Saturday, July 5, 2025
Breaking News

ਕਰੋੜਾਂ ਦੀ ਲਾਗਤ ਨਾਲ ਪਟਿਆਲਾ `ਚ ਮਹਾਰਾਜਾ ਭੁਪਿੰਦਰ ਸਿੰਘ ਖੇਡ ਯੂਨੀਵਰਸਿਟੀ ਸਥਾਪਿਤ – ਖੇਡ ਮੰਤਰੀ ਰਾਣਾ ਸੋਢੀ

ਸੰਗਰੂਰ ਵਿਖੇ 31ਵੀਂ ਨੌਰਥ ਜ਼ੋਨ ਜੂਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਦਾ ਉਦਘਾਟਨ
ਲੌਂਗੋਵਾਲ, 15 ਸਤੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੰਜਾਬ ਅੰਦਰ ਖੇਡ ਗਤੀਵਿਧੀਆਂ ਨੂੰ ਵਿਆਪਕ ਪੱਧਰ `ਤੇ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ PUNJ1509201912ਪੰਜਾਬ ਸਰਕਾਰ ਵਲੋਂ ਪਟਿਆਲਾ ਵਿਖੇ ਕਰੋੜਾਂ ਰੁਪਏ ਦੀ ਲਾਗਤ ਨਾਲ ਅਤਿ-ਆਧੁਨਿਕ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਸਥਾਪਤ ਕੀਤੀ ਗਈ ਹੈ।
              ਇਹ ਪ੍ਰਗਟਾਵਾ ਪੰਜਾਬ ਦੇ ਖੇਡਾਂ, ਯੁਵਕ ਸੇਵਾਵਾਂ ਅਤੇ ਐਨ.ਆਰ.ਆਈ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਵਾਰ ਹੀਰੋਜ਼ ਸਟੇਡੀਅਮ ਸੰਗਰੂਰ ਵਿਖੇ ਜ਼ਿਲ੍ਹਾ ਅਥਲੈਟਿਕਸ ਐਸੋਈਸੇਸ਼ਨ ਵਲੋਂ ਕਰਵਾਈਆਂ ਜਾ ਰਹੀਆਂ ਦੋ ਰੋਜ਼ਾ 31ਵੀਂ ਨੌਰਥ ਜ਼ੋਨ ਜੂਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਦਾ ਉਦਘਾਟਨ ਕਰਨ ਵੇਲੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕੀਤਾ।
               ਸੋਢੀ ਨੇ ਕਿਹਾ ਕਿ ਇਹ ਯੂਨੀਵਰਸਿਟੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸੁਪਨਮਈ ਪ੍ਰਾਜੈਕਟ ਹੈ ਅਤੇ ਇਸ ਦੀ ਸਥਾਪਨਾ ਖੇਡ ਵਿਗਿਆਨ, ਖੇਡ ਤਕਨਾਲੋਜੀ, ਖੇਡ ਮੈਨੇਜਮੈਂਟ ਅਤੇ ਸਪੋਰਟਸ ਕੋਚਿੰਗ ਦੇ ਖੇਤਰਾਂ ਵਿੱਚ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਖੇਡਾਂ ਨਾਲ ਸਬੰਧਤ ਉਚ ਮਿਆਰੀ ਬੁਨਿਆਦੀ ਢਾਂਚੇ `ਤੇ ਅਧਾਰਿਤ ਸਿੱਖਿਆ, ਸਿਖਲਾਈ ਅਤੇ ਖੋਜ ਦੇ ਖੇਤਰਾਂ `ਤੇ ਧਿਆਨ ਕੇਂਦਰਿਤ ਕਰਨ ਦੇ ਨਾਲ ਨਾਲ ਸਰੀਰਕ ਸਿੱਖਿਆ, ਸਿਖਲਾਈ ਅਤੇ ਖੇਡ ਵਿਗਿਆਨ ਦੇ ਖੇਤਰਾਂ ਵਿੱਚ ਹੋਰ ਸੰਸਥਾਵਾਂ ਦੀ ਪੇਸ਼ੇਵਰ ਅਤੇ ਅਕਾਦਮਿਕ ਅਗਵਾਈ ਕਰੇਗੀ।
               ਖੇਡ ਮੰਤਰੀ ਰਾਣਾ ਸੋਢੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਸ਼ਟਰ ਮੰਡਲ ਅਤੇ ਏਸ਼ੀਆਈ ਖੇਡਾਂ ਵਿੱਚ ਗੋਲਡ ਮੈਡਲ ਲਿਆਉਣ ਵਾਲੇ ਖਿਡਾਰੀਆਂ ਨੂੰ 1 ਕਰੋੜ ਰੁਪਏ, ਚਾਂਦੀ ਦਾ ਤਮਗਾ ਹਾਸਿਲ ਕਰਨ ਵਾਲੇ ਖਿਡਾਰੀ ਨੂੰ 75 ਲੱਖ ਰੁਪਏ ਅਤੇ ਕਾਂਸੇ ਦਾ ਤਮਗਾ ਜੇਤੂ ਖਿਡਾਰੀ ਨੂੰ 50 ਲੱਖ ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਖਿਡਾਰੀਆਂ ਨੂੰ ਖੇਡਾਂ ਦੀ ਆਧੁਨਿਕ ਤੇ ਤਕਨੀਕੀ ਸਿਖਲਾਈ ਦੇਣ ਲਈ ਕੋਚਾਂ ਨੂੰ ਵਿਦੇਸ਼ਾਂ ਵਿੱਚ ਸਿਖਲਾਈ ਲੈਣ ਲਈ ਭੇਜਿਆ ਜਾਵੇਗਾ।ਉਨ੍ਹਾਂ ਕਿਹਾ ਕਿ ਖੇਡ ਮੈਦਾਨ ਅੰਦਰ ਹਰੇਕ ਖਿਡਾਰੀ ਨੂੰ ਪੂਰੀ ਮਿਹਨਤ ਨਾਲ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵਿੱਚ ਭਾਗ ਲੈਣਾ ਚਾਹੀਦਾ ਹੈ।ਉਨ੍ਹਾਂ ਖਿਡਾਰੀਆਂ ਨੂੰ ਦੇਸ਼ ਦੇ ਪ੍ਰਸਿੱਧ ਖਿਡਾਰੀਆਂ ਪੀ.ਟੀ ਊਸ਼ਾ, ਮਿਲਖਾ ਸਿੰਘ, ਹੀਮਾ ਦਾਸ ਅਤੇ ਹੋਰ ਕੌਮਾਤਰੀ ਪੱਧਰ `ਤੇ ਤਮਗੇ ਹਾਸਿਲ ਕਰਨ ਵਾਲੇ ਖਿਡਾਰੀਆਂ ਵਾਂਗ ਖੇਡਾਂ ਅੰਦਰ ਰੁਚੀ ਲੈ ਕੇ ਤਮਗੇ ਹਾਸਿਲ ਕਰਨ ਲਈ ਪ੍ਰੇਰਿਤ ਕੀਤਾ।
              ਉਨ੍ਹਾਂ ਕਿਹਾ ਕਿ ਪੰਜਾਬ ਦੀ ਖੇਡ ਨੀਤੀ ਤਹਿਤ ਸਰਕਾਰੀ ਨੌਕਰੀਆਂ ਅੰਦਰ ਖਿਡਾਰੀਆਂ ਲਈ 3 ਫ਼ੀਸਦੀ ਰਿਜ਼ਰਵ ਕੋਟਾ ਰੱਖਿਆ ਗਿਆ ਹੈ, ਜਿਸਦੇ ਤਹਿਤ ਯੋਗਤਾ ਦੇ ਆਧਾਰ `ਤੇ ਦੇਸ਼ ਅਤੇ ਸੂਬੇ ਲਈ ਖੇਡਣ ਵਾਲੇ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਮੁਹੱਈਆ ਕਰਵਾਈਆਂ ਜਾਣਗੀਆਂ।     
ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ 1000 ਮੀਟਰ ਅਥਲੈਟਿਕਸ ਅਤੇ ਸ਼ਾਟਪੁੱਟ `ਚ ਜੇਤੂ ਖਿਡਾਰੀਆਂ ਨੂੰ ਮੈਡਲ ਪ੍ਰਦਾਨ ਕੀਤੇ ਅਤੇ ਭਵਿੱਖ `ਚ ਉਨ੍ਹਾਂ ਨੂੰ ਹੋਰ ਅੱਗੇ ਵਧਣ ਲਈ ਸੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਵਾਰ ਹੀਰੋਜ਼ ਸਟੇਡੀਅਮ ਵਿਖੇ 7 ਕਰੋੜ ਤੋਂ ਵਧੇਰੇ ਦੀ ਲਾਗਤ ਨਾਲ ਬਣ ਰਹੇ ਬਹੁਮੰਤਵੀ ਅਤਿ ਆਧੁਨਿਕ ਇਨਡੋਰ ਖੇਡ ਕੰਪਲੈਕਸ ਦੇ ਚੱਲ ਰਹੇ ਉਸਾਰੀ ਕਾਰਜ਼ਾਂ ਦਾ ਜਾਇਜ਼ਾ ਵੀ ਲਿਆ।
            ਇਸ ਤੋਂ ਪਹਿਲਾਂ ਜ਼ਿਲ੍ਹਾ ਖੇਡ ਅਫ਼ਸਰ ਯੋਗਰਾਜ ਨੇ ਦੱਸਿਆ ਕਿ ਦੋ ਰੋਜ਼ਾ ਅਥਲੈਟਿਕਸ ਚੈਂਪੀਅਨਸ਼ਿਪ ਦੌਰਾਨ 8 ਰਾਜਾਂ ਹਰਿਆਣਾ, ਪੰਜਾਬ, ਉਤਰ ਪ੍ਰਦੇਸ਼, ਉਤਰਾਖੰਡ, ਦਿੱਲੀ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੇ 600 ਖਿਡਾਰੀ ਭਾਗ ਲੈ ਰਹੇ ਹਨ।
           ਇਸ ਮੌਕੇ ਏ.ਕੇ ਸ਼ਰਮਾ ਪ੍ਰਧਾਨ ਪੰਜਾਬ ਅਥਲੈਟਿਕਸ ਐਸੋਈਸੇਸ਼ਨ, ਹਰਬੰਸ ਗਰਚਾ, ਸਿਮਰਨ ਭੰਡਾਰੀ, ਬਲਬੀਰ ਕੌਰ ਸੈਣੀ ਅਤੇ ਹੋਰ ਰਾਜਾਂ ਤੋਂ ਆਏ ਖਿਡਾਰੀ ਹਾਜ਼ਰ ਸਨ।

Check Also

ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ

ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …

Leave a Reply