ਨਵੀਂ ਦਿੱਲੀ, 21 ਅਗਸਤ (ਅੰਮ੍ਰਿਤ ਲਾਲ ਮੰਨਣ)- ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਅਤੇ ਪੰਜਾਬੀ ਦੇ ਜਾਣੇ ਪਛਾਣੇ ਸਾਹਿਤ-ਚਿੰਤਕ ਤੇ ਸਭਿਆਚਾਰ-ਕਰਮੀ ਡਾ. ਮਨਜੀਤ ਸਿੰਘ ਨੂੰ ਦਿੱਲੀ ਯੂਨੀਵਰਸਿਟੀ ਨੇ ਉਨ੍ਹਾਂ ਦੀ ਕਾਰਜ ਕੁਸ਼ਲਤਾ ਤੇ ਯੋਗਤਾ ਨੂੰ ਧਿਆਨ ਵਿੱਚ ਰੱਖਦਿਆਂ, ਪੰਜਾਬੀ ਦੇ ਪ੍ਰੋਫ਼ੈਸਰ ਵਜੋਂ ਸੇਵਾ ਨਿਭਾਉਣ ਦੀ ਜਿੰਮੇਵਾਰੀ ਸੌਂਪੀ ਹੈ। ਕੁਝ ਤਕਨੀਕੀ ਕਾਰਨਾਂ ਕਰਕੇ ਉਨ੍ਹਾਂ ਦੀ ਇਹ ਪ੍ਰਮੋਸ਼ਨ ਰਤਾ ਕੁ ਪੱਛੜ ਗਈ ਸੀ, ਹੁਣ ਯੂਨੀਵਰਸਿਟੀ ਗਰਾਂਟ ਕਮਿਸ਼ਨ ਨੇ ਉਨ੍ਹਾਂ ਦੀ ਇਸ ਤਰੱਕੀ ਨੂੰ ਸਾਲ 2003 ਤੋਂ ਮਾਨਤਾ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸੰਬੰਧ ਵਿੱਚ ਦਿੱਲੀ ਯੂਨੀਵਰਸਿਟੀ ਵੱਲੋਂ ਲੋੜੀਂਦਾ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਅਤੇ ਆਪ ਨੇ ਇਸ ਜਿੰਮੇਵਾਰੀ ਨੂੰ ਖਿੱੜੇ ਮੱਥੇ ਸਵੀਕਾਰ ਕਰ ਲਿਆ ਹੈ। ਜਿਕਰਯੋਗ ਹੈ ਕਿ ਡਾ. ਮਨਜੀਤ ਸਿੰਘ ਸਾਲ 2009 ਤੋਂ ਲਗਾਤਾਰ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਵਜੋਂ ਅਹਿਮ ਭੂਮਿਕਾ ਨਿਭਾ ਰਹੇ ਹਨ। ਉਹ ਇਸ ਵਿਭਾਗ ਦੇ ਪਹਿਲੇ ਅਧਿਆਪਕ ਹਨ ਜਿਨ੍ਹਾਂ ਨੂੰ ਯੂਨੀਵਰਸਿਟੀ ਵੱਲੋਂ ਨਿਰੰਤਰਤਾ ਵਿੱਚ ਦੂਸਰੀ ਵਾਰ ਵਿਭਾਗ ਦੇ ਮੁਖੀ ਵਜੋਂ ਇਹ ਜਿੰਮੇਵਾਰੀ ਸੌਂਪੀ ਗਈ ਹੈ। ਪਿੱਛਲੇ ਸਾਢੇ ਪੰਜ ਕੁ ਵਰ੍ਹਿਆਂ ਤੋਂ ਉਹ ਇਸ ਸੇਵਾ ਨੂੰ ਬਾਖ਼ੂਬੀ ਨਿਭਾ ਰਹੇ ਹਨ। ਆਪਣੇ ਇਸ ਕਾਰਜਕਾਲ ਦੌਰਾਨ ਉਨ੍ਹਾਂ ਨੇ ਇਤਿਹਾਸਕ ਮਹੱਤਵ ਵਾਲੀਆਂ ਉਪਲਬਧੀਆਂ ਹਾਸਲ ਕੀਤੀਆਂ, ਜਿਨ੍ਹਾਂ ਦੀ ਚਰਚਾ ਭਿੰਨ ਭਿੰਨ ਸਾਹਿਤਕ ਅਦਾਰਿਆਂ ਵਿੱਚ ਅਕਸਰ ਕੀਤੀ ਜਾਂਦੀ ਹੈ। ਇਹ ਵਿਭਾਗ ਪਿੱਛਲੇ ਕੁਝ ਵਰ੍ਹਿਆਂ ਤੋਂ ਅਧਿਆਪਕਾਂ ਦੀ ਕਮੀਂ ਕਰਕੇ, ਆਪਣੇ ਪੂਰਵ ਨਿਸਚਿਤ ਮਿਸ਼ਨ ਤੋਂ ਰਤਾ ਕੁ ਪੱਛੜਿਆ ਨਜਰ ਆ ਰਿਹਾ ਸੀ, ਪਰ ਇਹਨਾਂ ਦੀ ਲਗਨ ਅਤੇ ਮਿਹਨਤ ਸਦਕਾ ਇਹ ਵਿਭਾਗ ਮੁੜ ਬੁਲੰਦੀਆਂ ਵੱਲ ਵਧਣ ਲਗਿਆ। ਵੇਖਦੇ ਵੇਖਦੇ ਯੂਨੀਵਰਸਿਟੀ ਵੱਲੋਂ ਵਿਭਾਗ ਦੇ ਸਾਰੇ ਅਧਿਆਪਕਾਂ ਦੀਆਂ ਰੁਕੀਆਂ ਹੋਈਆਂ ਤਰੱਕੀਆਂ ਸੰਪੰਨ ਹੋਈਆਂ ਅਤੇ ਨਵੇਂ ਅਧਿਆਪਕਾਂ ਦੀਆਂ ਨਿਯੁਕਤੀਆਂ ਨੂੰ ਅਮਲੀ ਜਾਮਾ ਪਹਿਨਾਇਆ ਗਿਆ। ਨਤੀਜੇ ਵਜੋਂ ਇਸ ਵਿਭਾਗ ਵਿੱਚ ਅਧਿਆਪਕਾਂ ਦੀ ਗਿਣਤੀ ਤਿੰਨ ਤੋਂ ਵੱਧ ਕੇ ਨੌਂ ਹੋ ਗਈ ਹੈ। ਪੁੱਛਗਿੱਛ ਕਰਨ ਤੇ ਪਤਾ ਚਲਿਆ ਹੈ ਕਿ ਇਸ ਵਿਭਾਗ ਵਿੱਚ ਕਦੇ ਵੀ ਇਤਨੇ ਅਧਿਆਪਕਾਂ ਦੀ ਗਿਣਤੀ ਨਹੀਂ ਹੋਈ। ਭਿੰਨ ਭਿੰਨ ਸਾਹਿਤਕ ਅਦਾਰਿਆਂ ਵੱਲੋਂ ਯੂਨੀਵਰਸਿਟੀ ਦੇ ਇਸ ਜੈਸ਼ਚਰ ਦੀ ਪ੍ਰਸੰਸਾ ਕੀਤੀ ਗਈ ਹੈ ਅਤੇ ਡਾ. ਮਨਜੀਤ ਸਿੰਘ ਦੀ ਇਸ ਕਾਰਜ ਵਿੱਚ ਨਿਭਾਈ ਗਈ ਅਹਿਮ ਭੂਮਿਕਾ ਨੂੰ ਸਲਾਹਿਆ ਗਿਆ ਹੈ।
ਜਿਕਰਯੋਗ ਹੈ ਕਿ ਡਾ. ਮਨਜੀਤ ਸਿੰਘ ਪਿੱਛਲੇ ਚਾਲ੍ਹੀ ਕੁ ਵਰ੍ਹਿਆਂ ਤੋਂ ਨਿਰੰਤਰ ਪੰਜਾਬੀ ਮਾਂ-ਬੋਲੀ ਦੇ ਬਹੁਪੱਖੀ ਪ੍ਰਚਾਰ ਤੇ ਪ੍ਰਸਾਰ ਦੇ ਕਾਰਜਾਂ ਵਿੱਚ ਜੁੱਟੇ ਹੋਏ ਹਨ। ਕੇਂਦਰੀ ਪੰਜਾਬੀ ਸਾਹਿਤ ਸੰਮੇਲਨ ਦੇ ਪ੍ਰਧਾਨ ਹੋਣ ਦੇ ਨਾਤੇ ਅਤੇ ਦਿੱਲੀ ਦੀਆਂ ਭਿੰਨ ਭਿੰਨ ਸਾਹਿਤਕ ਤੇ ਅਕਾਦਮਕ ਸੰਸਥਾਵਾਂ ਨਾਲ ਜੁੜੇ ਹੋਣ ਕਰਕੇ, ਉਹ ਇਸ ਕਾਰਜ ਨੂੰ ਨਿਰੰਤਰ ਬਾਖ਼ੂਬੀ ਨਿਭਾਉਂਦੇ ਆ ਰਹੇ ਹਨ। ਸਾਹਿਤ-ਚਿੰਤਨ ਦੇ ਖੇਤਰ ਵਿੱਚ ਹੁਣ ਤੱਕ ਉਨ੍ਹਾਂ ਦੀਆਂ ਚਾਲ੍ਹੀ ਦੇ ਕਰੀਬ ਮੌਲਿਕ ਤੇ ਸੰਪਾਦਿਤ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਉਨ੍ਹਾਂ ਦੀਆਂ ਇਹਨਾਂ ਲਾਸਾਨੀ ਸਾਹਿਤਕ, ਅਕਾਦਮਕ ਤੇ ਸਭਿਆਚਾਰਕ ਸਰਗਰਮੀਆਂ ਦੇ ਇਵ॥ ਵਿੱਚ, ਭਿੰਨ ਭਿੰਨ ਸਰਕਾਰੀ ਤੇ ਗੈਰ-ਸਰਕਾਰੀ ਸੰਸਥਾਵਾਂ ਤੇ ਅਦਾਰਿਆਂ ਵੱਲੋਂ ਬੇਅੰਤ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਇਨਾਮਾਂ ਨਾਲ ਆਪ ਨੂੰ ਸਨਮਾਨਿਆ ਜਾ ਚੁੱਕਿਆ ਹੈ। ਪੰਜਾਬੀ ਸਾਹਿਤ-ਚਿੰਤਨ ਦੇ ਖੇਤਰ ਵਿੱਚ ਉਨ੍ਹਾਂ ਨੇ ਆਪਣੀ ਖੋਜ ਪੁਸਤਕ ‘ਜਨਮਸਾਖੀ/ਮਿੱਥ-ਵਿਗਿਆਨ’ ਨਾਲ ਪ੍ਰਵੇਸ਼ ਕੀਤਾ ਅਤੇ ਵੇਖਦੇ ਵੇਖਦੇ ਉਹ ਇੱਕ ਮਿੱਥ-ਵਿਗਿਆਨੀ ਦੇ ਰੂਪ ਵਿੱਚ ਭਰਪੂਰ ਚਰਚਾ ਦਾ ਵਿਸ਼ਾ ਬਣ ਗਏ। ਇਸ ਮਗਰੋਂ ਉਨ੍ਹਾਂ ਦਾ ਸਾਹਿਤ-ਚਿੰਤਨ ਭਿੰਨ ਭਿੰਨ ਦਿਸ਼ਾਵਾਂ ਤੇ ਆਯਾਮਾਂ ਵਿੱਚ ਵਿਕਸਤ ਹੋਇਆ ਹੈ।ਇਸ ਤੋਂ ਛੁੱਟ, ਡਾ. ਮਨਜੀਤ ਸਿੰਘ ਨੇ ਕਈ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਸੈਮੀਨਾਰਾਂ-ਕਾਨਫਰੰਸਾਂ ਵਿੱਚ ਭਾਗ ਲੈ ਕੇ, ਪੰਜਾਬੀ ਮਾਂ-ਬੋਲੀ ਦੇ ਗੌਰਵ ਨੂੰ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇੰਗਲਂਡ ਦੀ ਕਾਨਫਰੰਸ ਵਿੱਚ ਵਿਸ਼ਵੀਕਰਨ ਅਤੇ ਸਾਹਿਤਕ ਪ੍ਰਤੀਉੱਤਰ ਵਿਸ਼ੇ ਉਪਰ ਖੋਜ-ਪੱਤਰ ਪੜ੍ਹ ਕੇ ਉਨ੍ਹਾਂ ਨੇ ਖ਼ੂਬ ਪ੍ਰਸ਼ੰਸਾ ਹਾਸਿਲ ਕੀਤੀ। ਬੀਤੇ ਦਿਨੀਂ ਸਾਊਥ ਕੋਰੀਆ ਦੀ ਸੰਸਥਾ ਇੰਟਰਨੈਸ਼ਨਲ ਅਲਫ਼ਾਬੈੱਟ ਓਲੰਪਿਕਸ ਵੱਲੋਂ ਬਂਕਾਕ ਵਿਖੇ ਆਯੋਜਿਤ ਕੀਤੀ ਗਈ ਅੰਤਰ-ਰਾਸ਼ਟਰੀ ਕਾਨਫਰੰਸ ਵਿੱਚ ਡਾ. ਮਨਜੀਤ ਸਿੰਘ ਨੇ ਗੁਰਮੁਖੀ ਲਿਪੀ ਦੇ ਨਿਕਾਸ, ਵਿਕਾਸ, ਇਤਿਹਾਸ ਅਤੇ ਵਿਸ਼ੇਸ਼ਤਾਵਾਂ ਉਪਰ ਖੋਜ-ਪੱਤਰ ਪੇਸ਼ ਕਰਕੇ ਖ਼ੂਬ ਵਾਹ ਵਾਹ ਖੱਟੀ। ਜਿਕਰਯੋਗ ਹੈ ਕਿ ਇਸ ਕਾਨਫਰੰਸ ਵਿੱਚ ਵੀਹ ਤੋਂ ਉਪਰ ਦੇਸ਼ਾਂ ਦੇ ਭਿੰਨ ਭਿੰਨ ਲਿਪੀਆਂ ਦੇ ਵਿਸ਼ਵ ਪ੍ਰਸਿੱਧੀ ਪ੍ਰਾਪਤ ਵਿਦਵਾਨ ਸ਼ਾਮਲ ਹੋਏ। ਡਾ. ਸਾਹਿਬ ਦੇ ਖੋਜ-ਪੱਤਰ ਦੀ ਇਸ ਕਦਰ ਪ੍ਰਸੰਸਾ ਹੋਈ ਕਿ ਇਸੇ ਸੰਸਥਾ ਵੱਲੋਂ ਨੇੜਲੇ ਭਵਿੱਖ ਵਿੱਚ ਆਯੋਜਿਤ ਕੀਤੀ ਜਾਣ ਵਾਲੀ ਅੰਤਰ-ਰਾਸ਼ਟਰੀ ਕਾਨਫਰੰਸ ਵਿੱਚ ਉਨ੍ਹਾਂ ਨੂੰ ਮੁੜ ਸ਼ਾਮਲ ਹੋਣ ਦਾ ਮਾਣ ਹਾਸਿਲ ਹੋਇਆ ਹੈ।
ਡਾ. ਮਨਜੀਤ ਸਿੰਘ ਜਿੱਥੇ ਆਪ ਪੂਰੀ ਸਮਰਪਤ ਭਾਵਨਾ ਨਾਲ ਇਹਨਾਂ ਸਾਹਿਤਕ ਤੇ ਅਕਾਦਮਕ ਕਾਰਜਾਂ ਵਿੱਚ ਆਪਣਾ ਯੋਗਦਾਨ ਪਾਉਂਦੇ ਆ ਰਹੇ ਹਨ ਉਥੇ ਨਵੇਂ ਉਭਰ ਰਹੇ ਲੇਖਕਾਂ ਤੇ ਕਲਾਕਾਰਾਂ ਨੂੰ ਉਤਸਾਹਿਤ ਕਰਨ ਵਿੱਚ ਅਕਸਰ ਉਦਮਸ਼ੀਲ ਹੋਏ ਨ॥ਰ ਆਉਂਦੇ ਹਨ। ਦਿੱਲੀ ਵਿਖੇ ਗੈਰ-ਸਰਕਾਰੀ ਸੰਸਥਾਵਾਂ ਵਿੱਚ ਲਾਇਬ੍ਰੇਰੀਆਂ ਸਥਾਪਤ ਕਰਨ ਵਿੱਚ ਵੀ ਉਨ੍ਹਾਂ ਦਾ ਯੋਗਦਾਨ ਹਰ ਪੱਖੋਂ ਸਲਾਹੁਣਯੋਗ ਹੈ। ਦਿੱਲੀ ਸਕੂਲ ਆਫ਼ ਪੰਜਾਬੀ ਕ੍ਰਿਟੀਸਿਜਮ ਦੇ ਸੰਸਥਾਪਕ ਡਾ. ਹਰਭਜਨ ਸਿੰਘ ਦੇ ਵਿਦਿਆਰਥੀ ਹੋਣ ਦਾ ਮਾਣ ਉਨ੍ਹਾਂ ਨੂੰ ਹਾਸਿਲ ਹੈ ਅਤੇ ਉਹ ਇਸ ਸਕੂਲ ਦੇ ਗੌਰਵ ਨੂੰ ਮੁੜ ਸੁਰਜੀਤ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਭਿੰਨ ਭਿੰਨ ਅਧਿਆਪਕਾਂ, ਲੇਖਕਾਂ, ਪੱਤਰਕਾਰਾਂ ਅਤੇ ਕਲਾਕਾਰਾਂ ਵੱਲੋਂ ਡਾ. ਮਨਜੀਤ ਸਿੰਘ ਨੂੰ ਪ੍ਰੋਫ਼ੈਸਰ ਦੀ ਪਦਵੀ ਹਾਸਲ ਹੋਣ ਕਰਕੇ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ ਪੁਰਬ ਮਨਾਉਣ ਲਈ ਜਥਾ ਭਲਕੇ 14 ਨਵੰਬਰ ਨੂੰ ਪਾਕਿਸਤਾਨ ਜਾਵੇਗਾ
ਅੰਮ੍ਰਿਤਸਰ, 13 ਨਵੰਬਰ (ਜਗਦੀਪ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਸ੍ਰੀ ਗੁਰੂ ਨਾਨਕ …