ਅੰਮ੍ਰਿਤਸਰ, 11 ਅਗਸਤ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਫ਼ਾਰ ਵੂਮੈਨ ਦੇ ਵਿਹੜੇ ’ਚ ਅੱਜ ਤੀਆਂ ਦਾ ਤਿਉਹਾਰ ਅਤੇ ਅਜ਼ਾਦੀ ਦਿਵਸ ਮੁੱਖ ਮਹਿਮਾਨ ਵਜੋਂ ਪੁੱਜੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਦੀ ਧਰਮਪਤਨੀ ਸ੍ਰੀਮਤੀ ਤੇਜਿੰਦਰ ਕੌਰ ਛੀਨਾ ਨੇ ਵਿਦਿਆਰਥਣਾਂ ਨਾਲ ਸਾਉਣ ਅਤੇ ਅਜ਼ਾਦੀ ਦੀਆਂ ਬੋਲੀਆਂ ’ਤੇ ਗਿੱਧਾ ਪਾਉਂਦਿਆਂ ਉਤਸ਼ਾਹ ਨਾਲ ਮਨਾਇਆ।ਸੁਹਾਵਣੇ ਮੌਸਮ ’ਚ ਕਾਲਜ ਵਿਦਿਆਰਥਣਾਂ ਵੱਲੋਂ ਫੁੱਲਾਂ ਨਾਲ ਸਜਾਈ ਗਈ ਪੀਂਘ ’ਤੇ ਸ੍ਰੀਮਤੀ ਛੀਨਾ ਅਤੇ ਕਾਰਜਕਾਰੀ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਨੇ ਝੂਟੇ ਲੈਂਦਿਆਂ ਸਾਵਣ ਰੁੱਤ ’ਤੇ ਬੋਲੀਆਂ ਪਾਈਆਂ ਅਤੇ ਸਾਵਣ ਰੁੱਤ ਦੀ ਖੁਸ਼ੀ ਸਾਂਝੀ ਕੀਤੀ।ਸਮੂਹ ਸਟਾਫ਼ ਤੇ ਵਿਦਿਆਰਥਣਾਂ ਨੇ ਅਜ਼ਾਦੀ ਦਿਵਸ ਸਬੰਧੀ ਗੀਤ ਗਾਏ ਅਤੇ ਆ ਰਹੀ 15 ਅਗਸਤ (ਅਜ਼ਾਦੀ ਦਿਵਸ) ਦਾ ਸਵਾਗਤ ਕੀਤਾ।
ਸ਼੍ਰੀਮਤੀ ਛੀਨਾ ਨੇ ਕਿਹਾ ਕਿ ਤਿਉਹਾਰ ਸਾਡੇ ਆਪਸੀ ਸਾਂਝ ਦੇ ਪ੍ਰਤੀਕ ਹੁੰਦੇ ਹਨ ਤੇ ਸਾਰਿਆਂ ਨੂੰ ਵਿਰਾਸਤ ’ਚ ਮਿਲੇ ਤਿਉਹਾਰਾਂ ਨੂੰ ਰਲ-ਮਿਲਕੇ ਮਨਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿੱਦਿਅਕ ਅਦਾਰਿਆਂ ’ਚ ਵਿਦਿਆਰਥੀਆਂ ਨੇ ਪੰਜਾਬ ਦੀ ਸੱਭਿਅਤਾ ਦੇ ਰੀਤੀ-ਰਿਵਾਜਾਂ ਨੂੰ ਜਿਉਂਦਿਆਂ ਰੱਖਿਆਂ ਹੋਇਆ ਹੈ।ਕਾਲਜ ਵਿਦਿਆਰਥਣਾਂ ਨੇ ਸਾਉਣ ਦੇ ਮਹੀਨੇ ’ਚ ਮਨਾਏ ਜਾਂਦੇ ਇਸ ਤਿਉਹਾਰ ’ਤੇ ਪੀਂਘਾਂ ਝੂਟਣ, ਇਕ ਦੂਜੇ ’ਤੇ ਹਾਸਰਸ ਵਿਅੰਗ ਕੱਸਣ, ਪੰਜਾਬੀ ਗਾਇਕੀ, ਗਿੱਧਾ-ਬੋਲੀਆਂ ਨਾਲ ਮਾਹੌਲ ਨੂੰ ਖੁਸ਼ਗਵਾਰ ਬਣਾ ਦਿੱਤਾ।ਵਿਦਿਆਰਥਣਾਂ ਦੇ ਮਹਿੰਦੀ ਅਤੇ ਸਾਵਣ ਕੁਇਜ਼ ਮੁਕਾਬਲੇ ਵੀ ਕਰਵਾਏ, ਜਿਸ ’ਚ ਜੇਤੂ ਵਿਦਿਆਰਥਣਾਂ ਨੂੰ ਸ੍ਰੀਮਤੀ ਛੀਨਾ ਨੇ ਪ੍ਰਿੰ: ਡਾ. ਮਨਪ੍ਰੀਤ ਕੌਰ ਨਾਲ ਮਿਲ ਕੇ ਇਨਾਮ ਤਕਸੀਮ ਕੀਤੇ।
ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਸਾਉਣ ਮਹੀਨਾ, ਦੇਸੀ 12 ਮਹੀਨਿਆਂ ’ਚੋਂ ਵੱਖਰੀ ਪਛਾਣ ਰੱਖਦਾ ਹੈ।ਇਸ ਤਿਓਹਾਰ ’ਤੇ ਮੁਟਿਆਰਾਂ ਆਪਣੇ ਦਿਲ ਦੇ ਚਾਅ ਤੇ ਉਮੰਗਾਂ ਨੂੰ ਉਜਾਗਰ ਕਰਦੀਆਂ ਹਨ ਅਤੇ ਇਕੱਠੀਆਂ ਗਿੱਧਾ ਅਤੇ ਪੀਂਘਾਂ ਝੂਟ ਕੇ ਮੌਜ਼ਾਂ ਮਾਣਦੀਆਂ ਸਨ।
ਉਨ੍ਹਾਂ ਇਸ ਗੱਲ ’ਤੇ ਵੀ ਅਫ਼ਸੋਸ ਜਾਹਿਰ ਕੀਤੀ ਕਿ ਜਿੱਥੇ ਸ਼ੌਹਰਤ ਆਦਿ ਹਾਸਲ ਕਰਨ ਦੀ ਲਾਲਸਾ ਕਰਕੇ ਅੱਜ ਦੀ ਪੀੜ੍ਹੀ ਆਪਣੇ ਸੱਭਿਆਚਾਰ, ਰੀਤੀ-ਰਿਵਾਜ ਤੇ ਵਿਰਸੇ ਨੂੰ ਭੁਲਦੀ ਜਾ ਰਹੀ ਹੈ, ਉੱਥੇ ਵੱਧਦੀ ਮਹਿੰਗਾਈ ਨੇ ਵੀ ਤਿਉਹਾਰਾਂ ’ਤੇ ਲੱਗਦੀਆਂ ਰੌਣਕਾਂ ਨੂੰ ਘਟਾਉਣ ’ਚ ਕੋਈ ਕਸਰ ਨਹੀਂ ਛੱਡੀ।ਪਰ ਫਿਰ ਵੀ ਪੰਜਾਬੀ ਵਿਰਸੇ ਨੂੰ ਪਿਆਰ ਕਰਨ ਵਾਲੇ ਸਮਾਜ ਸੇਵਕ ਸੰਸਥਾਵਾਂ, ਕਾਲਜ ਅਤੇ ਸਕੂਲ ਆਦਿ ਸਮੇਂ-ਸਮੇਂ ’ਤੇ ਇਹੋ ਜਿਹੇ ਉਪਰਾਲੇ ਕਰਦੇ ਹਨ ਕਿ ਸਾਡੇ ਰੀਤੀ-ਰਿਵਾਜਾਂ ਨਾਲ ਜੁੜੇ ਹੋਏ ਇਹ ਤਿਓਹਾਰ ਜਿਉਂਦੇ ਰਹਿ ਸਕਣ। ਇਸ ਮੌਕੇ ਸ੍ਰੀਮਤੀ ਛੀਨਾ ਅਤੇ ਪ੍ਰਿੰ: ਡਾ. ਮਨਪ੍ਰੀਤ ਕੌਰ ਨੇ ਵਿਦਿਆਰਥਣਾਂ ਨੂੰ ਅਜ਼ਾਦੀ ਦੀ ਮਹੱਤਤਾ ਬਾਰੇ ਵੀ ਚਾਨਣਾ ਪਾਇਆ।
ਇਸ ਮੌਕੇ ਪ੍ਰਿੰ: ਡਾ. ਮਨਪ੍ਰੀਤ ਕੌਰ ਨੇ ਸ੍ਰੀਮਤੀ ਛੀਨਾ ਨੂੰ ਫ਼ੁਲਕਾਰੀ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਡਾ. ਜਤਿੰਦਰ ਕੌਰ, ਡਾ. ਅਮਰਜੀਤ ਕੌਰ, ਡਾ. ਰਵਿੰਦਰ ਕੌਰ, ਡਾ. ਚੰਚਲ ਬਾਲਾ, ਮਨਦੀਪ ਕੌਰ, ਮਨਜੀਤ ਸਿੰਘ, ਡਾ. ਰੀਤੂ ਸ਼ਰਮਾ, ਸ਼ਰੀਨਾ ਆਦਿ ਤੋਂ ਇਲਾਵਾ ਕਾਲਜ ਦਾ ਹੋਰ ਸਟਾਫ਼ ਤੇ ਵਿਦਿਆਰਥਣਾਂ ਸ਼ਾਮਿਲ ਸਨ।
Check Also
ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ
ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …