ਅੰਮ੍ਰਿਤਸਰ, 29 ਮਾਰਚ (ਪੰਜਾਬ ਪੋਸਟ- ਦੀਪ ਦਵਿੰਦਰ) – ਵਿਰਸਾ ਵਿਹਾਰ ਵਿਖੇ ਸ਼੍ਰੋਮਣੀ ਨਾਟਕਕਾਰ ਅਤੇ ਰਾਸ਼ਟਰਪਤੀ ਐਵਾਰਡੀ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਇਕ ਮਹੀਨਾ ਲਗਾਤਾਰ ਚੱਲ ਰਹੇ ਅੰਮ੍ਰਿਤਸਰ ਰੰਗਮੰਚ ਉਤਸਵ 28ਵੇਂ ਦਿਨ ਆਰਟ ਨਾਟ ਮੰਚ ਵੇਰਕਾ ਦੀ ਟੀਮ ਵਲੋਂ ਡਾ. ਜਸਮੀਤ ਅਜ਼ਾਦ ਦਾ ਲਿਖਿਆ ਅਤੇ ਮਾਸਟਰ ਕੁਲਜੀਤ ਵੇਰਕਾ ਦਾ ਨਿਰਦੇਸ਼ਤ ਕੀਤਾ ਪੰਜਾਬੀ ਨਾਟਕ ‘ਜ਼ਿੰਦਗੀ ਤੇ ਜ਼ਿੰਦਗੀ’ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਸਫ਼ਲਤਾਪੂਰਵਕ ਪੇਸ਼ ਕੀਤਾ ਗਿਆ।
ਇਹ ਨਾਟਕ ਇਕ ਡਾਕਟਰ ਦੀ ਸਮਾਜ ਪ੍ਰਤੀ ਬਦਲਦੀ ਸੋਚ ਤੇ ਅਧਾਰਿਤ ਸੀ, ਜੋ ਕਿ ਸਮਾਜ ਲਈ ਕੁਝ ਕਰਨ ਦੇ ਮਕਸਦ ਨਾਲ ਮੈਡੀਕਲ ਕਾਲਜ ਵਿੱਚ ਦਾਖਲਾ ਲੈਂਦਾ ਹੈ, ਪਰ ਉਥੇ ਮੌਜ ਮਸਤੀ ਵਾਲਾ ਮਾਹੌਲ ਵੇਖ ਉਸੇ ਰੰਗ ਵਿੱਚ ਰੰਗਿਆ ਜਾਂਦਾ ਹੈ।ਕਾਲਜ ਵਿੱਚ ਅਚਾਨਕ ਹੋਈ ਹੜਤਾਲ ਸਮੇਂ ਉਹ ਬੁੱਧੀਜੀਵੀ ਅਧਿਆਪਕਾ ਤੇ ਕੁਝ ਖੱਬੇ ਪੱਖੀਆਂ ਦੇ ਸੰਪਰਕ ਵਿੱਚ ਆਉਂਦਾ ਹੈ।ਸ਼ਹੀਦ ਭਗਤ ਸਿੰਘ ਤੇ ਚੀ ਸੁਵੇਰਾ ਨੂੰ ਪੜ੍ਹਨ ਤੋਂ ਬਾਅਦ ਉਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਆਪਣੇ ਸ਼ਹਿਰ ਦੇ ਲੋਕਾਂ ਦਾ ਰਹਿਣ ਸਹਿਣ ਦੇਖਣ ਬਸਤੀਆਂ ਵੱਲ ਨਿਕਲ ਪੈਂਦਾ ਹੈ ਅਤੇ ਅੰਤਾਂ ਦੀ ਗਰੀਬੀ, ਬਿਮਾਰੀ ਤੇ ਭੁੱਖਮਰੀ ਨਾਲ ਲਤਾੜੇ ਹੋਏ ਲੋਕਾਂ ਨੂੰ ਵੇਖਕੇ ਇਸ ਨਤੀਜੇ ਤੇ ਪੁੱਜਦਾ ਹੈ ਕਿ ਇਹ ਸਮਾਜ ਮੁੱਠੀ ਭਰ ਲੋਕਾਂ ਦੀਆਂ ਅਯਾਸ਼ੀਆਂ ਲਈ ਕਰੋੜਾਂ ਲੋਕਾਂ ਨੂੰ ਨਰਕ ਵਰਗੇ ਹਾਲਾਤ ਵਿੱਚ ਰਹਿਣ ਲਈ ਮਜ਼ਬੂਰ ਕਰਦਾ ਹੈ।ਇਨ੍ਹਾਂ ਨਰਕ ਵਰਗੇ ਹਾਲਾਤ ਕਰਕੇ ਫੈਲ ਰਹੀਆਂ ਬਿਮਾਰੀਆਂ ਤੇ ਮੌਤਾਂ ਦੇ ਕਾਰਨ ਬਣ ਰਹੇ ਹਨ।ਧੋਖੇ ਤੇ ਸਾਜਿਸ਼ ਨਾਲ ਕੀਤੇ ਜਾਂਦੇ ਕਤਲ।ਨਾਟਕ ਵਿੱਚ ਗੰਭੀਰ ਵਿਸ਼ੇ ਨਰਕ ਵਰਗੇ ਹਾਲਾਤ ’ਚ ਰਹਿਣਾ, ਬਾਲ, ਸੋਸ਼ਣ, ਸਫ਼ਾਈ, ਕਰਮਚਾਰੀਆਂ ਦੀ ਤ੍ਰਾਸਦੀ, ਮੌਜੂਦਾ ਸਿੱਖਿਆ, ਸਿਹਤ ਪ੍ਰਣਾਲੀ ਤੇ ਵਹਿਸ਼ਤਗਰਦੀ ਵਰਗੇ ਮੁੱਦਿਆਂ ਨੂੰ ਇਕ ਘੰਟੇ ਦੇ ਨਾਟਕ ਵਿੱਚ ਜਸਮੀਤ ਅਜਾਦ, ਬਬੀਤਾ, ਹਰੀਸ਼ ਚੌਧਰੀ, ਸਿਮਰਨਜੀਤ ਕੌਰ, ਦੀਪਇੰਦਰ, ਅਰੀਤ, ਰਿਜਵ ਨੇ ਬਹੁਤ ਖੂਬਸੂਰਤੀ ਨਾਲ ਪੇਸ਼ ਕੀਤਾ।ਇਸ ਨਾਟਕ ਦਾ ਗੀਤ ਡਾ. ਦੀਪਤੀ, ਲੋਕ ਕਵੀ ਸੰਤ ਰਾਮ ਉਦਾਸੀ ਤੇ ਕਾਮਰੇਡ ਅਮੋਲਕ ਸਿੰਘ ਦੇ ਲਿਖੇ ਹੋਏ ਹਨ ਤੇ ਨਾਟਕ ਦਾ ਸੰਗੀਤ ਲੋਪੋਕੇ ਭਰਾਵਾਂ ਵੱਲੋਂ ਦਿੱਤਾ ਗਿਆ।
ਨਾਟਕ ਦੇ ਮੁੱਖ ਮਹਿਮਾਨ ਡਾ.ਸ਼ਿਆਮ ਸੁੰਦਰ ਦੀਪਤੀ, ਕੇਵਲ ਧਾਲੀਵਾਲ, ਰਮੇਸ਼ ਯਾਦਵ, ਭੂਪਿੰਦਰ ਸਿੰਘ ਸੰਧੂ, ਫਿਲਮੀ ਅਦਾਕਾਰ ਹਰਦੀਪ ਗਿੱਲ, ਈ.ਐਨ.ਟੀ ਡਾ. ਸਤਿੰਦਰ ਸਿੰਘ ਬੇਦੀ, ਗੁਰਦੇਵ ਸਿੰਘ ਭਰੋਵਾਲ, ਧਰਵਿੰਦਰ ਔਲਖ, ਗੁਰਬਾਜ ਛੀਨਾ, ਹੀਰਾ ਸਿੰਘ ਰੰਧਾਵਾ, ਇੰਦਰਜੀਤ ਸਹਾਰਨ, ਪੱਵੇਲ ਸੰਧੂ ਆਦਿ ਸਮੇਤ ਵੱਡੀ ਗਿਣਤੀ ਵਿੱਚ ਦਰਸ਼ਕ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਨਰਸਿੰਗ ਵਿਖੇ ਔਰਤਾਂ ਦੇ ਅਧਿਕਾਰ, ਸਮਾਨਤਾ ਅਤੇ ਸਸ਼ਕਤੀਕਰਨ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 5 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ …