ਧੂਰੀ, 18 ਫਰਵਰੀ (ਪੰਜਾਬ ਪੋਸਟ – ਪ੍ਰਵੀਨ ਗਰਗ) – ਪੰਜਾਬ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਸਾਹਿਤ ਸਭਾ ਧੂਰੀ (ਰਜਿ:) ਦੇ ਸਹਿਯੋਗ ਨਾਲ ਪ੍ਰਬੁੱਧ
ਕਹਾਣੀਕਾਰ ਅਤਰਜੀਤ ਬਠਿੰਡਾ ਦਾ ਰੁਬਰੂ ਕੀਤਾ ਗਿਆ।ਜਨਵਾਦੀ ਕਵੀ ਭੁਪਿੰਦਰ ਨੇ ਵਿਸ਼ੇਸ਼ ਕਵੀ ਵਜੋਂ ਸ਼ਿਰਕਤ ਕੀਤੀ। ਤਿੰਨ ਲੇਖਕਾਂ ਦੀਆਂ ਚਾਰ ਕਿਤਾਬਾਂ ਲੋਕ ਅਰਪਣ ਕੀਤੀਆਂ ਗਈਆਂ। ਇਹ ਸਮਾਗਮ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਖੂਬਸੂਰਤ ਹਾਲ ਵਿੱਚ ਡਾ. ਤੇਜਵੰਤ ਮਾਨ ਦੀ ਪ੍ਰਧਾਨਗੀ ਹੇਠ ਕੀਤਾ ਗਿਆ।ਇਹਨਾਂ ਨਾਲ ਪ੍ਰਧਾਨਗੀ ਮੰਡਲ ਵਿੱਚ ਸਰਬ ਪਵਨ ਹਰਚੰਦਪੁਰੀ, ਗੁਲਜ਼ਾਰ ਸਿੰਘ ਸ਼ੌਂਕੀ, ਡਾ.ਜੁਗਿੰਦਰ ਸਿੰਘ ਨਿਰਾਲਾ, ਪ੍ਰਿੰ: ਕ੍ਰਿਪਾਲ ਸਿੰਘ ਜਵੰਧਾ, ਪ੍ਰਿੰ: ਜਗਦੀਪ ਕੌਰ ਆਹੂਜਾ ਸ਼ਾਮਲ ਹੋਏ। ਸਭ ਤੋਂ ਪਹਿਲਾਂ ਸਭਾ ਦੇ ਮੈਂਬਰ ਦਿਲਜੀਤ ਸਿੰਘ ਜੀਤ ਦੀ ਹੋਈ ਅਚਾਨਕ ਮੌਤ ਅਤੇ ਅੱਤਵਾਦੀਆਂ ਵੱਲੋਂ ਸ਼ਹੀਦ ਕੀਤੇ ਨੌ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।ਪ੍ਰੋਗਰਾਮ ਦਾ ਆਰੰਭ ਵੈਦ ਬੰਤ ਸਿੰਘ ਸਾਰੋਂ ਦੀ ਕਵੀਸ਼ਰੀ ਨਾਲ ਕੀਤਾ ਗਿਆ। ਅਮਰਜੀਤ ਸਿੰਘ ਅਮਨ ਅਤੇ ਸੱਤਪਾਲ ਪਰਾਸ਼ਰ ਨੇ ਦੋਗਾਣੇ ਗਾ ਕੇ ਖੂਬ ਰੰਗ ਬੰਨ੍ਹਿਆਂ।
ਇਸ ਉਪਰੰਤ ਡਾ. ਜੁਗਿੰਦਰ ਸਿੰਘ ਨਿਰਾਲਾ ਨੇ ਕਹਾਣੀਕਾਰ ਅਤਰਜੀਤ ਅਤੇ ਉਸ ਦੀਆਂ ਕਹਾਣੀਆਂ ਬਾਰੇ ਆਪਣੇ ਵਿਚਾਰ ਰੱਖੇ।ਅਤਰਜੀਤ ਨੇ ਆਪਣੇ ਜੀਵਨ ਅਤੇ ਸਾਹਿਤ ਰਚਨਾ ਬਾਰੇ ਬਹੁਤ ਹੀ ਗੰਭੀਰ ਜਾਣਕਾਰੀ ਦਿੱਤੀ। ਇਹਨਾਂ ਨੇ ਦਲਿਤਵਾਦ ਅਤੇ ਦਲਿਤ ਚੇਤਨਾ ਦੇ ਅਰਥਾਂ ਨੂੰ ਖੋਹਲਦਿਆਂ ਦੱਸਿਆ ਕਿ ਦਲਿਤਵਾਦ ਜਾਤੀਵਾਦ ਨੂੰ ਖਤਮ ਕਰਨ ਦੀ ਥਾਂ ਇਸ ਨੂੰ ਹੋਰ ਡੂੰਘੇਰਾ ਕਰੇਗਾ।ਹੁਣ ਦਲਿਤ ਚੇਤਨਾ ਜਗਾਉਣ ਦੀ ਸਖਤ ਜਰੂਰਤ ਹੈ। ਜਾਤੀਵਾਦ ਟਕਰਾ ਕਦੇ ਵੀ ਸਹੀ ਸਿੱਟੇ ਨਹੀਂ ਕੱਢਦਾ ਸਗੋਂ ਜਾਤੀਵਾਦ ਨੂੰ ਖਤਮ ਕਰਨ ਲਈ ਜਮਾਤੀ ਚੇਤਨਾ ਦੀ ਲੋੜ ਹੈ।ਹੋਈ ਬਹਿਸ ਵਿੱਚ ਮੀਤ ਸਕਰੌਦੀ, ਗੁਰਨਾਮ ਸਿੰਘ ਸੰਗਰੂਰ, ਸੰਤ ਸਿੰਘ ਬੀਲਾ੍ਹ, ਕਰਤਾਰ ਠੁੱਲੀਵਾਲ, ਜਗਦੇਵ ਸ਼ਰਮਾਂ, ਸੁਰਿੰਦਰ ਸ਼ਰਮਾਂ, ਸੁਰਿੰਦਰ ਸਿੰਘ ਰਾਜਪੂਤ ਅਤੇ ਅਮਰ ਗਰਗ ਕਲਮਦਾਨ ਨੇ ਸਵਾਲ ਪੁੱਛੇ, ਅਤਰਜੀਤ ਨੇ ਉਹਨਾਂ ਦੇ ਤਸੱਲੀਬਖਸ਼ ਜਵਾਬ ਦਿੱਤੇ।ਇਸ ਤੋਂ ਬਾਅਦ ਸਭਾ ਵੱਲੋਂ ਇਹਨਾਂ ਨੂੰ `ਪ੍ਰਤੀਬੱਧ ਕਹਾਣੀਕਾਰ ਪੁਰਸਕਾਰ` ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਤੋਂ ਉਪਰੰਤ ਵਿਸ਼ੇਸ਼ ਕਵੀ ਭੁਪਿੰਦਰ ਨੇ ਆਪਣੀਆਂ ਰਚਨਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਸਭਾ ਵੱਲੋਂ ਇਸ ਨੂੰ `ਪ੍ਰਤੀਬੱਧ ਜਨਵਾਦੀ ਕਵੀ ਪੁਰਸਕਾਰ` ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਤੋਂ ਬਾਅਦ ਭੁਪਿੰਦਰ ਦੀ ਕਾਵਿ ਪੁਸਤਕ “ਬੇਦਾਵਾ ਨਹੀਂ”, ਨਾਹਰ ਸਿੰਘ ਮੁਬਾਰਿਕਪੁਰੀ ਦੀ ਕਾਵਿ ਪੁਸਤਕ “ਪੰਜਾਬ ਸਾਵਧਾਨ”, ਸੁਰਜੀਤੇ ਦੇਵਲ ਦੀਆਂ ਦੋ ਬਾਲ ਪੁਸਤਕਾਂ “ਸ਼ੈਲੀ”, ਕਹਾਣੀ ਸੰਗ੍ਰਹਿ “ਚਾਨਣ ਦਾ ਮੋਹ” ਕਾਵਿ ਸੰਗ੍ਰਹਿ ਲੋਕ ਅਰਪਣ ਕੀਤੀਆਂ ਗਈਆਂ।ਇਹਨਾਂ ਪੁਸਤਕਾਂ ਬਾਰੇ ਕ੍ਰਮਵਾਰ ਡਾ. ਤੇਜਵੰਤ ਮਾਨ, ਸੁਖਦੇਵ ਔਲਖ ਅਤੇ ਪਵਨ ਹਰਚੰਦਪੁਰੀ ਨੇ ਭਰਪੂਰ ਜਾਣਕਾਰੀ ਦਿੱਤੀ।
ਇਸ ਤੋਂ ਬਾਅਦ ਵਿਸ਼ਾਲ ਕਵੀ ਦਰਬਾਰ ਕੀਤਾ ਗਿਆ ਜਿਸ ਵਿੱਚ ਸਰਬ ਸ਼੍ਰੀ ਕ੍ਰਿਸ਼ਨ ਚੰਦ ਗਰਗ, ਹਰਦਿਆਲ ਭਾਰਦਵਾਜ, ਗੁਰਜੀਤ ਸਿੰਘ ਜਹਾਂਗੀਰ, ਪ੍ਰੇਮ ਕੁਮਾਰ ਲੱਡਾ, ਸੁਖਦੇਵ ਪੇਂਟਰ ਧੂਰੀ, ਪ੍ਰਸ਼ੋਤਮ ਭਾਰਦਵਾਜ, ਅਸ਼ਵਨੀ ਕੁਮਾਰ, ਡਾ. ਜੈਗੋਪਾਲ ਗੋਇਲ, ਜਗਤਾਰ ਸਿੰਘ ਰੁਲਦੂਸਿੰਘਵਾਲਾ, ਗੁਰਦੀਪ ਸਿੰਘ ਕੈਂਥ, ਪ੍ਰੋ: ਗੁਰਦੇਵ ਸਿੰਘ ਚੁੰਬਰ, ਜੀਵਨ ਬੜੀ, ਜਤਿੰਦਰ ਮਾਨਵ, ਕਾਮਰੇਡ ਰਮੇਸ਼ ਜੈਨ, ਚਰਨਜੀਤ ਕੌਰ ਮਾਲੇਰਕੋਟਲਾ, ਡਾ. ਰਾਕੇਸ਼ ਸ਼ਰਮਾਂ, ਭੁਪਿੰਦਰ ਸਿੰਘ ਬੋਪਾਰਾਏ, ਰਾਜਿੰਦਰਜੀਤ ਕਾਲਾਬੂਲਾ, ਧਰਮੀ ਤੁੰਗਾਂ, ਜੀਤ ਹਰਜੀਤ, ਨਾਇਬ ਸਿੰਘ ਬੁੱਕਣਵਾਲ, ਬਲਵੰਤ ਫਰਵਾਲੀ, ਅਸ਼ੋਕ ਭੰਡਾਰੀ ਆਦਿ ਨੇ ਆਪੋ ਆਪਣੀਆਂ ਰਚਨਾਵਾਂ ਸੁਣਾ ਕੇ ਖੂਬ ਰੰਗ ਬੰਨ੍ਹਿਆ। ਡਾ. ਤੇਜਵੰਤ ਮਾਨ ਨੇ ਪ੍ਰਧਾਨਗੀ ਭਾਸ਼ਣ ਰਾਹੀਂ ਅਤਰਜੀਤ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਕਹਾਣੀ ਖੇਤਰ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ।ਉਹਨਾਂ ਨੇ ਕਿਹਾ ਕਿ ਪੰਜਾਬ ਅੰਦਰਲੀ ਪੰਜਾਬੀ ਕੌਮ ਦਾ ਵਿਰਸਾ ਅਤੇ ਸੱਭਿਆਚਾਰ ਸਿੱਖੀ ਨਾਲ ਜੁੜਿਆ ਹੋਇਆ ਹੈ।ਉਹਨਾਂ ਨੇ ਦਲਿਤਵਾਦ ਅਤੇ ਦਲਿਤ ਚੇਤਨਾ ਦੇ ਸਵਾਲ ਨੂੰ ਹੋਰ ਅੱਗੇ ਤੋਰਿਆ।ਜਿੰਨਾਂ ਲੇਖਕਾਂ ਦੀਆਂ ਪੁਸਤਕਾਂ ਲੋਕ ਅਰਪਣ ਹੋਈਆਂ, ਉਹਨਾਂ ਨੂੰ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ: ਵੱਲੋਂ ਵਧਾਈ ਦਿੰਦਿਆਂ ਇਹਨਾਂ ਤੋਂ ਹੋਰ ਵੀ ਉਸਾਰੂ ਸੋਚ ਵਾਲੇ ਸਾਹਿਤ ਦੀ ਉਮੀਦ ਕੀਤੀ।
ਅੰਤ ਵਿੱਚ ਸਮਾਗਮ ਦੇ ਕਨਵੀਨਰ ਗੁਲਜ਼ਾਰ ਸਿੰਘ ਸ਼ੌਂਕੀ ਨੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਅਤੇ ਸਾਹਿਤ ਸਭਾ ਧੂਰੀ (ਰਜਿ:) ਵੱਲੋਂ ਆਏ ਲੇਖਕਾਂ ਦਾ ਧੰਨਵਾਦ ਕੀਤਾ।ਸਭਾ ਦੇ ਡਿਪਟੀ ਜਨਰਲ ਸਕੱਤਰ ਸੁਖਦੇਵ ਸ਼ਰਮਾਂ ਨੇ ਸਟੇਜ ਦੀ ਕਾਰਵਾਈ ਬਾਖੂਬੀ ਨਿਭਾਈ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …
Punjab Post Daily Online Newspaper & Print Media