ਦੇਸੀ ਸੰਤਰਾ 25 ਰੁਪਏ ਤੇ ਅੰਗਰੇਜੀ ਸ਼ਰਾਬ ਦਾ ਇਕ ਪੈੱਗ 50 ਦਾ
ਜੰਡਿਆਲਾ ਗੁਰੂ, 20 ਸਤੰਬਰ (ਹਰਿੰਦਰਪਾਲ ਸਿੰਘ)- ਇਕ ਪਾਸੇ ਪੰਜਾਬ ਸਰਕਾਰ ਵਲੋਂ ਪੰਜਾਬ ਵਿਚੋਂ ਨਸ਼ੇ ਦਾ ਕੋਹੜ ਖਤਮ ਕਰਨ ਲਈ ਢੰਡੋਰਾ ਪਿਟਿਆ ਜਾ ਰਿਹਾ ਹੈ, ਦੂਸਰੇ ਪਾਸੇ ਗੁਰਦੁਆਰਾ ਸਾਹਿਬ ਜਾ ਕੇ ਅਪਨੇ ਜੀਵਨ ਨੂੰ ਸੁਧਾਰਨ ਲਈ ਅਰਦਾਸ ਕਰਨ ਵਾਲੇ ਅਸਥਾਨ ਦੇ ਬਿਲਕੁਲ ਸਾਹਮਣੇ ਮਾਤਰ 10-15 ਮੀਟਰ ਦੀ ਦੂਰੀ ‘ਤੇ ਪੰਜਾਬ ਸਰਕਾਰ ਵਲੋਂ ਹੀ ਮਨਜੂਦ ਸ਼ੁਦਾ ਠੇਕਾ ਘਰ ਮੁੱਹਲਾ ਸ਼ੇਖੂਪੁਰਾ ਵਿਚ ਖੋਲਿਆ ਹੋਇਆ ਹੈ।ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਨਾਮ ਹੇਠ ਸਥਾਪਿਤ ਗੁਰਦੁਆਰਾ ਸਾਹਿਬ ਸਾਹਮਣੇ ਇਹ ਠੇਕਾ ਇਕ ਘਰ ਵਿਚ ਪੰਜਾਬ ਸਰਕਾਰ ਵਲੋਂ ਮਨਜ਼ੂਰ ਸ਼ੁਦਾ ਵਜੋਂ ਚੱਲ ਰਿਹਾ ਹੈ।ਪੱਤਰਕਾਰਾਂ ਦੀ ਟੀਮ ਜਦ ਗੁਰਦੁਆਰਾ ਸਾਹਿਬ ਦੁਪਹਿਰ ਸਮੇਂ ਪਹੁੰਚੀ ਤਾਂ ਕੋਈ ਵੀ ਵਿਅਕਤੀ ਘਰ ਦੱਸਣ ਨੂੰ ਤਿਆਰ ਨਹੀਂ ਸੀ, ਆਖਿਰ ਇਕ ਵਿਅਕਤੀ ਨੇ ਇਕ ਸਾਈਡ ਤੇ ਜਾ ਕੇ ਦੱਸਿਆ ਕਿ ਇਥੇ ਸਰਕਾਰ ਦੀ ਸ਼ਰਾਬ ਵੇਚਣ ਵਾਲਿਆ ਨੇ ਤਿੰਨ ਕੈਮਰੇ ਗਲੀ ਵਿਚ ਲਗਾਏ ਹੋਏ ਹਨ।ਜਿਸ ਕਰਕੇ ਕੋਈ ਵੀ ਸਾਹਮਣੇ ਨਹੀਂ ਆਉਂਦਾ।ਪੱਤਰਕਾਰਾਂ ਨੇ ਜਦ ਜਾ ਕੇ ਦੇਖਿਆ ਤਾਂ ਘਰ ਵਿਚ ਚੱਲ ਰਹੀ ਮਨਜੂਰ ਸ਼ੁਦਾ ਜੋ ਬ੍ਰਾਂਚ ਸੀ, ਉਥੇ ਨਾਲ ਨਮਕੀਨ ਵੀ ਰੱਖੀ ਹੋਈ ਸੀ ਅਤੇ ਉਥੇ ਰੱਖੀ ਹੋਈ ਦੇਸੀ ਸੰਤਰਾ ਦੀ ਬੋਤਲ ਵਿਚੋਂ 25 ਰੁਪਏ ਅਤੇ ਅੰਗਰੇਜੀ ਸ਼ਰਾਬ ਵਿਚੋਂ 50 ਰੁਪਏ ਦਾ ਇਕ ਪੈੱਗ ਗ੍ਰਾਹਕਾਂ ਨੂੰ ਪ੍ਰੋਸਿਆ ਜਾ ਰਿਹਾ ਸੀ।ਪੱਤਰਕਾਰਾਂ ਦੀ ਟੀਮ ਨੇ ਇਸ ਨੂੰ ਜਦ ਆਪਣੇ ਕੈਮਰੇ ਵਿਚ ਕੈਦ ਕੀਤਾ ਤਾਂ ਘਰ ਵਿਚ ਹੀ ਮੋਜੂਦ ਇਕ ਅੋਰਤ ਨੇ ਪੱਤਰਕਾਰਾਂ ਦੀ ਮੁੱਠੀ ਗਰਮ ਕਰਨ ਦੀ ਕੋਸ਼ਿਸ਼ ਵੀ ਕੀਤੀ।
ਇਥੇ ਮੋਜੂਦ ਘਰ ਦੇ ਮਾਲਿਕ ਵਲੋਂ ਇਹ ਕਹਿ ਕੇ ਪੱਲਾ ਝਾੜਿਆ ਗਿਆ ਕਿ ਮੁਹੱਲੇ ਵਿਚ ਵਿਕ ਰਹੀ ਧੜਾਧੜ ਦੇਸੀ ਘਰ ਦੀ ਬਣੀ ਅਲਕੋਹਲਿਕ ਸ਼ਰਾਬ ਦੀ ਵਿਕਰੀ ਬੰਦ ਕਰਨ ਲਈ ਇਹ ਬ੍ਰਾਂਚ ਖੋਲੀ ਗਈ ਹੈ, ਜੋ ਠੇਕੇਦਾਰਾਂ ਵਲੋਂ ਮਨਜੂਰ ਸ਼ੁਦਾ ਹੈ।ਇਥੇ ਇਹ ਵੀ ਦੱਸਣਯੋਗ ਹੈ ਇਸ ਘਰ ਤੋਂ ਸਿਰਫ 10-15 ਕਦਮਾਂ ਦੀ ਦੂਰੀ ਤੇ ਸ਼ਰੇਆਮ ਦੇਸੀ ਅਲਕੋਹਲਿਕ ਸ਼ਰਾਬ ਵੀ ਘਰ ਵਿਚ ਹੀ ਵੇਚੀ ਜਾ ਰਹੀ ਸੀ।ਇਸ ਸਬੰਧੀ ਜਦ ਜੰਡਿਆਲਾ ਗੁਰੁ ਸ਼ਰਾਬ ਦੇ ਠੇਕਿਆਂ ਦੇ ਇੰਚਾਰਜ ਚੂੰਨੀ ਲਾਲ ਨਾਲ ਫੋਨ ਤੇ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਸਾਡੀ ਮਨਜੂਰੀ ਨਾਲ ਹੀ ਇਹ ਨਜ਼ਾਇਜ਼ ਬ੍ਰਾਂਚ ਚੱਲ ਰਹੀ ਹੈ।ਏ.ਈ.ਟੀ.ਸੀ ਅੰਮ੍ਰਿਤਸਰ ਜੀ.ਐਸ.ਟਿਵਾਣਾ ਨਾਲ ਇਸ ਸਬੰਧੀ ਜਦ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਗੁਰਦੁਆਰਾ ਸਾਹਿਬ ਤੋਂ 50 ਮੀਟਰ ਦੀ ਹੱਦ ਦੇ ਅੰਦਰ ਖੁਲੇ ਹੋਏ ਕਿਸੇ ਵੀ ਅਹਾਤੇ ਜਾਂ ਬ੍ਰਾਂਚ ਨੂੰ ਤੁਰੰਤ ਬੰਦ ਕਰਵਾ ਦਿੱਤਾ ਜਾਵੇਗਾ।