ਬਟਾਲਾ, 24 ਸਤੰਬਰ (ਨਰਿੰਦਰ ਬਰਨਾਲ)- ਅਵਾਰਾ ਕੁੱਤਿਆਂ ਸਬੰਧੀ ਲੋਕਾਂ ਨੂੰ ਆ ਰਹੀਆਂ ਸਮੱਸਿਆ ਨੂੰ ਹੱਲ ਕਰਨ ਲਈ ਸਿਵਲ ਪ੍ਰਸ਼ਾਸਨ ਵੱਲੋਂ ਕੁੱਤਿਆਂ ਦੀ ਨਸਬੰਦੀ ਕਰਨ ਦੀ ਮੁਹਿੰਮ ਆਰੰਭੀ ਗਈ ਹੈ। ਐੱਸ.ਡੀ.ਐੱਮ ਬਟਾਲਾ ਸ. ਜਗਵਿੰਦਰਜੀਤ ਸਿੰਘ ਗਰੇਵਾਲ ਦੀਆਂ ਹਦਾਇਤਾਂ ‘ਤੇ ਪਸ਼ੂ ਪਾਲਣ ਵਿਭਾਗ ਅਤੇ ਨਗਰ ਕੌਂਸਲ ਵੱਲੋਂ ਇਸ ਸਬੰਧੀ ਸਾਂਝਾ ਅਭਿਆਨ ਚਲਾਇਆ ਜਾ ਰਿਹਾ ਹੈ। ਅੱਜ ਇਸੇ ਮੁਹਿੰਮ ਤਹਿਤ ਬਟਾਲਾ ਦੇ ਪਸ਼ੂ ਹਸਪਤਾਲ ਵਿਖੇ ਆਵਾਰਾ ਕੁੱਤਿਆਂ ਦੀ ਨਸਬੰਦੀ ਸਬੰਧੀ ਆਪ੍ਰੇਸ਼ਨ ਕੈਂਪ ਲਗਾਇਆ ਗਿਆ, ਜਿਸ ਵਿਚ ਨਗਰ ਕੌਂਸਲ ਵੱਲੋਂ ਫੜ੍ਹੇ ਗਏ ਅਵਾਰਾ ਕੁੱਤਿਆਂ ਦੀ ਨਸਬੰਦੀ ਕੀਤੀ ਗਈ। ਕੈਂਪ ਦੀ ਨਿਗਰਾਨੀ ਕਰਨ ਪਹੁੰਚੇ ਬਟਾਲਾ ਦੇ ਐੱਸ.ਡੀ.ਐੱਮ. ਸ. ਗਰੇਵਾਲ ਨੇ ਕਿਹਾ ਕਿ ਅਵਾਰਾ ਕੁੱਤਿਆਂ ਸਬੰਧੀ ਸ਼ਹਿਰ ਵਾਸੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਸਦੇ ਹੱਲ ਲਈ ਪ੍ਰਸ਼ਾਸਨ ਵੱਲੋਂ ਇਹ ਅਭਿਆਨ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਲੋਕਾਂ ਦੀ ਸੁਰੱਖਿਆ ਲਈ ਵੱਚਨਬੱਧ ਹੈ ਅਤੇ ਸ਼ਹਿਰ ‘ਚ ਸਾਰੇ ਅਵਾਰਾ ਕੁੱਤਿਆਂ ਨੂੰ ਫੜ੍ਹ ਕੇ ਉਨ੍ਹਾਂ ਦੀ ਨਸਬੰਦੀ ਕੀਤੀ ਜਾਵੇਗੀ।
ਕੈਂਪ ਦੌਰਾਨ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਪਵਨ ਗਾਂਧੀ ਨੇ ਦੱਸਿਆ ਕਿ ਨਗਰ ਕੌਂਸਲ ਸ਼ਹਿਰ ਵਿਚ ਘੁੰਮ ਰਹੇ ਆਵਾਰਾ ਕੁੱਤਿਆਂ ਨੂੰ ਫੜ ਰਹੀ ਹੈ ਅਤੇ ਪਸ਼ੂ ਪਾਲਣ ਵਿਭਾਗ ਦੇ ਡਾਕਟਰ ਵੱਲੋਂ ਆਵਾਰਾ ਕੁੱਤਿਆਂ ਦੇ ਆਪ੍ਰੇਸ਼ਨ ਕਰਕੇ ਨਸਬੰਦੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੇਲ ਕੁੱਤੇ ਦਾ 3 ਦਿਨ ਤੇ ਫੀਮੇਲ ਕੁੱਤੇ ਦਾ 5 ਦਿਨ ਤੱਕ ਇਲਾਜ ਕਰਨ ਤੋਂ ਬਾਅਦ ਇਨ੍ਹਾਂ ਨੂੰ ਛੱਡ ਦਿੱਤਾ ਜਾਂਦਾ ਹੈ ਅਤੇ ਓਪਰੇਸ਼ਨ ਦੇ ਦਿਨਾਂ ਦੌਰਾਨ ਕੁੱਤਿਆਂ ਨੂੰ ਡਾਈਟ ਵੀ ਦਿੱਤੀ ਜਾਂਦੀ ਹੈ। ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਬੀਤੀ 15 ਸਤੰਬਰ ਨੂੰ ਚਲਾਈ ਮੁਹਿੰਮ ਤਹਿਤ ਅੱਜ ਤੱਕ ਕੁਲ 16 ਆਪ੍ਰੇਸ਼ਨ ਕਰਕੇ ਕੁੱਤਿਆਂ ਦੀ ਨਸਬੰਦੀ ਕੀਤੀ ਗਈ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਈ. ਓ. ਨਗਰ ਕੌਂਸਲ ਬਟਾਲਾ ਮਨਮੋਹਨ ਸਿੰਘ ਰੰਧਾਵਾ, ਡਾ. ਸ਼ਾਮ ਸਿੰਘ, ਡਾ. ਕੁਲਵੰਤ ਸਿੰਘ, ਡਾ. ਸਰਬਜੀਤ ਸਿੰਘ ਰੰਧਾਵਾ, ਡਾ. ਪਰਮਿੰਦਰ ਰਾਣਾ, ਰਜੀਵ ਭੱਟੀ, ਡਾ. ਹਰਪ੍ਰੀਤ ਸਿੰਘ ਗਿੱਲ, ਨਗਰ ਕੌਂਸਲ ਦੇ ਪਰਮਿੰਦਰ ਸਿੰਘ, ਖੁਸ਼ਬੀਰ ਸਿੰਘ, ਹਰਵਿੰਦਰ ਸਿੰਘ, ਜਸਬੀਰ ਸਿੰਘ ਆਦਿ ਕਰਮਚਾਰੀ ਵੀ ਮੌਜੂਦ ਸਨ।
Check Also
ਟੀ.ਬੀ ਮਰੀਜ਼ਾਂ ਨੂੰ ਘਰ-ਘਰ ਉੱਚ ਪ੍ਰੋਟੀਨ ਖੁਰਾਕ ਪਹੁੰਚਾਉਣ ਲਈ ਡਿਪਟੀ ਕਮਿਸ਼ਨਰ ਨੇ ਤੋਰੀਆਂ ਗੱਡੀਆਂ
ਅੰਮ੍ਰਿਤਸਰ, 3 ਜਨਵਰੀ (ਸੁਖਬੀਰ ਸਿੰਘ) – ਜਿਲ੍ਹਾ ਪ੍ਰਸ਼ਾਸਨ ਨੇ ਇਕ ਹੋਰ ਪੁਲਾਂਘ ਪੁਟਦਿਆਂ ਹੋਇਆ ਜਿਲ੍ਹੇ …