ਅੰਮ੍ਰਿਤਸਰ, 26 ਸਤੰਬਰ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿੰਡ ਉਦੋਕੇ ਦੇ ਗੁਰਦੁਆਰਾ ਛਪੜੀਆਂ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਟ ਹੋਣ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਦਫ਼ਤਰ ਤੋਂ ਜਾਰੀ ਪ੍ਰੈਸ ਨੋਟ ‘ਚ ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਕਮੇਟੀ ਵੱਲੋਂ ਵਾਰੁਵਾਰ ਇਸ਼ਤਿਹਾਰਾਂ ਅਤੇ ਖਬਰਾਂ ਦੇ ਮਾਧਿਅਮ ਰਾਹੀਂ ਵੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਗ੍ਰੰਥੀ ਸਿੰਘਾਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸੁਖਆਸਨ ਅਸਥਾਨ ਤੇ ਬਿਰਾਜਮਾਨ ਹੋਣ ਉਪ੍ਰੰਤ ਰਾਤ ਨੂੰ ਸੌਣ ਵੇਲੇ ਸੁਖਆਸਣ ਅਸਥਾਨ ਵਾਲੇ ਕਮਰੇ ਵਿੱਚ ਬਿਜਲੀ ਦਾ ਕੋਈ ਵੀ ਉਪਕਰਨ ਚੱਲਦਾ ਨਾ ਛੱਡਿਆ ਜਾਵੇ। ਪਰ ਅਜੇ ਵੀ ਕਈ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਵੇਸਲੀਆਂ ਹੋਈਆਂ ਪਈਆਂ ਹਨ ਤੇ ਇਸ ਗੱਲ ਵੱਲ ਬਿਲਕੁਲ ਧਿਆਨ ਨਹੀਂ ਦੇ ਰਹੀਆਂ। ਨਤੀਜਨ ਜਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਟ ਹੋ ਜਾਂਦੇ ਹਨ ਤਾਂ ਬਾਅਦ ਵਿੱਚ ਪਛਤਾਵਾ ਕੀਤਾ ਜਾਂਦਾ ਹੈ। ਪਿੰਡ ਉਦੋਕੇ ਵਿੱਚ ਵੀ ਅਜਿਹਾ ਹੀ ਵਾਪਰਿਆਂ ਹੈ। ਖਬਰ ਮੁਤਾਬਕ ਸੁੱਖਆਸਣ ਅਸਥਾਨ ਵਾਲੇ ਕਮਰੇ ਦੀ ਦੀਵਾਰ ਤੇ ਟੰਗਿਆ ਪੱਖਾ ਜੋ ਚੱਲ ਰਿਹਾ ਸੀ ਉਸਦਾ ਸਰਕਟ ਸ਼ਾਰਟ ਹੋ ਜਾਣ ਕਾਰਣ ਇਹ ਸਾਰੀ ਦੁੱਖਦਾਈ ਘਟਨਾ ਵਾਪਰੀ ਹੈ। ਉਨ੍ਹਾਂ ਇਕ ਵਾਰ ਫੇਰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸੰਗਤਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਅੱਗੇ ਤੋਂ ਇਨ੍ਹਾਂ ਗੱਲਾਂ ਵੱਲ ਵਿਸ਼ੇਸ਼ ਧਿਆਨ ਦੇ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਖਆਸਣ ਵਾਲਾ ਕਮਰਾ ਰਾਤ ਨੂੰ ਬੰਦ ਕਰਨ ਸਮੇਂ ਬਿਜਲੀ ਦਾ ਕੋਈ ਵੀ ਉਪਕਰਨ ਚੱਲਦਾ ਨਾ ਛੱਡਿਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਗੁਰਦੁਆਰਾ ਸਾਹਿਬਾਨ ਵਿੱਚ ਬਿਜਲੀ ਦੀ ਵਾਇਰਿੰਗ ਚੰਗੀ ਕਿਸਮ ਦੀ ਤਾਰ ਪਵਾ ਕੇ ਕਰਵਾਈ ਜਾਵੇ ਅਤੇ ਵਧੀਆ ਉਪਕਰਨਾਂ ਦਾ ਇਸਤੇਮਾਲ ਕੀਤਾ ਜਾਵੇ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।