ਅਤਰਜੀਤ ਸੂਰੀ ਨੂੰ ਵੀ ਦਿੱਤੀ ਸ਼ਰਧਾਂਜਲੀ
ਅੰਮ੍ਰਿਤਸਰ, 20 ਅਗਸਤ (ਪੰਜਾਬ ਪੋਸਟ- ਦਵਿੰਦਰ ਸਿੰਘ) – ਜਨਵਾਦੀ ਲੇਖਕ ਸੰਘ ਅਤੇ ਨਾਰੀ ਚੇਤਨਾ ਮੰਚ ਵੱਲੋਂ ਅੰਮ੍ਰਿਤਸਰ ਸਾਹਿਤ ਚਿੰਤਨ ਮੰਚ ਦੇ ਸਹਿਯੋਗ ਨਾਲ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ।
ਸ਼ਾਇਰ ਨਿਰਮਲ ਅਰਪਣ ਦੇ ਗ੍ਰਹਿ ਵਿਖੇ ਹੋਏ ਇਸ ਸੈਮੀਨਾਰ ਦੀ ਅਰੰਭਤਾ ਡਾ. ਸ਼ਰਨ ਅਰੋੜਾ ਦੇ ਸ਼ਬਦ ਗਾਇਨ ਨਾਲ ਹੋਈ। ਸ਼ਾਇਰ ਦੇਵ ਦਰਦ ਨੇ ਵਿਚਾਰ ਚਰਚਾ ਅਰੰਭ ਕਰਦਿਆਂ ਕਿਹਾ ਕਿ ਗੁਰੂ ਨਾਨਕ ਸਾਹਿਬ ਯੁਗ ਪੁਰਸ਼ ਸਨ, ਜਿੰਨ੍ਹਾਂ ਗੈਬੀ ਤਾਕਤਾਂ ਨੂੰ ਭੰਡਦਿਆਂ ਲੋਕਾਂ ਨੂੰ ਕਿਰਤ ਸਭਿਆਚਾਰ ਦਾ ਰਸਤਾ ਦਿਖਾਇਆ।ਡਾ. ਬਿਕਰਮ ਸਿੰਘ ਘੁੰਮਣ ਨੇ ਕਿਹਾ ਕਿ ਗੁਰੂ ਬਾਬੇ ਨੇ ਦੇਸ਼ਾਂ-ਦੇਸ਼ਾਂਤਰਾਂ ਦਾ ਭਰੱਮਣ ਕਰਕੇ ਹਰ ਕੁਰੀਤੀਆਂ ਨੂੰ ਵਿਗਿਆਨਕ ਤਰਕ ਦੇ ਕੇ ਨਕਾਰਿਆ ਅਤੇ ਸੱਚ ਦਾ ਰਸਤਾ ਅਖਤਿਆਰ ਕਰਨ ਲਈ ਪ੍ਰੇਰਿਆ।ਡਾ. ਇਕਬਾਲ ਕੌਰ ਸੌਂਧ ਨੇ ਬਾਬੇ ਨਾਨਕ ਦੀ ਬਾਣੀ ਦੇ ਹਵਾਲੇ ਨਾਲ ਕਿਹਾ ਕਿ ਗੁਰੂ ਸਾਹਿਬ ਦੇ ਉਪਦੇਸ਼ਾਂ ਨਾਲ ਸਮਾਜਿਕ ਪਰਿਵਰਤਨ ਅਤੇ ਧਾਰਿਮਕ ਗਿਆਨ ਦਾ ਨਵਾਂ ਯੁੱਗ ਸ਼ੁਰੂ ਹੋਇਆ।ਡਾ. ਕੁਲਦੀਪ ਕੌਰ ਅਤੇ ਜਗੀਰ ਕੌਰ ਮੀਰਾਂ ਕੋਟ ਨੇ ਕਿਹਾ ਕਿ ਗੁਰੂ ਸਾਹਿਬ ਦਾ ਸੰਦੇਸ਼ ਸਦਾਚਾਰ, ਸਮਾਜਿਕ ਜਿੰਮੇਵਾਰੀਆਂ ਅਤੇ ਸਮਾਜਿਕ ਨਿਆਂ `ਤੇ ਅਧਾਰਿਤ ਸੀ।
ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦੇਵਿੰਦਰ ਸਿੰਘ ਪਿਛਲੇ ਦਿਨੀਂ ਵਿਛੋੜਾ ਦੇ ਗਈ ਪ੍ਰਸਿੱਧ ਲੇਖਿਕਾ ਅਤਰਜੀਤ ਸੂਰੀ ਨੂੰ ਯਾਦ ਕਰਦਿਆਂ ਕਿਹਾ ਕਿ ਅਤਰਜੀਤ ਸੂਰੀ ਹੁਰਾਂ ਆਪਣੀਆਂ ਕਹਾਣੀਆਂ ਅਤੇ ਵਾਰਤਿਕ ਰਾਹੀਂ ਹੱਕ, ਸੱਚ `ਤੇ ਪਹਿਰਾ ਦੇਂਦਿਆਂ ਦੱਬੇ-ਕੁਚਲੇ ਲੋਕਾਂ ਦੀ ਗੱਲ ਕੀਤੀ।ਉਹ ਸਰੀਰਕ ਤੌਰ `ਤੇ ਬੇਸ਼ੱਕ ਸਾਡੇ ਵਿੱਚੋਂ ਚਲੇ ਗਏ ਹਨ, ਪਰ ਆਪਣੀਆਂ ਲਿਖਤਾਂ ਜ਼ਰੀਏ ਉਹ ਕਦੀ ਵੀ ਲੋਕ ਮਨਾਂ ਵਿੱਚੋਂ ਮਨਫੀ ਨਹੀਂ ਹੋਣਗੇ।
ਡਾ. ਜਸਬੀਰ ਸਿੰਘ ਚੀਮਾ ਅਤੇ ਨਿਰਮਲ ਅਰਪਨ ਨੇ ਸਾਂਝੇ ਤੌਰ `ਤੇ ਧੰਨਵਾਦ ਕੀਤਾ।ਰਚਨਾਵਾਂ ਦੇ ਚੱਲੇ ਦੌਰ ਵਿੱਚ ਦੇਵ ਦਰਦ, ਡਾ. ਅੰਗਰੀਸ਼, ਭੁਪਿੰਦਰਪ੍ਰੀਤ, ਬਿਪਨਪ੍ਰੀਤ, ਸ਼ੁਕਰਗੁਜਾਰ ਸਿੰਘ, ਕੁਲਦੀਪ ਦਰਾਜਕੇ, ਚੰਨਾ ਰਾਈਵਾਲੀਆ, ਸਿਮਰਜੀਤ, ਰਜਿੰਦਰਪਾਲ ਕੌਰ, ਵਿਜ਼ਾਲ ਐਡਵੋਕੇਟ, ਪ੍ਰਿੰ: ਨਿਰੋਤਮ ਸਿੰਘ, ਸੁਖਵੰਤ ਸਿੰਘ, ਡਾ. ਪਰਮਜੀਤ ਮੀਸ਼ਾ ਆਦਿ ਨੇ ਕਾਵਿ ਮਹਿਫਲ ਨੂੰ ਭਰਪੂਰਤਾ ਬਖਸ਼ੀ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …