28 ਸਤੰਬਰ ਅੰਤਿਮ ਅਰਦਾਸ ‘ਤੇ ਵਿਸ਼ੇਸ਼:
-ਦਿਲਜੀਤ ਸਿੰਘ ‘ਬੇਦੀ’
ਸਿੱਖ ਹਲਕਿਆਂ ਵਿਚ ਲੋਹਪੁਰਸ਼ ਵਜੋਂ ਨਿਵੇਕਲੀ ਪਛਾਣ ਰੱਖਦੇ ਟਕਸਾਲੀ ਅਕਾਲੀ ਆਗੂ ਜਥੇਦਾਰ ਜਗਦੇਵ ਸਿੰਘ ਤਲਵੰਡੀ ਇੱਕ ਸਾਫ਼ਗੋ ਅਤੇ ਬੇਬਾਕ ਸ਼ਖ਼ਸੀਅਤ ਸਨ, ਜੋ ਪਰਿਵਾਰ ਵੱਲੋਂ ਕੀਤੇ ਲੰਮੇ ਸੰਘਰਸ਼ ਅਤੇ ਪੰਥਕ ਸਫ਼ਾਂ ਵਿਚ ਪਾਏ ਆਪਣੇ ਵਡਮੁੱਲੇ ਯੋਗਦਾਨ ਸਦਕਾ ਸ਼੍ਰੋਮਣੀ ਅਕਾਲੀ ਦਲ ਦੇ ਮਜਬੂਤ ਆਗੂ ਦੇ ਤੌਰ ‘ਤੇ ਪ੍ਰਵਾਨ ਚੜ੍ਹੇ। ਉਹ ਪੰਥ ਦੀ ਸਿਰਮੌਰ ਅਤੇ ਬੁਲੰਦ ਹਸਤੀ ਬਣ ਕੇ ਦਹਾਕਿਆਂ ਤੱਕ ਪੰਥਕ ਪਿੜ ਵਿਚ ਛਾਏ ਰਹੇ। ਜਥੇਦਾਰ ਤਲਵੰਡੀ ਨੇ ਸਿਆਸੀ ਜਗਤ ਵਿਚ ਕਈ ਉਤਰਾਅ-ਚੜਾਅ ਵੇਖੇ। ਉਨ੍ਹਾਂ ਨੇ ਹਮੇਸ਼ਾਂ ਹੀ ਲੋਭ-ਲਾਲਚ ਤੋਂ ਉੱਪਰ ਉੱਠ ਕੇ ਇੱਕ ਨਿਮਾਣੇ ਅਕਾਲੀ ਵਰਕਰ ਦੇ ਰੂਪ ਵਿਚ ਕੰਮ ਕੀਤਾ।
ਜਥੇਦਾਰ ਤਲਵੰਡੀ ਲਈ ਇਹ ਫ਼ਖਰ ਵਾਲੀ ਗੱਲ ਸੀ ਕਿ ਉਹ ਗੁਰਦੁਆਰਾ ਸੁਧਾਰ ਲਹਿਰ ਦੇ ਆਗੂਆਂ ਵਿੱਚੋਂ ਬਾਬਾ ਛਾਂਗਾ ਸਿੰਘ ਦੇ ਸਪੁੱਤਰ ਸਨ। ਬਾਬਾ ਛਾਂਗਾ ਨੇ ਦੇਸ਼ ਦੀ ਆਜ਼ਾਦੀ ਅਤੇ ਅਕਾਲੀ ਲਹਿਰ ਵਿਚ ਵਡਮੁੱਲਾ ਯੋਗਦਾਨ ਪਾਇਆ ਸੀ। ਪਾਕਿਸਤਾਨ ਰਹਿ ਗਏ ਜਿਲ੍ਹਾ ਲਾਇਲਪੁਰ ਦੇ ਪਿੰਡ ਮੁੱਲਾਂਪੁਰ ਵਿਖੇ 1929 ਵਿਚ ਜਨਮੇਂ ਜਥੇਦਾਰ ਤਲਵੰਡੀ ਨੂੰ ਪੰਥ ਪ੍ਰਸਤੀ ਅਤੇ ਦੇਸ਼ ਭਗਤੀ ਵਿਰਸੇ ਵਿੱਚੋਂ ਹੀ ਪ੍ਰਾਪਤ ਹੋ ਗਈ ਸੀ।
ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਬਣਨ ਪਿੱਛੋਂ 1952 ਵਿਚ ਉਹ ਛੋਟੀ ਉਮਰੇ ਹੀ ਜਿਲ੍ਹਾ ਲੁਧਿਆਣਾ ਦੇ ਪਿੰਡ ਤਲਵੰਡੀ ਰਾਏ ਦੇ ਸਰਪੰਚ ਚੁਣੇ ਗਏ ਸਨ। ਪਿੰਡ ਦੀ ਸਰਪੰਚੀ ਤੋਂ ਸ਼ੁਰੂ ਕੀਤੇ ਰਾਜਸੀ ਸਫ਼ਰ ਨੂੰ ਉਨ੍ਹਾਂ ਨਿਰੰਤਰ ਜਾਰੀ ਰੱਖਿਆ ਅਤੇ ਆਪਣੇ ਲੋਕ ਹਿੱਤੂ ਅਸੂਲਾਂ ਦੇ ਸਿਰ ‘ਤੇ ਉਹ ਵਿਧਾਇਕ, ਮੰਤਰੀ, ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰ, ਸ਼੍ਰੋਮਣੀ ਕਮੇਟੀ ਮੈਂਬਰ, ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ। ਆਪਣੀ ਕਾਰਜਸ਼ੈਲੀ ਕਾਰਨ ਉਹ ਲੋਹ-ਪੁਰਸ਼ ਵਜੋਂ ਜਾਣੇ ਗਏ। ਲੋਹ-ਪੁਰਸ਼ ਦਾ ਖਿਤਾਬ ਉਨ੍ਹਾਂ ਨੂੰ ਪੰਥਕ ਮੋਰਚਿਆਂ ਵਿਚ ਮੋਹਰੀ ਹੋ ਕੇ ਕੰਮ ਕਰਨ, ਸਿੱਖ ਰਾਜਨੀਤਿਕ ਹਲਕਿਆਂ ਵਿਚ ਦ੍ਰਿੜ੍ਹ ਇਰਾਦੇ ਤੇ ਵਚਨਬੱਧਤਾ ਦਾ ਪ੍ਰਗਟਾਵਾ ਕਰਨ, ਬੇਬਾਕ/ਅਟੱਲ ਸੁਭਾਅ ਅਤੇ ਪੰਥ ਪ੍ਰਸਤੀ ਜਿਹੇ ਗੁਣਾਂ ਕਾਰਨ ਮਿਲਿਆ। ਜੇਕਰ ਇਹ ਕਿਹਾ ਜਾਵੇ ਕਿ ਉਨ੍ਹਾਂ ਨੇ ‘ਲੋਹ-ਪੁਰਸ਼’ ਦਾ ਖਿਤਾਬ ਕਰੜੀ ਘਾਲਣਾ ਤੋਂ ਬਾਅਦ ਕਮਾਇਆ ਹੈ ਤਾਂ ਇਹ ਗ਼ਲਤ ਬਿਆਨੀ ਨਹੀਂ ਹੋਵੇਗੀ। ਬੇਬਾਕੀ ਉਨ੍ਹਾਂ ਦਾ ਮੀਰੀ ਗੁਣ ਸੀ ਅਤੇ ਇਸੇ ਗੁਣ ਸਦਕਾ ਹੀ ਉਹ ਕਈ ਵਾਰ ਚੁਭਵੇਂ ਸ਼ਬਦਾਂ ਵਿਚ ਵੀ ਆਪਣੀ ਗੱਲ ਕਹਿ ਦਿਆ ਕਰਦੇ ਸਨ। ਇਹ ਕਹਿਣਾ ਵੀ ਢੁੱਕਵਾਂ ਹੈ ਕਿ ਉਹ ਪੰਥ, ਕੌਮ ਅਤੇ ਪੰਜਾਬ ਦੀ ਅਣਥਿੜਕਵੀਂ ਵਚਨਬੱਧਤਾ ਦੀ ਮਿਸਾਲ ਸਨ।
ਜੇਕਰ ਉਨ੍ਹਾਂ ਦੇ ਰਾਜਸੀ ਸਫ਼ਰ ਨੂੰ ਲੜੀ ਵਿਚ ਪਰੋਈਏ ਤਾਂ ਪਿੰਡ ਦੀ ਸਰਪੰਚੀ ਤੋਂ ਬਾਅਦ ਉਹ 1960 ਵਿਚ ਹਲਕਾ ਰਾਏਕੋਟ ਤੋਂ ਪਹਿਲੀ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਣੇ ਅਤੇ ਲੰਮਾਂ ਸਮਾਂ ਇਹ ਸੇਵਾ ਨਿਭਾਉਂਦੇ ਰਹੇ। ਉਨ੍ਹਾਂ ਨੇ ਪੰਜਾਬੀ ਸੂਬਾ ਮੋਰਚਾ ਦੀ ਪ੍ਰਾਪਤੀ ਤੋਂ ਬਾਅਦ ਪੰਜਾਬ ਅਸੈਂਬਲੀ ਦੀਆਂ ਚੋਣਾਂ ਦੌਰਾਨ 1967 ਵਿਚ ਪਹਿਲੀ ਵਾਰ ਪੰਜਾਬ ਭਰ ਵਿੱਚੋਂ ਸਭ ਤੋਂ ਵੱਧ ਵੋਟਾਂ ਲੈ ਕੇ ਵਿਧਾਨ ਸਭਾ ਦੇ ਮੈਂਬਰ ਚੁਣੇ ਜਾਣ ਦਾ ਮਾਣ ਹਾਸਿਲ ਕੀਤਾ। ਫਿਰ 1969 ਅਤੇ 1971 ਵਿਚ ਵੀ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ। ਇਸੇ ਦੌਰਾਨ ਉਨ੍ਹਾਂ 1969 ਵਿਚ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਦੀ ਜ਼ਿੰਮੇਵਾਰੀ ਨਿਭਾਈ। ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵੱਲੋਂ ਗਠਿਤ ਕੀਤੀ ਪਹਿਲੀ ਸਰਕਾਰ ਵਿਚ ਜਥੇਦਾਰ ਤਲਵੰਡੀ ਜੇਲ੍ਹ, ਖੇਡ ਅਤੇ ਟਰਾਂਸਪੋਰਟ ਮੰਤਰੀ ਬਣੇ। 1972 ਵਿਚ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਅਤੇ ਫਿਰ 1974 ਵਿਚ ਦੁਬਾਰਾ ਇਹ ਮਾਣ ਉਨ੍ਹਾਂ ਨੂੰ ਹੀ ਮਿਲਿਆ। ਦੇਸ਼ ਵਿਚ 1975 ਦੌਰਾਨ ਲੱਗੀ ਐਂਮਰਜੈਂਸੀ ਤੋਂ ਪਿੱਛੋਂ ਉਹ ਲੰਮਾ ਸਮਾਂ ਜੇਲ੍ਹ ਵਿਚ ਰਹੇ ਅਤੇ ਰਿਹਾਈ ਪਿੱਛੋਂ 1977 ਵਿਚ ਲੁਧਿਆਣਾ ਲੋਕ ਸਭਾ ਹਲਕੇ ਤੋਂ ਮੈਂਬਰ ਚੁਣੇ ਗਏ। ਪਾਰਟੀ ਨੇ ਉਨ੍ਹਾਂ ਦੀਆਂ ਸੇਵਾਵਾਂ ਦੀ ਕਦਰ ਕਰਦਿਆਂ 1980 ਵਿਚ ਉਨ੍ਹਾਂ ਨੂੰ ਰਾਜ ਸਭਾ ਦਾ ਮੈਂਬਰ ਨਾਮਜਦ ਕੀਤਾ।
ਉਹ 30 ਨਵੰਬਰ 2000 ਨੂੰ ਸਿੱਖਾਂ ਦੀ ਨੁਮਾਇੰਦਾ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਬਣੇ ਅਤੇ 27 ਨਵੰਬਰ 2001 ਤੱਕ ਇਹ ਸੇਵਾ ਉਨ੍ਹਾਂ ਨੇ ਬਾਖ਼ੂਬੀ ਨਿਭਾਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਸੇਵਾ ਨਿਭਾਉਂਦਿਆਂ ਉਨ੍ਹਾਂ ਸਿੱਖ ਕੌਮ ਦੀ ਸ਼ਾਨ ਨੂੰ ਉੱਚਿਆਂ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ। ਪਾਕਿਸਤਾਨ ਸਥਿਤ ਇਤਿਹਾਸਿਕ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਜਾਂਦੇ ਜਥਿਆਂ ‘ਤੇ ਲਗਾਈ ਗਈ ਪਾਬੰਦੀ ਨੂੰ ਹਟਾਉਣ ਦਾ ਸਿਹਰਾ ਉਨ੍ਹਾਂ ਨੂੰ ਹੀ ਜਾਂਦਾ ਹੈ। ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਲਈ ਵੀ ਆਪ ਦਾ ਯੋਗਦਾਨ ਚੇਤੇ ਰੱਖਣਯੋਗ ਹੈ। ਧਰਮ ਪ੍ਰਚਾਰ ਲਹਿਰ ਦੀ ਸ਼ੁਰੂਆਤ ਕਰ ਕੇ ਜਥੇਦਾਰ ਤਲਵੰਡੀ ਨੇ ਸ਼੍ਰੋਮਣੀ ਕਮੇਟੀ ਦੀ ਪਹੁੰਚ ਪਿੰਡਾਂ ਦੇ ਗੁਰਦੁਆਰਿਆਂ ਤੱਕ ਯਕੀਨੀ ਬਣਾ ਦਿੱਤੀ ਸੀ। 2001 ਵਿਚ ਗੁਜਰਾਤ ਵਿੱਚ ਆਏ ਖ਼ਤਰਨਾਕ ਭੁਚਾਲ ਦੇ ਪੀੜਤਾਂ ਲਈ ਉਨ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਵਿਸ਼ੇਸ਼ ਰਾਹਤ ਸਮੱਗਰੀ ਭੇਜੀ ਅਤੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਸਹਾਇਤਾ ਰਾਸ਼ੀ ਦਾ ਚੈੱਕ ਵੀ ਦਿੱਤਾ। ਇਸੇ ਤਰ੍ਹਾਂ ਸ੍ਰੀਨਗਰ ਦੇ ਚਿੱਟੀ ਸਿੰਘਪੁਰਾ ਵਿਚ ਨਿਰਦੋਸ਼ ਸਿੱਖਾਂ ਦੇ ਕਤਲੇਆਮ ਤੋਂ ਪ੍ਰਭਾਵਿਤ ਪਰਿਵਾਰਾਂ ਦੀ ਵੀ ਮਦਦ ਕੀਤੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਸਮੇਂ ਦੌਰਾਨ ਮੈਂ ਨਿੱਜੀ ਤੌਰ ‘ਤੇ ਉਨ੍ਹਾਂ ਦੇ ਨਾਲ ਵਿਚਰਦਿਆਂ ਇਹ ਮਹਿਸੂਸ ਕੀਤਾ ਕਿ ਉਹ ਸੱਚਮੁਚ ਹੀ ਟਕਸਾਲੀ ਅਕਾਲੀ ਸਨ। ਸਵੇਰੇ-ਸ਼ਾਮ ਗ੍ਰੰਥੀ ਸਿੰਘ ਪਾਸੋਂ ਨਿਤਨੇਮ ਸ੍ਰਵਣ ਕਰਨਾ ਉਨ੍ਹਾਂ ਦੀ ਪੱਕੀ ਰੁਟੀਨ ਦਾ ਹਿੱਸਾ ਸੀ। ਇਸੇ ਸਮੇਂ ਦੌਰਾਨ ਹੀ ਉਹ ਆਪਣੀ ਕਾਰਜਸ਼ੈਲੀ ਕਰ ਕੇ ਆਪਣੇ ਪਾਰਟੀ ਪ੍ਰਧਾਨ ਨਾਲ ਦੋ ਵਾਰ ਨਿਰਾਜ਼ ਵੀ ਹੋਏ, ਪਰ ਉਨ੍ਹਾਂ ਦੇ ਵੱਡੇ ਸਪੁਤਰ ਸ. ਰਣਜੀਤ ਸਿੰਘ ਦੇ ਦਖਲ ਨਾਲ ਸਹਿਮਤੀ ਬਣ ਜਾਂਦੀ ਰਹੀ।
ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਹਿਰਦੇ ਵਿਚ ਪੰਥਕ ਪਿਆਰ ਕੁੱਟ-ਕੁੱਟ ਕੇ ਭਰਿਆ ਹੋਇਆ ਸੀ। ਉਨ੍ਹਾਂ ਦੀ ਅਗਵਾਈ ਵਿਚ ਹੀ ਸ਼੍ਰੋਮਣੀ ਅਕਾਲੀ ਦਲ ਨੇ ਅਨੰਦਪੁਰ ਸਾਹਿਬ ਦੇ ਮਤੇ ਨੂੰ ਆਪਣੀ ਰਣਨੀਤੀ ਦੇ ਪੈਂਤੜੇ ਵਜੋਂ ਅਪਣਾਇਆ। 1978 ਵਿਚ ਲੁਧਿਆਣਾ ਵਿਖੇ ਸਰਬ-ਹਿੰਦ ਕਾਨਫਰੰਸ ਵੀ ਜਥੇਦਾਰ ਤਲਵੰਡੀ ਦੀ ਪ੍ਰਧਾਨਗੀ ਹੇਠ ਹੋਈ, ਜੋ ਸੰਸਾਰ ਦੇ ਸਿੱਖਾਂ ਵਿਚ ਚਰਚਾ ਦਾ ਕੇਂਦਰ ਬਣੀ। ਅੱਜ ਵੀ ਉਸ ਕਾਨਫਰੰਸ ਬਾਰੇ ਪੁਰਾਣੇ ਅਕਾਲੀ ਗੱਲਾਂ ਕਰਦੇ ਸੁਣੇ ਜਾ ਸਕਦੇ ਹਨ।
ਉਨ੍ਹਾਂ ਦਾ ਸਾਰਾ ਪਰਿਵਾਰ ਹੀ ਉਨ੍ਹਾਂ ਦੇ ਨਕਸ਼ੇ ਕਦਮਾਂ ‘ਤੇ ਚੱਲ ਕੇ ਪੰਥ ਅਤੇ ਲੋਕਾਂ ਦੀ ਸੇਵਾ ਵਿਚ ਜੁਟਿਆ ਹੋਇਆ ਹੈ। ਉਨ੍ਹਾਂ ਦੇ ਵੱਡੇ ਸਪੁੱਤਰ ਸ. ਰਣਜੀਤ ਸਿੰਘ ਤਲਵੰਡੀ ਹਲਕਾ ਰਾਏਕੋਟ ਤੋਂ ਵਿਧਾਇਕ ਚੁਣੇ ਗਏ ਅਤੇ ਛੋਟੇ ਸਪੁੱਤਰ ਸ. ਜਗਜੀਤ ਸਿੰਘ ਤਲਵੰਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵਜੋਂ ਸੇਵਾ ਨਿਭਾਅ ਰਹੇ ਹਨ।
ਜਥੇਦਾਰ ਤਲਵੰਡੀ ਦੀ ਸ਼ਖ਼ਸੀਅਤ ਦੇ ਸਬੰਧ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵੱਲੋਂ ਸ਼ੋਕ ਸੰਦੇਸ਼ ਵਿਚ ਆਖੇ ਗਏ ਇਹ ਸ਼ਬਦ ਵਜਨਦਾਰ ਹਨ, ਜਥੇਦਾਰ ਤਲਵੰਡੀ ਵਰਗੀ ਕ੍ਰਿਸ਼ਮਈ ਅਤੇ ਦ੍ਰਿੜ੍ਹ ਸ਼ਖ਼ਸੀਅਤ ਵਰਗੇ ਬਹੁਤ ਘੱਟ ਲੋਕ ਹੁੰਦੇ ਹਨ, ਜੋ ਲੋਕਾਂ ਨਾਲ ਸਬੰਧਤ ਮੁੱਦਿਆਂ ਨੂੰ ਬੇਖ਼ੌਫ਼ ਹੋ ਕੇ ਉਠਾਉਂਦੇ ਹਨ। ਜੱਥੇਦਾਰ ਤਲਵੰਡੀ ਉਸ ਯੁਗ ਨੂੰ ਸਹੀ ਮਾਅਨਿਆਂ ਵਿੱਚ ਮੂਰਤੀਮਾਨ ਕਰਦੇ ਸਨ, ਜਿਸ ਯੁਗ ਨਾਲ ਉਹ ਸਬੰਧ ਰੱਖਦੇ ਸਨ। ਉਨ੍ਹਾਂ ਦੇ ਤੁਰ ਜਾਣ ਨਾਲ ਅਜਿਹਾ ਖ਼ਲਾਅ ਪੈਦਾ ਹੋ ਗਿਆ ਹੈ, ਜਿਸ ਨੂੰ ਪੂਰਨਾ ਬਹੁਤ ਮੁਸ਼ਕਿਲ ਹੈ।
ਐਡੀਸ਼ਨਲ ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਅੰਮ੍ਰਿਤਸਰ।
ਮੋ: 98148-98570