ਭਾਈ ਮਰਦਾਨਾ ਜੀ ਦੀ 18ਵੀਂ ਪੀੜ੍ਹੀ ਦੇ ਜਵਾਈ ਦਾ ਹੋਇਆ ਭਰ ਜਵਾਨੀ `ਚ ਦਿਹਾਂਤ
ਅੰਮ੍ਰਿਤਸਰ, 27 ਨਵੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਤੇ ਦੁਬਈ ਦੇ ਨਾਂਮਵਰ ਕਾਰੋਬਾਰੀ ਡਾ. ਐਸ.ਪੀ ਸਿੰਘ ਓਬਰਾਏ ਨੇ ਭਾਈ ਮਰਦਾਨਾ ਜੀ ਦੇ ਪਰਿਵਾਰ ਦੀ 18ਵੀਂ ਪੀੜ੍ਹੀ `ਚੋਂ ਭਾਈ ਮੁਹੰਮਦ ਹੁਸੈਨ ਲਾਲ ਜੀ ਦੇ ਜਵਾਈ ਮੁਹੰਮਦ ਹੁਸੈਨ ਵਿੱਕੀ ਦੇ ਇੱਕ ਹਾਦਸੇ ਦੌਰਾਨ ਭਰ ਜਵਾਨੀ `ਚ ਅਕਾਲ ਚਲਾਣਾ ਕਰ ਜਾਣ ਤੇ ਲਹੌਰ ਦੇ ਗਾਜ਼ੀਆਬਾਦ `ਚ ਜਾ ਕੇ ਪਰਿਵਾਰ ਦੇ ਦੁੱਖ `ਚ ਸ਼ਰੀਕ ਹੁੰਦਿਆਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।
ਡਾ. ਓਬਰਾਏ ਨੇ ਦੱਸਿਆ ਕਿ ਮੁਹੰਮਦ ਹੁਸੈਨ ਵਿੱਕੀ ਦੇ ਛੋਟੀ ਉਮਰੇ ਅਚਾਨਕ ਅਕਾਲ ਚਲਾਣੇ ਕਰ ਜਾਣ ਤੇ ਸਮੁੱਚਾ ਪਰਿਵਾਰ ਡੂੰਘੇ ਸਦਮੇ `ਚ ਹੈ। ਉਨ੍ਹਾਂ ਦੱਸਿਆ ਕਿ ਅਜੇ ਕਰੀਬ ਦੋ ਸਾਲ ਪਹਿਲਾਂ ਹੀ ਪਰਿਵਾਰ ਨੇ ਆਪਣੀ ਬੇਟੀ ਦਾ ਵਿਆਹ ਕੀਤਾ ਸੀ ਅਤੇ ਉਸ ਦਾ ਕੇਵਲ 10 ਮਹੀਨੇ ਦਾ ਇੱਕ ਬੱਚਾ ਹੈ। ਡਾ. ਓਬਰਾਏ ਨੇ ਇਹ ਵੀ ਦੱਸਿਆ ਕਿ ਭਾਈ ਮਰਦਾਨਾ ਜੀ ਦੇ ਪਰਿਵਾਰ ਨੇ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦੇ ਬਾਵਜੂਦ ਵੀ ਜਿੱਥੇ ਅੱਜ ਤੱਕ ਆਪਣੇ ਬਜ਼ੁਰਗਾਂ ਦੀ ਕੀਰਤਨ ਕਰਨ ਦੀ ਵਿਰਾਸਤ ਨੂੰ ਨਹੀਂ ਛੱਡਿਆ, ਉਥੇ ਹੀ ਉਨ੍ਹਾਂ ਦੇ ਪਰਿਵਾਰ ਦੇ ਕੁੱਲ 22 ਮੈਂਬਰ ਅਪਣੇ ਪੁਰਾਣੇ ਜੱਦੀ ਘਰ `ਚ ਹੀ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ ਪਰਿਵਾਰ ਦੀਆਂ 2 ਲੜਕੀਆਂ ਜਿਨ੍ਹਾਂ ਨੇ ਆਪਣੀ ਮੁੱਢਲੀ ਪੜ੍ਹਾਈ ਮੁਕੰਮਲ ਕਰ ਲਈ ਹੈ, ਉਨ੍ਹਾਂ ਦੀ ਮੁਫ਼ਤ ਉਚੇਰੀ ਸਿੱਖਿਆ ਸਬੰਧੀ ਉਹ ਜਲਦ ਹੀ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਵੀ.ਸੀ ਨਾਲ ਗੱਲ ਕਰਨਗੇ।
ਜਿਕਰਯੋਗ ਹੈ ਕਿ ਡਾ. ਐਸ.ਪੀ ਸਿੰਘ ਓਬਰਾਏ ਵੱਲੋਂ ਕੁੱਝ ਸਮਾਂ ਪਹਿਲਾਂ ਹੀ ਪਰਿਵਾਰ ਦੀਆਂ ਮੁਸ਼ਕਿਲਾਂ ਨੂੰ ਵੇਖਦਿਆਂ ਹੋਇਆਂ ਭਾਈ ਮਰਦਾਨਾ ਜੀ ਦੀ 19ਵੀਂ ਪੀੜ੍ਹੀ ਦੇ 20 ਸਾਲਾ ਨੌਜਵਾਨ ਅਮੀਰ ਹਮਜ਼ਾ ਪੁੱਤਰ ਸਵ. ਕਰਨ ਹੁਸੈਨ ਲਾਲ ਨੂੰ ਆਪਣੀ ਕੰਪਨੀ `ਚ ਨੌਕਰੀ ਦਿੱਤੀ ਹੈ ਤਾਂ ਜੋ ਉਨ੍ਹਾਂ ਦੇ ਪਰਿਵਾਰ ਦਾ ਗੁਜ਼ਾਰਾ ਸਹੀ ਢੰਗ ਨਾਲ ਚੱਲਦਾ ਰਹੇ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …