ਪਹਿਲੀ ਵਾਰ ਵੋਟ ਪਾਉਣ ਵਾਲਿਆਂ ਨੂੰ ਦਿੱਤੇ ਗਏ ਪ੍ਰਸੰਸਾ ਪੱਤਰ
ਲੌਂਗੋਵਾਲ, 19 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਲੋਕ ਸਭਾ ਹਲਕਾ ਸੰਗਰੂਰ ਵਿੱਚ ਲੋਕ ਸਭਾ ਚੋਣਾਂ ਦਾ ਕੰਮ ਸ਼ਾਂਤੀਪੂਰਵਕ ਤੇ ਸੁਰੱਖਿਅਤ ਮਾਹੌਲ ਵਿੱਚ ਨੇਪਰੇ ਚੜ੍ਹ ਗਿਆ ਹੈ।ਲੋਕ ਸਭਾ ਚੋਣਾਂ ਦੌਰਾਨ ਹਲਕਾ ਸੰਗਰੂਰ ’ਚ ਕਰੀਬ 71 ਫੀਸਦੀ ਮਤਦਾਨ ਹੋਇਆ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਘਨਸ਼ਿਆਮ ਥੋਰੀ ਨੇ ਹਲਕੇ ਦੇ ਵੋਟਰਾਂ, ਉਮੀਦਵਾਰਾਂ, ਸਿਆਸੀ ਪਾਰਟੀਆਂ ਤੇ ਚੋਣ ਅਮਲੇ ਦਾ ਧੰਨਵਾਦ ਕੀਤਾ ਹੈ।ਉਨ੍ਹਾਂ ਕਿਹਾ ਕਿ ਅੱਜ ਪਈਆਂ ਵੋਟਾਂ ਦੇ ਨਤੀਜੇ 23 ਮਈ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਐਲਾਨੇ ਜਾਣਗੇ ਅਤੇ ਗਿਣਤੀ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
ਅੱਜ ਸਵੇਰੇ 7 ਵਜੇ ਤੋਂ ਆਰੰਭ ਹੋਈ ਵੋਟਿੰਗ ਪ੍ਰਕਿਰਿਆ ਦੌਰਾਨ ਵੋਟਰਾਂ ਨੇ ਭਾਰੀ ਉਤਸ਼ਾਹ ਦਿਖਾਇਆ। ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨ ਵੋਟਰਾਂ ਨੂੰ ਹਰੇਕ ਪੋਲਿੰਗ ਸਟੇਸ਼ਨ ’ਤੇ ਜ਼ਿਲ੍ਹਾ ਚੋਣ ਅਫ਼ਸਰ ਦੇ ਦਸਤਖਤਾਂ ਵਾਲੇ ਪ੍ਰਸੰਸਾ ਪੱਤਰ ਦੇ ਕੇ ਹੌਂਸਲਾ ਅਫਜਾਈ ਕੀਤੀ ਗਈ।ਹਲਕੇ ਦੇ ਵੱਖ-ਵੱਖ ਸੈਗਮੈਂਟਾਂ ਵਿੱਚ ਆਦਰਸ਼ ਪੋਲਿੰਗ ਸਟੇਸ਼ਨਾਂ ਨੂੰ ਸ਼ਾਨਦਾਰ ਢੰਗ ਨਾਲ ਸਜਾਇਆ ਗਿਆ ਸੀ ਅਤੇ ਸੈਲਫ਼ੀ ਪੁਆਇੰਟ ’ਤੇ ਵੀ ਵੋਟਰਾਂ ਨੇ ਖੂਬ ਤਸਵੀਰਾਂ ਖਿਚਵਾਈਆਂ।ਇਸ ਤੋਂ ਇਲਾਵਾ ਦਿਵਿਆਂਗ ਵੋਟਰਾਂ ਲਈ ਕੀਤੇ ਗਏ ਵਿਸ਼ੇਸ਼ ਪ੍ਰਬੰਧਾਂ ਨੂੰ ਵੀ ਸਰਾਹਿਆ ਗਿਆ।ਜਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਚੋਣ ਅਮਲ ਨੂੰ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚੜ੍ਹਾਉਣ ਵਾਲੇ ਚੋਣ ਅਮਲੇ ਲਈ ਚੋਣ ਕਮਿਸ਼ਨ ਵੱਲੋਂ 20 ਮਈ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਸਹਾਇਕ ਰਿਟਰਨਿੰਗ ਅਧਿਕਾਰੀਆਂ, ਸਪੈਸ਼ਲ ਮਾਈਕਰੋ ਅਬਜ਼ਰਵਰਾਂ, ਮਾਈਕਰੋ ਅਬਜ਼ਰਵਰਾਂ, ਸੈਕਟਰ ਅਫ਼ਸਰਾਂ, ਵੱਖ ਵੱਖ ਟੀਮਾਂ ਸਮੇਤ ਸਮੁੱਚੇ ਚੋਣ ਅਮਲੇ ਦੇ ਆਪਸੀ ਤਾਲਮੇਲ ਅਤੇ ਸੁਰੱਖਿਆ ਵਿਵਸਥਾ ਦੇ ਪੁਖ਼ਤਾ ਇੰਤਜਾਮਾਂ ਕਾਰਨ ਸਮੁੱਚੇ ਪੋਲਿੰਗ ਪ੍ਰਬੰਧ ਨੇਪਰੇ ਚੜ੍ਹ ਸਕੇ ਹਨ।ਇਸ ਦੌਰਾਨ ਐਸ.ਐਸ.ਪੀ ਡਾ. ਸੰਦੀਪ ਗਰਗ ਨੇ ਵੀ ਸਹਿਯੋਗ ਦੇਣ ਲਈ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ ਹੈ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …