਾਲ ਮੱਚੀ ਅਫਰਾ-ਤਫਰੀ ’ਚ ਭੱਜ ਸਕਦਾ ਸੀ, ਪਰ ਉਸ ਨੇ ਭਗਤ ਸਿੰਘ ਹੁਰਾਂ ਵਾਂਗ ‘‘ਇਨਕਲਾਬ ਜਿੰਦਾਬਾਦ’’ ਦੇ ਨਾਅਰੇ ਲਾ ਆਪਣੇ ਆਪ ਨੂੰ ਪੁਲਿਸ ਹਵਾਲੇ ਕਰ ਦਿੱਤਾ।ਇਸ ਘਟਨਾ ਤੋਂ ਪਿੱਛੋਂ ਭਾਰਤੀਆਂ ਤੇ ਤਿੰਨ ਸੌ ਸਾਲ ਤੋਂ ਰਾਜ ਕਰਦੀ ਆਉਂਦੀ ਅੰਗਰੇਜ਼ੀ ਸਰਕਾਰ ਨੂੰ ਕੇਵਲ ਸੱਤ ਸਾਲ ਮਗਰੋਂ ਹੀ ਭਾਰਤ ਛੱਡ ਕੇ ਵਾਪਿਸ ਜਾਣਾ ਪਿਆ। 14 ਮਾਰਚ 1940 ਨੂੰ ਊਧਮ ਸਿੰਘ ਨੂੰ ਗਿ੍ਰਫਤਾਰ ਕਰਕੇ ਬਰਿਕਸਟ ਜੇਲ੍ਹ ਭੇਜ ਦਿੱਤਾ ਗਿਆ। 21 ਅਤੇ 22 ਮਾਰਚ ਨੂੰ ਪੁਲਿਸ ਰਿਮਾਂਡ ’ਚ ਉਸ ਦਾ ਕੇਸ ਓਲਡ ਬੈਲੇ ਦੇ ਕਰੀਮੀਨਲ ਕੋਰਟ ਵਿੱਚ ਤਬਦੀਲ ਕਰ ਦਿੱਤਾ ਗਿਆ।
ਅੰਤ 31 ਜੁਲਾਈ 1940 ਨੂੰ ਭਾਰਤ ਮਾਤਾ ਦੇ ਇਸ ਪੰਜਾਬੀ ਸਪੂਤ ਨੂੰ ਲੰਦਨ ਦੀ ਪੈਟਨਵਿਲ ਜੇਲ੍ਹ ਵਿਚ ਸਵੇਰੇ 9:30 ਵਜੇ ਦਿਨ ਬੁੱਧਵਾਰ ਨੂੰ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ।
ਭਾਰਤੀਆਂ ਦੀ ਪਰਜੋਰ ਮੰਗ ਗਿਆਨੀ ਜੈਲ ਸਿੰਘ, ਮੁੱਖ ਮੰਤਰੀ ਪੰਜਾਬ, ਸਾਧੂ ਸਿੰਘ ਕੰਬੋਜ ਅਤੇ ਪੰਜਾਬ ਸਰਕਾਰ ਦੀ ਮਦਦ ਨਾਲ 19 ਜੁਲਾਈ 1974 ਨੂੰ ਲੰਦਨ ਦੀ ਪੈਟਨਵਿਲੇ ਜੇਲ੍ਹ ’ਚ ਉਸ ਦੇ ਮ੍ਰਿਤਕ ਸਰੀਰ ਦੀਆਂ ਜੋ ਹੱਡੀਆਂ ਦੇ ਢਾਂਚੇ ਦੇ ਰੂਪ ਵਿੱਚ ਹੀ ਸੀ ਹਵਾਈ ਜਹਾਜ਼ ਰਾਹੀਂ ਦਿੱਲੀ ਦੇ ਪਲਾਮ ਹਵਾਈ ਅੱਡੇ ਤੋਂ ਬੱਸ ਰਾਹੀਂ ਵੱਖ ਵੱਖ ਸ਼ਹਿਰਾਂ ’ਚ ਦੀ ਸੁਨਾਮ ਲਿਆਂਦਾ ਗਿਆ। ਜਿਥੇ 31 ਜੁਲਾਈ 1974 ਨੂੰ ਚੰਦਨ ਦੀ ਚਿਖਾ ਚਿਣ ਕੇ ਉਸ ਦਾ ਦਾਹ ਸੰਸਕਾਰ ਕੀਤਾ ਗਿਆ। ਸ਼ਹੀਦ ਊਧਮ ਸਿੰਘ ਦੀ ਦੇਸ਼ ਲਈ ਕੀਤੀ ਮਹਾਨ ਕੁਰਬਾਨੀ ਸਦੀਆਂ ਤੱਕ ਯਾਦ ਕੀਤੀ ਜਾਵੇਗੀ।ਉਸ ਮਹਾਨ ਸ਼ਹੀਦ ਨੂੰ ਯਾਦ ਕਰ ਜਿੱਥੇ ਸਾਡਾ ਮਨ ਮਾਣ ਸਤਿਕਾਰ ਨਾਲ ਭਰ ਜਾਂਦਾ ਹੈ, ਉਥੇ ਹੀ ਸਾਡਾ ਸਿਰ ਸ਼ਰਧਾ ਨਾਲ ਝੁਕ ਜਾਂਦਾ ਹੈ।
ਜਸਬੀਰ ਸਿੰਘ ਦੱਧਾਹੂਰ
ਪਿੰਡ ਤੇ ਡਾ.- ਦੱਧਾਹੂਰ,
ਤਹਿ. ਰਾਏਕੋਟ, ਜਿਲ੍ਹਾ ਲੁਧਿਆਣਾ
ਮੋ: 98156-88236