ਭੀਖੀ, 10 ਅਗਸਤ (ਪੰਜਾਬ ਪੋਸਟ – ਕਮਲ ਜਿੰਦਲ) – ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ 1 ਤੋਂ 31 ਅਗਸਤ ਤੱਕ ਚੱਲ ਰਹੇ ਸਵੱਛਤਾ ਸਰਵੇਖਣ ਗ੍ਰਾਮੀਣ-2018 ਸਬੰਧੀ ਅੱਜ ਵੱਖ-ਵੱਖ ਵਿਭਾਗਾਂ ਨਾਲ ਸਮੀਖਿਆ ਮੀਟਿੰਗ ਕੀਤੀ। ਵਧੀਆ ਸਕੂਲਾਂ, ਆਂਗਨਵਾੜੀ ਕੇਂਦਰਾਂ, ਸਿਹਤ ਕੇਂਦਰਾਂ, ਬਾਜ਼ਾਰਾਂ, ਪੰਚਾਇਤਾਂ, ਧਾਰਮਿਕ ਅਸਥਾਨਾਂ, ਜ਼ਿਲ੍ਹਾ ਪੱਧਰੀ ਜਨਤਕ ਥਾਵਾਂ ਤੇ ਸਫ਼ਾਈ ਤੇ ਬੁਨਿਆਦੀ ਵਿਕਾਸ ਪ੍ਰਤੀ ਨਾਗਰਿਕਾਂ ਦੇ ਸੁਝਾਵਾਂ `ਤੇ ਆਧਾਰਤ ਇਸ ਸਵੱਛ ਪਿੰਡ ਮੁਹਿੰਮ ਸਬੰਧੀ ਉਨ੍ਹਾਂ ਅਧਿਕਾਰੀਆਂ ਦੀਆਂ ਲਾਈਆਂ ਗਈਆਂ ਡਿਊਟੀਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਲਈ।
ਡਿਪਟੀ ਕਮਿਸ਼ਨਰ ਨੂੰ ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਲਾਲ ਚੰਦ ਠੁਕਰਾਲ ਨੇ ਜਾਣੂ ਕਰਵਾਇਆ ਕਿ ਜ਼ਿਲ੍ਹੇ ਦੇ ਹਸਪਤਾਲਾਂ ਅਤੇ ਡਿਸਪੈਂਸਰੀਆਂ ਵਿੱਚ ਬਾਇਉ ਮੈਡੀਕਲ ਵੇਸਟ ਦਾ ਸੁਚੱਜਾ ਪ੍ਰਬੰਧਨ ਯਕੀਨੀ ਬਣਾ ਲਿਆ ਗਿਆ ਹੈ।ਇਸੇ ਤਰ੍ਹਾਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਕੂਲਾਂ ਅਤੇ ਆਂਗਨਵਾੜੀ ਕੇਂਦਰਾਂ ਦੀ ਸਾਫ਼-ਸਫ਼ਾਈ ਕਰਵਾ ਲਈ ਗਈ ਹੈ।
ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਸ ਵਿੱਚ ਵਿਚਾਰ-ਵਟਾਂਦਰਾ ਕਰਕੇ ਜ਼ਿਲ੍ਹੇ ਵਿੱਚੋਂ 5-5 ਵਧੀਆ ਅਦਾਰੇ, ਆਸ਼ਾ ਵਰਕਰਾਂ, ਆਂਗਨਵਾੜੀ ਕੇਂਦਰਾਂ, ਸਕੂਲਾਂ ਅਤੇ ਪਿੰਡਾਂ ਆਦਿ ਦੀਆਂ ਸੂਚੀਆਂ ਭੇਜਣ।ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਸਫ਼ਾਈ ਮਾਪਦੰਡਾਂ `ਤੇ ਖ਼ਰੇ ਉਤਰਨ ਵਾਲੇ ਪਿੰਡ, ਸਕੂਲ, ਆਂਗਨਵਾੜੀ ਤੇ ਸਿਹਤ ਕੇਂਦਰ ਅਤੇ ਸਵੱਛਤਾ ਚੈਂਪੀਅਨਾਂ ਨੂੰ ਵਿਸ਼ੇਸ ਵਿੱਤੀ ਸਨਮਾਨ 2 ਅਕਤੂਬਰ, 2018 ਨੂੰ ਦਿੱਤੇ ਜਾਣਗੇ। ਉਨ੍ਹਾਂ ਦ੍ਰਿੜ੍ਹ ਨਿਸ਼ਚੇ ਨਾਲ ਕਿਹਾ ਕਿ ਸਰਕਾਰ ਦੇ ਇਸ ਸਵੱਛਤਾ ਸਰਵੇਖਣ ਵਿੱਚ ਮਾਨਸਾ ਜ਼ਿਲ੍ਹਾ ਵੱਧ-ਚੜ੍ਹ ਕੇ ਹਿੱਸਾ ਪਾਏਗਾ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਮੀਤ ਸਿੰਘ ਸਿੱਧੂ, ਜ਼ਿਲ੍ਹਾ ਪੰਚਾਇਤ ਤੇ ਵਿਕਾਸ ਅਫ਼ਸਰ ਦਿਨੇਸ਼ ਵਸ਼ਿਸ਼ਟ ਅਤੇ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …