ਅੰਮ੍ਰਿਤਸਰ, 7 ਮਈ(ਪੰਜਾਬ ਪੋਸਟ- ਸੁਖਬੀਰ ਸਿੰਘ) – 10 ਮਈ ਰਲੀਜ਼ ਹੋਣ ਜਾ ਰਹੀ ਮੋਸ਼ਨ ਪਿਕਚਰਜ਼ ਤੇ ਨਿਰਮਾਤਾ ਰੁਪਾਲੀ ਗੁਪਤਾ ਵਲੋਂ ਮਨਪ੍ਰੀਤ ਬਰਾੜ ਦੇ ਨਿਰਦੇਸ਼ਨ `ਚ ਬਣਾਈ ਗਈ ਪੰਜਾਬੀ ਫਿਲਮ ‘15 ਲੱਖ ਕਦੋਂ ਅਊਗਾ‘ `ਚ ਪੰਜਾਬੀ ਗਾਇਕ ਰਵਿੰਦਰ ਗਰੇਵਾਲ ਅਤੇ ਪੂਜਾ ਵਰਮਾ ਮੁੱਖ ਭੂਮਿਕਾਵਾਂ `ਚ ਨਜ਼ਰ ਆਉਣਗੇ।
ਅੱਜ ਪ੍ਰੈਸ ਕਾਨਫਰੰਸ ਦੌਰਾਨ ਰੁਪਾਲੀ ਗੁਪਤਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਫ਼ਿਲਮ ਜੱਸੀ ਨਾਂ ਦੇ ਅਜਿਹੇ ਇਨਸਾਨ ਦੀ ਕਹਾਣੀ ਹੈ ਜੋ ਆਪਣੇ ਜੀਵਨ ਦੌਰਾਨ ਨਾ ਸਿਰਫ ਹਰ ਕੰਮ `ਚ ਅਸਫਲ ਸਾਬਤ ਹੋਇਆ ਹੈ, ਬਲਕਿ ਆਪਣੀ ਪਤਨੀ ਚੰਨੋ ਤੇ ਪਰਿਵਾਰ ਨੂੰ ਵੀ ਝੂਠ ਬੋਲ ਕੇ ਸਬਜ਼ਬਾਗ ਦਿਖਾਉਂਦਾ ਰਿਹਾ।ਜ਼ਿੰਦਗੀ ਦੀ ਕਸ਼ਮਕਸ਼ ਤੇ ਦੌਰਾਨ ਉਸ ਦੇ ਮਨ ਵਿੱਚ ਬਾਬਾ ਬਣਨ ਦਾ ਫੁਰਨਾ ਫੁਰਦਾ ਹੈ ਅਤੇ ਜਿੱਤਣ ਤੋਂ ਬਾਅਦ ਹਰ ਵਿਅਕਤੀ ਨੂੰ 15 ਲੱਖ ਰੁਪਏ ਦੇਣ ਦਾ ਵਾਅਦਾ ਕਰਨ ਵਾਲੇ ਇੱਕ ਸਿਆਸਤਦਾਨ ਨਾਲ ਮਿਲ ਕੇ ਆਪਣਾ ਨਵਾਂ ਧੰਦਾ ਸ਼ੁਰੂ ਕਰਦਾ ਹੈ।ਚੋਣਾਂ ਦੇ ਦੌਰਾਨ ਰਲੀਜ਼ ਹੋ ਰਹੀ ਫਿਲਮ ਦੇ ਨਾਮ `ਤੇ ਕਿਸੇ ਤਰਾਂ ਦੇ ਕਿੰਤੂ ਪ੍ਰੰਤੂ ਦੀ ਸੰਭਾਵਨਾ ਦੇ ਕੀਤੇ ਸਵਾਲ ਦੇ ਜਵਾਬ `ਤੇ ਰੁਪਾਲੀ ਗੁਪਤਾ ਨੇ ਕਿਹਾ ਕਿ ਫਿਲਮ ਦੇ ਨਾਮ ਬਾਰੇ ਗੱਲ ਹਵਾ ਵਿੱਚ ਆਈ ਸੀ।ਇਸ ਦਾ ਸਿਆਸਤ ਨਾਲ ਕੋਈ ਸਬੰਧ ਨਹੀਂ, ਪਰ ਫਿਲਮ ਸਿਆਸੀ ਘਟਨਾਕ੍ਰਮ ਦਰਸ਼ਕਾਂ ਦੇ ਸਾਹਮਣੇ ਲ਼ਿਆਉਣ ਦਾ ਉਪਰਾਲਾ ਜਰੂਰ ਕਿਹਾ ਜਾ ਸਕਦਾ ਹੈ।ਬਣ ਰਹੀਆਂ ਅਜੋਕੀਆਂ ਪੰਜਾਬੀ ਫ਼ਿਲਮਾਂ ਵਿੱਚ ‘15 ਲੱਖ ਕਦੋਂ ਆਊਗਾ‘ ਇੱਕ ਮੀਲ ਪੱਥਰ ਸਾਬਿਤ ਹੋਵੇਗੀ, ਜਿਸ ਨੂੰ ਫਿਲਮਾਉਣ ਸਮੇਂ ਸੰਜ਼ੀਦਾ ਮੁੱਦੇ ਨੂੰ ਵੀ ਧਿਆਨ ਵਿੱਚ ਰੱਖਿਆ ਗਿਆ ਹੈ।‘15 ਲੱਖ ਕਦੋਂ ਆਊਗਾ‘ ਰਾਜਨੀਤਕ ਆਗੂਆਂ ਅਤੇ ਸਮਾਜ ਵਿੱਚ ਫੈਲੇ ਬਾਬਾਵਾਦ `ਤੇ ਕਰਾਰੀ ਚੋਟ ਹੈ।
ਅਦਾਕਾਰਾ ਪੂਜਾ ਵਰਮਾ ਨੇ ਕਿਹਾ ਕਿ ਇਹ ਫਿਲਮ ਕਾਮੇਡੀ ਅਤੇ ਰੁਮਾਂਸ `ਤੇ ਅਧਾਰਿਤ ਫੈਮਿਲੀ ਡਰਾਮਾ ਹੈ।ਜਿਸ ਵਿੱਚ ਫਿਲਮ ਭਖਦੇ ਮੁੱਦਿਆਂ ਅਤੇ ਲੋਕ ਭਾਵਨਾਵਾਂ ਤੋਂ ਇਲਾਵਾ ਮੱਧ ਵਰਗ ਦੀਆਂ ਮੁਸ਼ਕਲਾਂ ਤੇ ਪ੍ਰੇਸ਼ਾਨੀਆਂ ਨੂੰ ਉਭਾਰਿਆ ਗਿਆ ਹੈ।ਉਮੀਦ ਹੈ ਕਿ ਇਹ ਘਰੇਲੂ ਤੇ ਪਰਿਵਾਰਕ ਫਿਲਮ ਪੰਜਾਬੀ ਦਰਸ਼ਕਾਂ ਦੀਆਂ ਉਮੀਦਾਂ `ਤੇ ਖਰੀ ਉਤਰੇਗੀ।
ਫ਼ਿਲਮ ਵਿੱਚ ਰਵਿੰਦਰ ਗਰੇਵਾਲ ਅਤੇ ਪੂਜਾ ਵਰਮਾ ਤੋਂ ਬਿਨਾਂ ਹੌਬੀ ਧਾਲੀਵਾਲ, ਮਲਕੀਤ ਰੌਣੀ, ਗੁਰਪ੍ਰੀਤ ਭੰਗੂ, ਸੀਮਾ ਕੌਸਲ, ਜਸਵੰਤ ਸਿੰਘ ਰਾਠੌੜ ਅਤੇ ਖਿਆਲੀ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।ਚੰਡੀਗੜ੍ਹ ਅਤੇ ਆਸ ਪਾਸ ਦੇ ਖੇਤਰਾਂ ਵਿੱਚ ਫਿਲਮਾਈ ਗਈ ਫ਼ਿਲਮ ਦੇ ਗੀਤ ਰਵਿੰਦਰ ਗਰੇਵਾਲ, ਜੱਗੀ ਸਿੰਘ ਅਤੇ ਪਵਨ ਮਾਨ ਦੇ ਹਨ, ਜਦਕਿ ਰਵਿੰਦਰ ਗਰੇਵਾਲ, ਰਣਜੀਤ ਬਾਵਾ ਅਤੇ ਗੁਰਲੇਜ ਅਖ਼ਤਰ ਨੇ ਇਨ੍ਹਾਂ ਗੀਤਾਂ ਨੂੰ ਆਪਣੀਆਂ ਆਵਾਜ਼ਾਂ ਨਾਲ ਸ਼ਿੰਗਾਰਿਆ ਹੈ।
Check Also
ਖਾਲਸਾ ਕਾਲਜ ਵਿਖੇ ਵਾਤਾਵਰਣ ਸੰਭਾਲ ਅਤੇ ਸਥਿਰਤਾ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੀ ਫਲੋਰਾ ਐਂਡ ਫੌਨਾ ਸੋਸਾਇਟੀ ਵੱਲੋਂ …