Sunday, December 22, 2024

ਪਲਸਾਟਿਕ ਦੀ ਬੇਤਹਾਸ਼ਾ ਵਰਤੋਂ ਖਤਰਨਾਕ

      Plastic Lifafa  ਇਹਨਾਂ ਚੀਜ਼ਾਂ ਦੀ ਜਦੋਂ ਵਰਤੋਂ ਸ਼ੁਰੂ ਹੋਈ ਸੀ, ਉਸ ਵਕਤ ਕਿਸੇ ਨੇ ਅੰਦਾਜਾ ਵੀ ਨਹੀਂ ਲਗਾਇਆ ਹੋਣਾ ਕਿ ਇਹ ਸਾਡੀ ਜਿੰਦਗੀ ਲਈ ਐਨੇ ਨੁਕਸਾਨ ਦਾਇਕ ਸਿੱਧ ਹੋਣਗੇ।ਅਸੀਂ ਆਪਣੀਆਂ ਘਰੇਲੂ ਲੋੜਾਂ ਲਈ ਇਹਨਾਂ ਦੀ ਅੰਧਾ-ਧੰੁਦ ਵਰਤੋਂ ਸ਼ੁਰੂ ਕਰ ਲਈ।ਆਓ ਥੋੜ੍ਹਾ-ਥੋੜ੍ਹਾ ਪਹਿਲੀਆਂ ਚੀਜ਼ਾਂ ਦੀ ਮੁੜ ਵਰਤੋਂ ਸ਼ੁਰੂ ਕਰੀਏ।ਇਹਨਾਂ ਤੇ ਨਿਰਭਰਤਾ ਘਟਾਈਏ।
     ਅਸੀਂ ਸਿਰ ਨਹਾਉਣ ਲਈ ਪਹਿਲਾਂ ਖੱਟੀ ਲੱਸੀ, ਹਰੜ, ਬਹੇੜੇ, ਔਲੇ ਆਦਿ ਲੋਹੇ ਦੀ ਕੜਾਹੀ ਵਿੱਚ ਰਾਤ ਭਿਓਂ ਕੇ ਸਵੇਰ ਨੂੰ ਵਰਤਦੇ ਸਾਂ।ਘਰਾਂ ਵਿੱਚ ਹੀ ਹੁਣ ਅਸੀਂ ਵੰਨ ਸੁਵੰਨੇ ਰਸਾਇਣ ਯੁਕਤ ਸ਼ੈਂਪੂਆਂ ਦੀ ਵਰਤੋਂ ਕਰਦੇ ਹਾਂ ।
    ਅਸੀਂ ਨਹਾਉਣ ਲਈ ਦੁੱਧ ਦਹੀਂ ਹਲਦੀ ਵੇਸਣ, ਗਾਚਣੀ ਦੀ ਵਰਤੋਂ ਕਰਦੇ ਸੀ।ਹੁਣ ਅਸੀਂ ਵੰਨ ਸੁਵੰਨੇ ਰਸਾਇਣ ਯੁਕਤ ਸਾਬਣਾ ਦੀ ਵਰਤੋਂ ਕਰਦੇ ਹਾਂ ।
     ਅਸੀਂ ਕੇਸਾਂ ਨੂੰ ਖਾਲਸ ਸਰੋਂ ਦਾ ਤੇਲ, ਦੇਸੀ ਘਿਓ, ਤਿਲਾਂ ਦਾ ਤੇਲ ਲਗਾਉਂਦੇ ਸੀ।ਵੱਧ ਤੋਂ ਵੱਧ ਤਿਲਾਂ ਦੇ ਤੇਲ ਵਿੱਚ ਚਮੇਲੀ, ਗੁਲਾਬ, ਮੌਂਗਰੇ ਦੇ ਫੁੱਲ, ਸੰਦਲ ਦੀ ਲੱਕੜ, ਮੁਸ਼ਕਪੂਰ ਦੀ ਟਿੱਕੀ ਜਾਂ ਆਵਲੇ ਪਾ ਕੇ ਘਰ ਵਿੱਚ ਹੀ ਤੇਲ ਤਿਆਰ ਕਰ ਲੈਂਦੇ ਸੀ।ਹੁਣ ਰਸਾਇਣ-ਯੁਕਤ ਤੇਲ ਜਿਨ੍ਹਾਂ ਵਿੱਚ ਅਸਲੀ ਤੇਲ ਹੁੰਦਾ ਹੀ ਨਹੀਂ ਜਾਂ ਨਾ ਮਾਤਰ ਹੁੰਦਾ ਹੈ, ਵਰਤਦੇ ਹਾਂ ।
     ਬੱਚਿਆਂ ਵਾਸਤੇ ਪੋਤੜੇ, ਲੰਗੋਟ, ਆਦਿ ਦੀ ਵਰਤੋਂ ਹੁੰਦੀ ਸੀ, ਕੱਛੀਆਂ, ਜਾਂਗੀਏ ਸੂਤੀ ਕੱਪੜੇ ਵਰਤੇ ਜਾਂਦੇ ਸਨ। ਬੱਚਿਆਂ ਨੂੰ ਰਾਹ ਵਾਲੀਆਂ ਤੰਬੀਆਂ ਵਰਤੀਆਂ ਜਾਂਦੀਆਂ ਸਨ।ਹੁਣ ਸੈਂਟਰੀ ਨੈਪਕਿੰਨ ਵਰਤੇ ਜਾਂਦੇ ਹਨ, ਵਿੱਚੇ ਪਿਸ਼ਾਬ ਕਈ ਕਈ ਘੰਟੇ ਰਹਿੰਦਾ ਹੈ ਅਤੇ ਕਈ ਵਾਰ ਬੱਚੇ ਦੀ ਟੱਟੀ ਕੀਤੀ ਦਾ ਵੀ ਪਤਾ ਨਹੀਂ ਲੱਗਦਾ ਤੇ ਕਾਫੀ ਸਮਾਂ ਉਸ ਤਰ੍ਹਾਂ ਹੀ ਰਹਿ ਜਾਂਦੀ ਹੈ।ਬੱਚਿਆਂ ਦੇ ਚਿੱਤੜ `ਤੇ ਪਿਸ਼ਾਬ ਅੰਗ ਖਰਾਬ ਹੁੰਦੇ ਹਨ। ਮਾਵਾਂ ਕੱਪੜੇ ਧੌਣ ਤੋਂ ਬਚਦੀਆਂ ਹਨ ਤੇ ਸਿੰਥੈਟਿੰਕ ਕੂੜ ਕਬਾੜਾ ਵਧੀ ਜਾ ਰਿਹਾ ਹੈ ।
     ਪਹਿਲਾਂ ਸੂਤੀ ਕੱਪੜੇ ਦੀ ਵਰਤੋਂ ਹੁੰਦੀ ਸੀ ਹੁਣ ਸਿੰਥੇਟਿਕ ਕੱਪੜੇ ਬਣਦੇ ਹਨ।ਪਹਿਲਾਂ ਕੱਪੜੇ ਲੋੜ ਅਨੁਸਾਰ ਲਏ ਜਾਂਦੇ ਸਨ।ਹੁਣ ਅਲਮਾਰੀਆਂ ਭਰੀਆਂ ਹੁੰਦੀਆਂ ਹਨ।ਪਹਿਲਾਂ ਚਮੜੇ ਦੀਆਂ ਜੁੱਤੀਆਂ ਬਣਦੀਆਂ ਸਨ ਇਕ-ਦੋ ਜੋੜਿਆਂ ਨਾਲ ਸਰ ਜਾਂਦਾ ਸੀ।ਹੁਣ ਬੇਤਹਾਸ਼ਾ ਪਲਾਸਟਿਕ ਦੀਆਂ ਵੰਨ ਸੁਵੰਨੀਆਂ ਜੁੱਤੀਆਂ ਬਣਦੀਆਂ ਹਨ।ਬੀਬੀਆਂ, ਬੱਚਿਆਂ, ਮਰਦਾਂ ਨੂੰ ਰੱਜ ਹੀ ਨਹੀਂ ਆਉਂਦਾ।ਪਲਾਸਟਿਕ ਦੇ ਅੰਬਾਰ ਲੱਗ ਰਹੇ ਹਨ।
     ਸਿੰਥੈਟਿਕ ਕੱਪੜੇ ਸਰੀਰ ਲਈ ਹਾਨੀਕਾਰਕ ਹਨ, ਚਮੜੀ ਦੇ ਰੋਗ ਵਧ ਰਹੇ ਹਨ।ਜਾਣੇ ਅਣਜਾਣੇ ਅੱਗ ਲੱਗ ਜਾਣ ਤੇ ਇਹ ਕੱਪੜੇ ਸਰੀਰ ਨਾਲ ਚਿੰਬੜ ਜਾਂਦੇ ਹਨ।ਚਮੜੀ ਉਧੇੜ ਕੇ ਹੀ ਵੱਖ ਹੁੰਦੇ ਹਨ।ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ।
     ਖਾਣ ਪੀਣ ਲਈ ਸਾਦਾ ਰੋਟੀ ਪਾਣੀ ਹੁੰਦਾ ਸੀ।ਲਵੇਰਾ ਹੋਵੇ ਤਾਂ ਦੁੱਧ ਦਹੀਂ ਲੱਸੀ ਵਾਧੂ ਹੋ ਜਾਂਦੀ ਸੀ।ਰਸੋਈ ਵਿੱਚ ਘਰ ਦੀ ਸਰੋਂ, ਤਿਲ, ਤੋਰੀਆਂ ਦਾ ਤੇਲ ਤੇ ਦੇਸੀ ਘਿਓ ਵਰਤਿਆ ਜਾਂਦਾ ਸੀ।ਹੁਣ ਪਤਾ ਨਹੀਂ ਕਿੰਨੇ ਤਰ੍ਹਾਂ ਦੇ ਰਿਫਾਇੰਡ ਤੇਲ ਆ ਗਏ ਹਨ।ਕੋਈ ਚੰਗੇ ਦੱਸਦਾ ਹੈ ਤੇ ਕੋਈ ਮਾੜੇ।ਗੋਡੇ ਦੁਖਣ ਲਾ ਦਿੱਤੇ ਹਨ।ਪਹਿਲਾਂ ਬਿਮਾਰ ਹੋਣ ਤੇ ਹੀ ਖਿਚੜੀ, ਦਲੀਆਂ, ਰਸ ਆਦਿ ਦੀ ਵਰਤੋਂ ਹੁੰਦੀ ਸੀ।ਡਬਲ ਰੋਟੀ ਦੇ ਆਟੇ ਨੂੰ ਕੁਦਰਤੀ ਖਮੀਰ ਜਾਂ ਦਹੀਂ ਨਾਲ ਖਮੀਰਾ ਕੀਤਾ ਜਾਂਦਾ ਸੀ।ਹੁਣ ਬਨਾਉਟੀ ਖਮੀਰ ਜਿਸ ਨੂੰ ਦੇਸੀ ਭਾਸ਼ਾ ਵਿੱਚ ਗਾਚੀ ਕਹਿੰਦੇ ਹਨ ਦੀ ਵਰਤੋਂ ਹੁੰਦੀ ਹੈ।ਸਰਦੇ ਪੁੱਜਦੇ ਘਰਾਂ ਵਾਲੇ ਆਟਾ, ਘਿਓ, ਮਿੱਠਾ ਦੇ ਕੇ ਪੀਪਾ ਬਿਸਕੁਟ ਬਣਵਾ ਲੈਂਦੇ ਸਨ।ਹੁਣ ਤਾਂ ਵੰਨ ਸੁਵੰਨੇ ਬਿਸਕੁਟ, ਕੇਕ, ਪੇਸਟ੍ਰੀਆਂ, ਚਾਕਲੇਟ, ਸਿੰਥੇਟਿੰਕ ਅਲਮੀਨੀਅਮ ਫਾਇਲ ਯੁਕਤ ਰੈਪਾਂ ਵਿੱਚ ਲਪੇਟੇ ਮਿਲਦੇ ਹਨ।ਕੁਰਕੁਰੇ ਤੇ ਹੋਰ ਨਮਕੀਨ, ਟੌਫੀਆਂਦੇ ਰੈਪਾਂ ਦਾ ਸਿੰਥੇਟਿਕ ਕੂੜਾ ਵੱਧਦਾ ਜਾ ਰਿਹਾ ਹੈ ।
      ਪਹਿਲਾਂ ਦਹੀਂ ਪਨੀਰ ਖੋਆ ਘਰ ਵਿੱਚ ਹੀ ਤਿਆਰ ਕਰ ਲਿਆ ਜਾਦਾ ਸੀ।ਦੁੱਧ ਤੋਂ ਪਨੀਰ ਬਣਾਉਣ ਲਈ ਨਿੰਬੂ ਜਾ ਦਹੀਂ ਦੀ ਵਰਤੋਂ ਕੀਤੀ ਜਾਂਦਾ ਸੀ।ਜਦੋਂ ਤੋਂ ਡੇਅਰੀਆਂ ਹੋਂਦ ਵਿੱਚ ਆ ਗਈਆਂ ਹਨ, ਉਸ ਵਕਤ ਤੋਂ ਪਹਿਲਾਂ  ਨਿੰਬੂ ਦੇ ਸਤ ਦੀ ਵਰਤੋਂ ਹੁੰਦੀ ਸੀ, ਮਹਿੰਗਾ ਹੋਣ ਤੇ ਟਾਟਰੀ ਦੀ ਵਰਤੋਂ ਹੋਣ ਲੱਗ ਪਈ।ਹੁਣ ਤਾਂ ਸਿੱਧਾ ਤੇਜਾਬ ਨਾਲ ਦੁੱਧ ਪਾੜਿਆ ਜਾਂਦਾ ਹੈ।ਦਹੀਂ ਵੀ ਅਖੌਤੀ ਸੁੱਕੇ ਦੁਧ ਦਾ ਹੀ ਬਣਦਾ ਹੈ।ਖੋਏ ਦਾ ਤਾਂ ਪਤਾ ਹੀ ਨਹੀਂ ਕੀ ਹੁੰਦਾ ਹੈ।  ਪੰਜਾਬ ਵਿੱਚ ਤਾਂ ਇਤਨੇ ਪਸ਼ੂ ਨਹੀਂ ਜਿੰਨ੍ਹਾਂ ਦੁੱਧ ਦਹੀਂ ਝੂਠੋ ਝੂਠ ਪੈਦਾ ਹੋ ਰਿਹਾ ਹੈ।ਇਹੋ ਹਾਲ ਸਾਰੇ ਦੇਸ਼ ਦਾ ਹੈ।ਇਹ ਸਿੰਥੇਟਿਕ ਦੁਧ ਦਹੀਂ ਮਠਿਆਈਆਂ ਬੀਮਾਰੀਆਂ ਦਾ ਕਾਰਨ ਬਣ ਰਹੇ ਹਨ।
      ਸਾਡੇ ਮੰਜੇ ਲੱਕੜ ਦੇ ਹੁੰਦੇ ਸਨ।ਸਣ, ਮੁੰਜ, ਸੂਤੀ ਨਵਾਰ, ਸੂਤੜੀ ਦੇ ਬੁਣੇ ਜਾਂਦੇੇ ਸਨ।ਹੁਣ ਇਹ ਸਭ ਸਿੰਥੇਟਿਕ ਹਨ।ਕੁਰਸੀਆਂ, ਮੇਜ਼, ਬੈਡ, ਫੋਮ ਦੇ ਗੱਦੇ, ਰਜਾਈਆਂ, ਤਲਾਈਆਂ, ਸਿਰਹਾਣੇ ਕੰਬਲ, ਬੈਡ ਸ਼ੀਟਾਂ, ਸਭ ਸਿੰਥੇਟਿਕ ਹੋ ਗਈਆਂ ਹਨ।ਰੂੰ ਦੀਆਂ ਰਜਾਈਆਂ, ਤਲਾਈਆਂ, ਖੇਸ, ਚਾਂਦਰਾ, ਖੇਸੀਆਂ, ਚਤਈਆਂ ਲੱਭਿਆਂ ਵੀ ਨਹੀਂ ਲੱਭਦੀਆਂ ।ਇਹੋ ਹਾਲ ਉੱਨੀ ਕੱਪੜਿਆਂ ਦਾ ਹੈ।ਉਹ ਵੀ ਬਨਾਉਟੀ ਹੀ ਹੈ।
      ਪਹਿਲਾਂ ਘਰਾਂ ਵਿੱਚ ਕੱਚੀ ਲੱਸੀ, ਗੁੜ ਲੱਸੀ, ਲੂਣੀ ਲੱਸੀ, ਜੌਂ ਭੁੰਨਾ ਕੇ ਕੁੱਟ ਪੀਸ ਕੇ ਸੱਤੂ, ਸ਼ੱਕਰ ਪਾਣੀ, ਨਿੰਬੂ ਪਾਣੀ ਲੂਣ ਵਾਲਾ ਤੇ ਮਿੱਠਾ, ਅੰਬਾਂ ਦੀ ਬਹਾਰੇ ਅੰਬਾਂ ਦਾ ਗੜੰਬਾ, ਕੱਚੇ ਅੰਬਾਂ ਨੂੰ ਉਬਾਲਕੇ ਸ਼ਰਬਤ, ਜਾਮਨੂੰ ਦਾ ਸ਼ਰਬਤ, ਘਰਾਂ ਵਿੱਚ ਸ਼ੁਧ ਤਿਆਰ ਕੀਤਾ ਜਾਂਦਾ ਸੀ ਹੁਣ ਕੈਮੀਕਲ ਯੁਕਤ ਨਕਲੀ ਫਰੂਟ ਸੈਂਸ ਤੇ ਹੋਰ ਭੱਸੜ ਖੇਹਾਂ ਪਾ ਬਣੇ ਸ਼ਰਬਤ ਸੋਡੇ, ਕੋਕ ਆਦਿ ਸਿਹਤਾਂ ਖਰਾਬ ਕਰਦੇ ਹਨ।
      ਪਹਿਲਾਂ ਕੱਚ ਦੀਆਂ ਬੋਤਲਾਂ ਵਿੱਚ ਇਹ ਸਭ ਕੁੱਝ ਪੈਂਦਾ ਸੀ ਤੇ ਉਸ ਕੱਚ ਦੀ ਮੁੱੜ ਵਰਤੋਂ ਹੁੰਦੀ ਸੀ।ਉਹ ਘੁਲਣਸ਼ੀਲ ਵੀ ਨਹੀਂ ਸੀ।ਹੁਣ ਅੱਧੀ ਪਲਾਸਟਿਕ, ਬੋਤਲਾਂ ਰਾਹੀਂ ਸਾਡੇ ਅੰਦਰ ਜਾਂਦੀ ਹੈ, ਰੂੜੀਆਂ ਦੇ ਢੇਰ ਤੇ ਬੋਤਲਾਂ ਤੁਰੀਆਂ ਫਿਰਦੀਆਂ ਹਨ ।
      ਪਹਿਲਾਂ ਸ਼ਰਾਬ, ਡਾਕਟਰੀ ਦਵਾਈਆਂ ਕੱਚ ਦੀਆਂ ਬੋਤਲਾਂ ਵਿੱਚ ਹੁੰਦੀਆਂ ਸਨ।ਦੁਹਾਈ ਰੱਬ ਦੀ ਇਹ ਵੀ ਪਲਾਸਟਿਕ ਦੀਆਂ ਬੋਤਲਾਂ ਵਿੱਚ ਆਉਣ ਲੱਗ ਪਈਆਂ ਹਨ।ਪਹਿਲਾਂ ਖੁੱਲ੍ਹੀਆਂ ਗੋਲੀਆਂ ਗੱਤੇ ਦੇ ਡੱਬਿਆਂ ਵਿੱਚ ਹੁੰਦੀਆਂ ਸਨ।ਹੁਣ ਹਰ ਦਵਾਈ ਪੋਲੀਥੀਨ ਦੀ ਪਤਲੀ ਪਰਤ ਹੇਠ ਐਲੂਮੀਨੀਅਮ ਵਿੱਚ ਪੈਕ ਹੋ ਕੇ ਆਉਂਦੀਆਂ ਹਨ।ਕੋਈ ਵੀ ਪੁੱਛਣ ਵਾਲਾ ਨਹੀਂ ਹੈ ।
       ਅਸੀਂ ਘਰਾਂ ਵਿੱਚ ਖਾਸ ਕਰਕੇ ਰਸੋਈ ਵਿੱਚ ਕੀੜੇ ਮਕੌੜਿਆਂ ਨੂੰ ਰੋਕਣ ਲਈ ਜ਼ਹਿਰਾਂ ਦੀ ਵਰਤੋਂ ਕਰਨ ਲੱਗ ਪਏ ਹਾਂ।ਜਿਵੇਂ ਹਿੱਟ, ਚਾਕ, ਫਿਨਾਇਲ ਆਦਿ।ਇਸ ਦੀ ਜਗ੍ਹਾ ਲੌਂਗ, ਹਲਦੀ, ਲੂਣ, ਤੀਲਾਂ ਦੀ ਡੱਬੀ ਆਦਿ ਦੀ ਵਰਤੋਂ ਮਾਵਾਂ, ਦਾਦੀਆਂ ਕਰਦੀਆਂ ਸਨ।ਭਾਂਡੇ ਧੋਣ ਲਈ ਅਸੀ ਸਭ ਹੀ ਵਿਮ ਟਿੱਕੀ ਜਾਂ ਲੀਕੁਅਡ ਦੀ ਵਰਤੋਂ ਕਰਨ ਲੱਗ ਪਏ ਹਾਂ ਜੋ ਹਾਨੀਕਾਰਕ ਹੈ ਤੇ ਪਲਾਸਟਿਕ ਕੂੜਾ ਬਣ ਰਿਹਾ ਹੈ।ਇਸ ਦੀ ਜਗ੍ਹਾ ਸਵਾਹ ਸਭ ਤੋਂ ਚੰਗੀ ਸੀ।
      ਗੁਲੂਕੋਜ਼ ਵੀ ਪਲਾਸਟਿਕ ਦੀਆਂ ਬੋਤਲਾਂ ਵਿੱਚ, ਕੱਚ ਦੀਆਂ ਸਰਿੰਜਾਂ ਵੀ ਪਲਾਸਟਿਕ ਦੀਆਂ ਹੋ ਗਈਆਂ ਹਨ। ਸਾਰੇ ਡਾਕਟਰੀ ਔਜਾਰ ਵਧੀਆ ਸਟੀਲ ਦੇ ਹੁੰਦੇ ਸਨ ।
      ਕੋਕਾ ਕੋਲਾ ਤੇ ਹੋਰ ਪੀਣ ਵਾਲੇ ਪਦਾਰਥ ਕੱਚ ਦੀਆਂ ਬੋਤਲਾਂ ਵਿੱਚ ਹੁੰਦੇ ਸਨ ਤੇ ਫਿਰ ਰੀਫਿੱਲ ਹੁੰਦੇ ਸਨ।ਹੁਣ ਇਹ ਹਾਨੀਕਾਰਕ ਬੋਤਲਾਂ ਵਿੱਚ ਮਿਲਦਾ ਹੈ।
       ਟਮੈਟੋਂ ਕੈਚਅਪ ਤੇ ਹੋਰ ਖਾਰਾਂ ਵੀ ਪਲਾਸਟਿਕ ਬੋਤਲਾਂ ਵਿੱਚ ਆਉਣ ਲੱਗ ਪਈ ਹੈ।ਸਾਡੇ ਗੁਸਲਖਾਨਿਆਂ ਰਸੋਈ ਵਿੱਚ ਬਾਲਟੀਆਂ, ਟੱਬ, ਮੱਗ ਸੱਬ ਪਲਾਸਟਿਕ ਦੇ ਹਨ।
      ਬੱਚਿਆਂ ਦੇ ਖਿਡਾਉਣੇ ਪਹਿਲਾਂ ਮਿੱਟੀ, ਲੱਕੜ, ਲੋਹੇ, ਪਿੱਤਲ ਦੇ ਹੁੰਦੇ ਸਨ।ਹੁਣ ਇਹਨਾਂ ਵਿੱਚ ਵੀ ਨੁਕਸਾਨਦਾਇਕ ਪਲਾਸਟਿਕ ਦੀ ਵਰਤੋਂ ਹੋ ਰਹੀ ਹੈ।ਗੁੱਡੀਆਂ ਪਟੋਲੇ ਵੀ ਘਰ ਦੇ ਰੂੰ ਤੇ ਸੂਤੀ ਕੱਪੜੇ ਦੇ ਬਣਦੇ ਸਨ।ਹੁਣ ਤਾਂ ਟੈਡੀ ਬੀਅਰ ਸਿੰਥੇਟਿਕ ਰੂੰ ਦੇ ਬਣੇ ਹੁੰਦੇ ਹਨ ਅਤੇ ਘਰਾਂ ਵਿੱਚ ਅੰਬਾਰ ਲੱਗੇ ਹੋਏ ਹਨ।
       ਜਦੋਂ ਕੋਈ ਵੀ ਪ੍ਰੋਗਰਾਮ ਪੈਲਸ ਹੋਵੇ ਜਾਂ ਘਰ, ਸਭ ਥਾਂ ਪਲਾਸਟਿਕ, ਥਰਮੋਕੋਲ ਦੇ ਗਲਾਸ, ਥਾਲੀਆਂ, ਪਲੇਟਾਂ, ਕੌਲੀਆਂ ਚਮਚੇ ਸਭ ਇਹਨਾਂ ਦੇ ਹੀ ਬਣਿਆਂ ਦੀ ਵਰਤੋਂ ਹੋ ਰਹੀ ਹੈ।ਜੋ ਵੀ ਵੱਡੇ ਵੱਡੇ ਪਤੀਲੇ, ਕੜਾਹੀਆਂ, ਕੈਨ ਸੱਭ ਅਲਮੀਨੀਅਮ ਦੇ ਵਰਤੇ ਜਾ ਰਹੇ ਹਨ।ਹਰ ਘਰ ਵਿੱਚ ਕੁੱਕਰ, ਫਰਾਈਪੈਨ, ਚਾਹ ਵਾਲੇ ਪਤੀਲੇ ਸਭ ਅਲਮੀਨੀਅਮ ਦੇ ਹਨ।ਚਮਚੇ ਕੜਛੀਆਂ ਤੇ ਹੋਰ ਸਮਾਨ ਸਭ ਦੇ ਸਭ ਪਲਾਸਟਿਕ ਦੇ ਰਸੋਈ ਵਿੱਚ ਪ੍ਰਧਾਨ ਹਨ।ਹਰ ਘਰ ਵਿੱਚ ਬਿਮਾਰਾਂ ਦੀ ਗਿਣਤੀ ਵੱਧ ਰਹੀ ਹੈ।
       ਅਰ.ਓ ਦਾ ਫਿਲਟਰਡ ਪਾਣੀ ਨਿੱਕੀਆਂ ਵੱਡੀਆਂ ਪਲਾਸਟਿਕ ਦੀਆਂ ਬੋਤਲਾਂ ਵਿੱਚ ਪੈਕ ਹੋ ਸਾਡੇ ਨੀਤੀ ਘਤੜਿਆਂ ਦੀਆਂ ਮੇਜ਼ਾਂ ਤੇ ਵੀ ਰੱਖਿਆ ਦੇਖਦੇ ਹਾਂ।
       ਕੂਲਰ, ਟੀ.ਵੀ, ਬੋਰਿੰਗ ਦੀਆਂ ਪਾਇਪਾਂ, ਸੈਂਟਰੀ ਫਿਟਿੰਗ, ਸਕੂਟਰ, ਬੱਚਿਆਂ ਦੇ ਸਾਇਕਲ, ਕਾਰਾਂ ਦੇ ਹਿੱਸੇ, ਸਭ ਕੁਝ ਫਾਇਬਰ ਗਲਾਸ ਦਾ ਬਣ ਰਿਹਾ ਹੈ।ਖੁਦਾ ਨਖਾਸਤਾ ਅੱਗ ਲੱਗ ਜਾਵੇ ਤਾਂ ਸਭ ਕੁੱਝ ਇਕੱਠਾ ਹੋ ਜਾਂਦਾ ਹੈ। ਫੋਟੋ ਸਟੇਟ ਮਸ਼ੀਨਾਂ, ਪ੍ਰਿੰਟਰਾਂ, ਮਿਕਸੀਆਂ, ਗਰੈਡਰਾਂ ਸੱਭ ਦੇ ਕਲ ਪੁਰਜੇ, ਗੇਅਰ ਗਰਾਰੀਆਂ ਬਾਡੀਆਂ, ਬਿਜਲੀ ਦਾ ਸਮਾਨ ਸੱਭ ਫਾਈਬਰ ਗਲਾਸ, ਬੈਕਾਲਾਈਟ, ਪਲਾਸਟਿਕ, ਆਦਿ ਵਿੱਚ ਆ ਰਿਹਾ।ਬਿਜਲੀ ਦੇ ਸਮਾਨ ਦੇ ਕਲਪੁਰਜੇ ਪਿੱਤਲ ਤਾਂਬੇ ਦੀ ਜਗ੍ਹਾ ਅਲਮੀਨੀਅਮ ਦੇ ਬਣਦੇ ਹਨ।
       ਘਰੇਲੂ ਕਰਿਆਨੇ ਦਾ ਸਮਾਨ, ਸਬਜੀ, ਫਰੂਟ, ਹੋਰ ਸਮਾਨ ਖਰੀਦਨ ਲਈ ਘਰਾਂ ਤੋਂ ਸੂਤੀ ਥੈਲੇ, ਕੱਪੜਾ ਆਦਿ ਲੈ ਕੇ ਜਾਂਦੇੇ ਸਾਂ।ਜਿਆਦਾ ਸਮਾਨ ਹੋਣ ਤੇ ਪਟਸਨ ਦੀ ਬੋਰੀ/ਤੋੜੇ ਵਿੱਚ ਪਾ ਦੈਂਦੇ ਸਨ।ਹੁਣ ਪੋਲੀਥਿਨ ਦੇ ਥੈਲਿਆਂ ਦੀ ਵਰਤੋਂ ਹੋ ਰਹੀ ਹੈ।ਸਰਕਾਰੀ ਕਣਕ ਝੋਨੇ ਦੀ ਖਰੀਦ ਲਈ ਪਟਸਨ ਦੀਆਂ ਬੋਰੀਆਂ ਦੀ ਵਰਤੋਂ ਹੁੰਦੀ ਸੀ।ਹੁਣ ਉਹ ਵੀ ਪੋਲੀਥੀਨ ਦੀ ਵਰਤੋਂ ਹੋ ਰਹੀ ਹੈ।ਸਬਜ਼ੀ ਮਾਰਕੀਟ ਵਿੱਚ ਵੱਡੇ ਵੱਡੇ ਲਫਾਫਿਆਂ ਦੀ ਵਰਤੋਂ ਰੱਜ ਕੇ ਹੋ ਰਹੀ ਹੈ।
     ਇਹਨਾਂ ਦੀ ਵਰਤੋਂ ਦੀ ਰੋਕ ਕਾਰਖਾਨਿਆਂ ਤੋਂ ਹੇਠਾਂ ਨੂੰ ਆਵੇ ਤਾਂ ਤਦ ਹੀ ਠੱਲ ਪੈ ਸਕਦੀ ਹੈ।ਨਿੱਕੇ ਮੋਟੇ ਦੁਕਾਨਦਾਰਾਂ ਤੇ ਸਖਤੀ ਕਰਨ ਨਾਲ ਮੱਸਲਾ ਹੱਲ ਹੋਣ ਵਾਲਾ ਨਹੀਂ।

    Manjit S Sondh

 

ਮਨਜੀਤ ਸਿੰਘ ਸੌਂਦ
ਟਾਂਗਰਾ, ਜਿਲਾ ਅੰਮ੍ਰਿਤਸਰ।
ਮੋ – 98037 61451

Check Also

ਬੰਦੀ ਛੋੜ ਦਿਵਸ ਦੀ ਇਤਿਹਾਸਕ ਮਹੱਤਤਾ

ਸਿੱਖ ਕੌਮ ਦੇ ਨਿਰਾਲੇ ਇਤਿਹਾਸ ਨੂੰ ਬਿਆਨ ਕਰਦਾ ਬੰਦੀ ਛੋੜ ਦਿਵਸ ਕੌਮ ਵੱਲੋਂ ਸ਼ਰਧਾ ਸਤਿਕਾਰ …

Leave a Reply