Sunday, December 22, 2024

ਕੀਮਤੀ ਜਾਨਾਂ ਬਨਾਮ ਚਾਈਨਾ ਡੋਰ

                  ਜਦੋਂ ਵੀ ਹਰ ਸਾਲ ਸਿਆਲ ਦਾ ਮੌਸਮ ਆਉਂਦਾ ਹੈ ਤਾਂ ਪਤੰਗ ਉਡਾਉਣ ਦੇ ਸ਼ੌਕੀਨ ਖੁੱਸ਼ ਹੋ ਜਾਂਦੇ ਹਨ।ਪਰ ਪਿਛਲੇ ਕੁੱਝ ਸਮੇਂ ਤੋਂ ਪਤੰਗਬਾਜ਼ੀ ਕਾਰਨ ਕੀਮਤੀ ਜਾਨਾਂ ਜਾਣ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਪਹਿਲੋਂ ਜਦੋਂ ਕੋਈ ਵੀ ਬੱਚਾ ਜਾਂ ਵੱਡਾ ਪਤੰਗ ਉਡਾਉਂਦਾ ਸੀ, ਉਹ ਬੇਧਿਆਨੀ ਵਿੱਚ ਮਕਾਨ ਦੀ ਛੱਤ ਜਾਂ ਕਿਸੇ ਹੋਰ ਉਚੀ ਥਾਂ ਤੋਂ ਡਿੱਗ ਕੇ ਜਖ਼ਮੀ ਹੁੰਦਾ ਜਾਂ ਜਾਨ ਗਵਾਉਂਦਾ।ਕੁੱਝ ਕੇਸ ਬਿਜਲਈ ਤਾਰਾਂ ਨਾਲ ਟਕਰਾ ਕੇ ਕਰੰਟ ਲੱਗਣ ਦੇ ਵੀ ਸਾਹਮਣੇ ਆਏ।ਪਰ ਹੁਣ ਪਤੰਗਾਂ ਉਡਾਉਣ ਵਾਲੀ ਚੀਨੀ ਡੋਰ ਹੀ ਕਈ ਜਗਾ `ਤੇ ਮੌਤਾਂ ਦਾ ਕਾਰਨ ਬਣਦੀ ਜਾ ਰਹੀ ਹੈ।ਨਿੱਤ ਨਵੇਂ ਤੋਂ ਨਵੇਂ ਕੇਸ ਸਾਹਮਣੇ ਆ ਰਹੇ ਹਨ ਤੇ ਇਨਸਾਨੀਅਤ ਦੇ ਪੂਜਕ ਲੋਕ ਇਸ ਕਾਰੇ ਪ੍ਰਤੀ ਚਿੰਤਤ ਹਨ, ਪਰ ਕੋਈ ਪੇਸ਼ ਨਹੀਂ ਜਾਂਦੀ।
                    ਇਸ ਵਿੱਚ ਕੋਈ ਸ਼ੱਕ ਨਹੀਂ ਕਿ ਚੀਨੀ ਦੇਸ਼ ਦੇ ਚੀਨੀਆਂ ਨੇ ਅੱਜ ਹਰ ਪਾਸੇ ਹਰ ਖੇਤਰ ਵਿੱਚ ਵੱਡੀਆਂ ਮੱਲਾਂ ਮਾਰੀਆਂ ਹਨ ਤੇ ਮਾਰ ਰਹੇ ਹਨ ਕਈ ਵਾਰ ਉਨ੍ਹਾਂ ਵਲੋਂ ਕੱਢੀਆਂ ਕਾਢਾਂ ਨੂੰ ਵੇਖ ਕੇ ਦੰਗ ਰਹਿ ਜਾਈਦਾ ਹੈ। ਕਈ ਚੀਜ਼ਾਂ ਸਾਡੇ ਲਈ ਖਤਰਨਾਕ ਹਨ।ਇਨ੍ਹਾਂ ਵਿੱਚੋਂ ਇੱਕ ਆਮ ਚੀਨੀ ਡੋਰ ਵੀ ਹੈ ਜੋ ਮਨੁੱਖੀ ਜਾਨਾਂ ਲੈ ਰਹੀ ਹੈ। ਪੂਰੇ ਭਾਰਤ ਤੇ ਖਾਸ ਕਰ ਪੰਜਾਬ ਵਿੱਚ ਇਨੀ ਦਿਨੀ ਚੀਨੀ ਡੋਰ ਕਾਤਲ ਬਣ ਉਭਰੀ ਹੈ, ਉਹ ਵੀ ਕੁੱਝ ਮਨੁੱਖਾਂ ਦੀ ਗਲਤੀ ਦਾ ਨਤੀਜਾ ਹੈ।
                   ਜਦੋਂ ਵੀ ਕਿਸੇ ਦੇਸ਼ ਦਾ ਦੂਜੇ ਦੇਸ਼ ਨਾਲ ਵਪਾਰ ਸਾਂਝਾ ਹੁੰਦਾ ਹੈ ਤਾਂ ਇਸ ਵਿੱਚ ਕਾਗਜ਼ੀ ਕਾਰਵਾਈ ਤੋਂ ਬਿਨ੍ਹਾਂ ਬਹੁਤ ਕੁੱਝ ਨਿਰਖਿਆ-ਪਰਖਿਆ ਜਾਂਦਾ ਹੈ।ਖਾਣ-ਪੀਣ ਤੋਂ ਲੈ ਕੇ ਹੋਰ ਵੱਡੀਆਂ ਚੀਜਾਂ ਦੀ ਪਰਖ ਹੁੰਦੀ ਹੈ ਤੇ ਇਹ ਜ਼ਰੂਰੀ ਵੀ ਹੈ।ਕਈ ਵਾਰ ਚੀਜਾਂ ਸਹੀ ਨਾ ਹੋਣ ਕਾਰਨ ਵਾਪਸ ਵੀ ਭੇਜੀਆਂ ਜਾਂਦੀਆਂ ਹਨ।ਇਥੇ ਹੀ ਇੱਕ ਗੱਲ ਸਮਝ ਤੋਂ ਬਾਹਰ ਹੈ ਕਿ ਚੀਨੀ ਡੋਰ ਨੂੰ ਜਦੋਂ ਵਪਾਰ ਨਾਲ ਸਬੰਧਿਤ ਮਹਿਕਮੇਂ ਦੇ ਅਧਿਕਾਰੀਆਂ ਨਾਲ ਗੱਲਬਾਤ ਹੁੰਦੀ ਹੈ।ਸਮਾਨ ਲਿਆਉਣ ਦੀ ਇਜਾਜਤ ਮਿਲਦੀ ਹੈ ਤਾਂ ਉਸ ਵੇਲੇ ਕਿਉਂ ਨਹੀਂ ਚੀਨੀ ਡੋਰ ਦਾ ਮੁੱਦਾ ਚੁੱਕਿਆ ਜਾਂਦਾ।ਜਦੋਂ ਸ਼ੁਰੂ ਵਿੱਚ ਹੀ ਇਸ ਡੋਰ ਦਾ ਪਤਾ ਲੱਗ ਗਿਆ ਸੀ ਕਿ ਇਹ ਖਤਰਨਾਕ ਹੈ ਉਸ ਵੇਲੇ ਹੀ ਸਮੁੱਚੇ ਭਾਰਤ ਵਿੱਚੋਂ ਚੀਨੀ ਡੋਰ ਬਾਰੇ ਜਾਣਕਾਰੀ ਲੈ ਕੇ ਇਸ ਤੇ ਪਾਬੰਦੀ ਕਿਉਂ ਨਹੀਂ ਲਾਈ? ਜਾਂ ਵੇਖਣਾ ਸੀ ਕਿ ਕਿੰਨੀਆਂ ਹੋਰ ਜਾਨਾਂ ਜਾਣਗੀਆਂ।ਕਮਾਲ ਦਾ ਕਮੀਨਾ ਤੇ ਲਾਪਰਵਾਹ ਜਿਹਾ ਸਿਸਟਮ ਸਾਡਾ ਜਾਪਦਾ ਹੈ ਜੋ ਮਨੁੱਖੀ ਜਾਨਾਂ ਦੀ ਕਦਰ ਨਹੀਂ ਕਰਦਾ।
                   ਵੱਡੇ ਵਪਾਰੀ ਤੋਂ ਲੈ ਕੇ ਛੋਟੇ ਦੁਕਾਨਦਾਰ ਤੱਕ ਪਤਾ ਨਹੀਂ ਕਿਉਂ ਮਾੜੇ-ਮੋਟੇ ਮੁਨਾਫੇ ਕਾਰਨ ਹੀ ਚੀਨੀ ਡੋਰ ਦੀ ਵਿਕਰੀ ਜ਼ੋਰ ਲਗਾ ਕੇ ਕਰ ਰਹੇ ਹਨ ਤੇ ਇੱਧਰ ਸਾਡੇ ਪਤੰਗਬਾਜ ਸਿਰਫ ਪਤੰਗੀ-ਪੇਚਾ ਪਾਉਣ ਲਈ ਹੀ ਚੀਨੀ ਡੋਰ ਧੜਾਧੜ ਵਰਤ ਰਹੇ ਹਨ।ਪਤੰਗਾਂ ਦੀ ਖੇਡ ਹੇਠ ਮਨੁੱਖੀ ਜਾਨਾਂ ਅਜਾਈ ਜਾ ਰਹੀਆਂ ਹਨ ਇਹ ਕਿੱਥੋਂ ਦੀ ਸਿਆਣਪ ਹੈ।ਇਸ ਤਰ੍ਹਾਂ ਲੱਗ ਰਿਹਾ ਜਿਵੇਂ ਕੋਈ ਕਿਸੇ ਪ੍ਰਤੀ ਫਿਕਰਮੰਦ ਹੀ ਨਹੀਂ।ਪਹਿਲੋਂ-ਪਹਿਲ ਆਮ ਡੋਰ ਨਾਲ ਹੀ ਜਖਮੀ ਹੋਏ ਜਾਂ ਫਸ ਕੇ ਮਰੇ ਪੰਛੀਆਂ ਤੇ ਹੀ ਬਹੁਤ ਦੁੱਖ ਹੁੰਦਾ ਸੀ, ਪਰ ਹੁਣ ਚੀਨੀ ਡੋਰ ਹੀ ਮਨੁੱਖਤਾ ਮਾਰ ਰਹੀ ਹੈ ਹਾਲੇ ਵੀ ਕਈਆਂ ਦਾ ਦਿਲ ਪਸੀਜ ਨਹੀਂ ਹੁੰਦਾ।
                  ਅੱਜ ਆਮ-ਤੌਰ `ਤੇ ਵੱਡੇ-ਵੱਡੇ ਫਲਾਈਓਵਰਾਂ ਪੁੱਲਾਂ ਦੀ ਉੱਚਾਈ ਵੱਧ ਹੋਣ ਕਾਰਨ ਪਤੰਗ ਨੇੜੇ ਉਡਣ ਕਾਰਨ ਬਹੁਤੇ ਦੋ-ਪਹੀਆ ਵਾਹਨ ਸਵਾਰ ਇਸ ਡੋਰ ਦਾ ਵੱਧ ਸ਼ਿਕਾਰ ਹੋ ਰਹੇ ਹਨ।ਮੈਂ ਖੁਦ ਵੇਖਦਾ ਹਾਂ ਕਿ ਖੰਨੇ ਵਿੱਚ ਚੰਡੀਗੜ੍ਹ ਰੋਡ ਤੇ ਬਣੇ ਪੁੱਲ ਤੇ ਹੀ ਲਗਾਤਾਰ ਪੰਜ-ਸੱਤ ਸਾਲ ਤੋਂ ਹਰ ਸਾਲ ਇੱਕ-ਦੋ ਮੌਤਾਂ ਚੀਨੀ ਡੋਰ ਕਾਰਨ ਹੋ ਰਹੀਆਂ ਹਨ।ਸਮੁੱਚੇ ਪੰਜਾਬ ਦੀ ਗਿਣਤੀ ਕਿਤੇ ਵੱਧ ਹੈ।ਅਸੀਂ ਇਹ ਹਾਦਸੇ ਜਲਦੀ ਭੁੱਲ ਵੀ ਜਾਂਦੇ ਹਾਂ।
                   ਅੰਤ ਵਿੱਚ ਪਤੰਗਾਂ ਦੇ ਸ਼ੌਕੀਨਾਂ ਨੂੰ ਬੇਨਤੀ ਹੈ ਕਿ ਪਤੰਗ ਉਡਾਉਣ ਲਈ ਹਲਕੀ ਡੋਰ ਹੀ ਵਰਤੋਂ ਕੋਈ ਫਰਕ ਨਹੀਂ ਪੈਣਾ, ਪਤੰਗ ਚਾਹੇ ਦਸ ਹੋਰ ਉਡਾ ਲੈਣਾ।ਜੇ ਵੱਢੇ ਜਾਣ ਤਾਂ ਕੋਈ ਗੱਲ ਨਹੀਂ।ਦੁਕਾਨਦਾਰ ਵੀ ਇਹ ਡੋਰ ਨਾ ਵੇਚਣ ਤੇ ਸਰਕਾਰ ਨੂੰ ਬੇਨਤੀ ਹੈ ਕਿ ਚੋਰ-ਮੋਰੀ ਦਾ ਰਾਹ ਛੱਡ ਕੇ ਚੀਨੀ ਡੋਰ ਦੀ ਬਰਮਾਦਗੀ ਤੁਰੰਤ ਬੰਦ ਕਰੇ। ਜਦ ਆਊ ਹੀ ਨਾ ਫੇੇ ਵੇਚੇਗਾ ਕੌਣ।
                   ਸਭ ਤੋਂ ਹੈਰਾਨ ਕਰਨ ਵਾਲੀ ਹਾਸੋਹੀਣੀ ਗੱਲ ਕਿ ਲੋਕਾਂ ਦੀ ਜਾਨ ਲੈ ਰਹੀ ਤੇ ਅੰਗ ਵੱਢ ਰਹੀ ਚੀਨੀ ਡੋਰ `ਤੇ ਮੇਰੇ ਭਾਰਤ ਮਹਾਨ ਵਿੱਚ ਪਾਬੰਦੀ ਹੈ ਜੀ…..।

 Balbir-Babbi-1

 

 ਬਲਬੀਰ ਸਿੰਘ ਬੱਬੀ
ਪੰਜਾਬੀ ਸਾਹਿਤ ਸਭਾ
ਸਮਰਾਲਾ (ਲੁਧਿਆਣਾ)
ਮੋਬਾ:-70091 07300   

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply