ਲੌਂਗੋਵਾਲ, 8 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਦੀ ਅਗਵਾਈ ਹੇਠ ਪਿੰਡ ਗੰਢੂਆਂ ਵਿਖੇ ਪੰਚਾਇਤੀ ਰਿਜਰਵ ਕੋਟੇ ਦੀ ਜਮੀਨ ਦੀ ਬੋਲੀ ਵਿੱਚ ਹੋਈ ਧੋਖੇਬਾਜ਼ੀ ਖਿਲਾਫ ਸਥਿਤੀ ਉਸ ਸਮੇਂ ਹੰਗਾਮੇ ਵਾਲੀ ਬਣ ਗਈ, ਜਦੋਂ ਯੂਨੀਅਨ ਵਰਕਰਾਂ ਨੇ ਜੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਗੰਢੂਆਂ (ਲਹਿਰਾ-ਬੁਢਲਾਡਾ) ਰੋਡ ਜਾਮ ਕਰ ਦਿੱਤਾ।ਵੱਡੀ ਗਿਣਤੀ `ਚ ਪ੍ਰਦਰਸ਼ਨ ਵਿੱਚ ਸ਼ਾਮਲ ਸਮੂਹ ਦਲਿਤ ਮਜ਼ਦੂਰ ਭਾਈਚਾਰੇ ਖਾਸ ਕਰਕੇ ਔਰਤਾਂ ਨੂੰ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਸੈਕਟਰੀ ਲਖਵੀਰ ਸਿੰਘ ਲੌਂਗੋਵਾਲ, ਜ਼ਿਲ੍ਹਾ ਪ੍ਰਧਾਨ ਧਰਮਪਾਲ ਸਿੰਘ, ਮੇਘ ਸਿੰਘ, ਜੈਲੀ ਸਿੰਘ, ਦਰਸ਼ਨ ਸਿੰਘ, ਵੀਰਪਾਲ ਕੌਰ ਨੇ ਕਿਹਾ ਕਿ ਮਜਦੂਰਾਂ ਦੀ ਇਹ ਮੰਗ ਹੈ ਕਿ ਉਨ੍ਹਾਂ ਨੂੰ ਪਿੰਡ ਦੇ ਨੇੜੇ ਦੀ ਰਿਜਰਵ ਕੋਟੇ ਵਾਲੀ ਜਮੀਨ ਦਿੱਤੀ ਜਾਵੇ, ਪਰ ਇਸ ਮਾਮਲੇ `ਤੇ ਧੋਖਾਧੜੀ ਹੋਈ ਹੈ।ਜਦੋਂ ਤੱਕ ਧੋਖਾਧੜੀ ਤਹਿਤ ਹੋਈ ਬੋਲੀ ਰੱਦ ਨਹੀਂ ਹੁੰਦੀ, ਉਦੋਂ ਤੱਕ ਰੋਡ ਜਾਮ ਰਹੇਗਾ।ਮਾਮਲੇ ਨੂੰ ਗਰਮ ਹੁੰਦਿਆਂ ਦੇਖਦੇ ਹੋਏ ਜਿਸ ਨੇ ਬੋਲੀ ਦਿੱਤੀ ਸੀ ਉਸ ਨੇ ਸਾਫ ਕਹਿ ਦਿੱਤਾ ਕਿ ਉਸ ਨੇ ਜੋ ਬੋਲੀ ਦਿੱਤੀ ਹੈ ਉਹ ਵਾਪਸ ਲੈਂਦਾ ਹੈ, ਜਿਵੇਂ ਦਲਿਤ ਮਜਦੂਰ ਭਾਈਚਾਰਾ ਚਾਹੁੰਦਾ ਹੈ ਮੈਂ ਉਵੇਂ ਹੀ ਕਰਾਂਗਾ।ਇਸ ਦੇ ਬਾਵਜੂਦ ਬੋਲੀ ਰੱਦ ਨਾ ਹੋਈ।ਜਿਸ ਕਾਰਨ ਮਜਦੂਰਾਂ ਦਾ ਗੁੱਸਾ ਲਾਵਾ ਬਣ ਕੇ ਫੁੱਟ ਪਿਆ ਅਤੇ ਮੌਕੇ ਉਪਰ ਭਾਰੀ ਗਿਣਤੀ ਵਿੱਚ ਪੁਲਿਸ ਪ੍ਰਸ਼ਾਸਨ ਬੁਲਾਉਣ ਦੇ ਬਾਵਜ਼ੂਦ ਮਜ਼ਦੂਰ ਪੂਰੀ ਦ੍ਰਿੜਤਾ ਨਾਲ ਆਪਣੀ ਹੱਕੀ ਮੰਗ ਮਨਵਾਉਣ ਲਈ ਡਟੇ ਰਹੇ ਤੇ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਰਹੇ । ਜਿਸ ਕਾਰਨ ਬੀ.ਡੀ.ਪੀ.ਓ ਨੇ ਵਿਸ਼ਵਾਸ ਦਿਵਾਇਆ ਕਿ ਉਹ ਉਪਰ ਲਿਖ ਕੇ ਭੇਜ ਰਿਹਾ ਹੈ ਕਿ ਬੋਲੀ ਮਜਦੂਰਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਰੱਦ ਕੀਤੀ ਜਾਵੇ ਅਤੇ ਕਿਹਾ ਕਿ 8 ਮਈ ਨੂੰ ਡੀ.ਡੀ.ਪੀ.ਓ ਸੰਗਰੂਰ ਨਾਲ ਜਥੇਬੰਦੀ ਦੀ ਮੀਟਿੰਗ ਕਰਵਾ ਕੇ ਮਾਮਲੇ ਹੱਲ ਕੀਤਾ ਜਾਵੇਗਾ।ਬੀ.ਡੀ.ਪੀ.ਓ ਦੇ ਵਿਸ਼ਵਾਸ ਦਿਵਾਏ ਜਾਣ ਤੋਂ ਬਾਅਦ ਜਾਮ ਖੋਲ੍ਹ ਦਿੱਤਾ ਗਿਆ।ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂਆਂ ਨੇ ਅਖੀਰ `ਚ ਆਖਿਆ ਕਿ ਜ਼ਮੀਨ ਦਾ ਮਸਲਾ ਦਲਿਤ ਮਜ਼ਦੂਰ ਭਾਈਚਾਰੇ ਦੇ ਮਾਣ ਸਨਮਾਨ ਨਾਲ ਜੁੜਿਆ ਹੋਇਆ ਹੈ।ਇਸ ਲਈ ਕਿਸੇ ਵੀ ਕੀਮਤ `ਤੇ ਦਲਿਤ ਮਜ਼ਦੂਰ ਭਾਈਚਾਰੇ ਦੇ ਹੱਕਾਂ ਦਾ ਘਾਣ ਨਹੀਂ ਹੋਣ ਦਿੱਤਾ ਜਾਵੇਗਾ।
Check Also
ਜਥੇਦਾਰ ਦੀ ਨਿਯੁੱਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਲਈ ਸੁਝਾਵਾਂ ਦੇ ਸਮੇਂ ਵਿੱਚ 20 ਮਈ ਤੱਕ ਕੀਤਾ ਵਾਧਾ
ਅੰਮ੍ਰਿਤਸਰ, 21 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ …