Thursday, November 14, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਸਿੰਡੀਕੇਟ ਦੀ ਇਕੱਤਰਤਾ

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਗੂੰਜਣਗੇ ਸਾਰੇ ਧਰਮਾਂ ਦੇ ਰਵਾਇਤੀ ਸੰਗੀਤ

PPNJ3011201906ਅੰਮ੍ਰਿਤਸਰ, 30 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) -ਹੁਣ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਚ ਸਾਰੇ ਧਰਮਾਂ ਦਾ ਰਿਵਾਇਤੀ ਸੰਗੀਤ ਗੂੰਜਿਆ ਕਰੇਗਾ।ਇਸ ਦੇ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਜਲਦੀ ਹੀ ਤਿਆਰੀਆਂ ਆਰੰਭ ਕਰ ਦਿੱਤੀਆਂ ਜਾਣਗੀਆਂ।ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਯੂਨੀਵਰਸਿਟੀ ਵਿਚ ਸਥਾਪਿਤ ਕੀਤੇ ਜਾ ਰਹੇ ਅੰਤਰ-ਧਰਮ ਕੇਂਦਰ ਅਧੀਨ ਕੇਂਦਰ ਸਰਕਾਰ ਵੱਲੋਂ ਪਹਿਲੇ ਪੜਾਅ ਤਹਿਤ ਗਰਾਂਟ ਜਾਰੀ ਹੋਣ ਦੇ ਬਾਅਦ ਸਿੰਡੀਕੇਟ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਨੇ ਦੱਸਿਆ ਕਿ ਅੰਮ੍ਰਿਤਸਰ ਵਿਚ ਰੋਜ਼ਾਨਾ ਆ ਰਹੇ ਸੈਲਾਨੀਆਂ ਨੂੰ ਯੂਨੀਵਰਸਿਟੀ ਵਿਚ ਇਕ ਥਾਂ `ਤੇ ਸਾਰੇ ਧਰਮਾਂ ਦਾ ਰਿਵਾਇਤੀ ਸੰਗੀਤ ਸੁਣਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਜੋ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿਚ ਸਥਾਪਤ ਕੀਤੀ ਗਈ ਸੀ, ਨੇ ਆਪਣਾ 50 ਸਾਲਾ ਸਥਾਪਨਾ ਦਿਵਸ ਬਹੁਤ ਧੂਮਧਾਮ ਨਾਲ ਮਨਾਇਆ ਹੈ। ਇਸ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ `ਏਕ ਨੂਰ: ਸਰਬ ਧਰਮ ਸੰਮੇਲਨ` ਵੀ ਯੂਨੀਵਰਸਿਟੀ ਵਿਖੇ ਕਰਵਾਇਆ ਗਿਆ ਜਿਸ ਵਿਚ ਵੱਖ ਧਰਮਾਂ ਅਤੇ ਸੰਪਰਦਾਵਾਂ ਦੇ ਨੁਮਾਂਇੰਦਿਆਂ ਨੇ ਭਾਗ ਲਿਆ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕੁੱਝ ਵਿਲੱਖਣ ਅਤੇ ਉਸਾਰੂ ਕਾਰਜ ਕਰਨ ਦੇ ਅਧੀਨ ਕੇਂਦਰ ਨੂੰ ਜੋ ਅੰਤਰ ਧਰਮ ਕੇਂਦਰ ਸਥਾਪਤ ਕਰਨ ਦਾ ਸੁਝਾਅ ਦਿੱਤਾ ਗਿਆ ਸੀ, ਨੂੰ ਮਨਜ਼ੂਰ ਕਰਦਿਆਂ ਪਹਿਲੇ ਪੜਾਅ ਲਈ ਸਰਕਾਰ ਵੱਲੋਂ ਗ੍ਰਾਂਟ ਵੀ ਜਾਰੀ ਕਰ ਦਿੱਤੀ ਗਈ ਹੈ। ਉਨ੍ਹਾਂ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਇਸੇ ਅਧੀਨ ਹੀ ਇਥੇ ਕੈਂਪਸ ਵਿਖੇ ਸਰਬ-ਧਰਮ ਸੰਗੀਤ ਨੂੰ ਵਧੇਰੇ ਆਮ ਜਨਤਾ ਤਕ ਪੁਚਾਉਣ ਲਈ ਯੂਨੀਵਰਸਿਟੀ ਵੱਲੋਂ ਇਕ ਵਿਸ਼ੇਸ਼ ਆਡੀਟੋਰੀਅਮ ਦਾ ਨਿਰਮਾਣ ਕੀਤਾ ਜਾਵੇ।ਯੂਨੀਵਰਸਿਟੀ ਨੂੰ ਕੇਂਦਰ ਸਰਕਾਰ ਵੱਲੋਂ ਪ੍ਰਾਪਤ ਹੋਏ ਚਾਰ ਖੇਡ ਕੇਂਦਰਾਂ ਬਾਰੇ ਆਪਣੀ ਖੁਸ਼ੀ ਸਾਂਝੀ ਕਰਦਿਆਂ ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੂੰ ਅਥਲੈਟਿਕਸ, ਤਲਵਾਰਬਾਜ਼ੀ, ਸਾਈਕਲਿੰਗ ਅਤੇ ਤੈਰਾਕੀ ਖੇਤਰ ਵਿਚ ਚਾਰ ਖੇਡ ਕੇਂਦਰ ਮਿਲੇ ਹਨ।ਖੇਡਾਂ ਦੇ ਖੇਤਰ ਵਿਚ ਇਹ ਚਾਰ ਖੇਡ ਕੇਂਦਰ ਸਥਾਪਿਤ ਹੋਣ ਦੇ ਨਾਲ ਨੌਜਵਾਨਾਂ ਨੂੰ ਅੰਤਰ-ਰਾਸ਼ਟਰੀ ਪੱਧਰ ਦੀਆਂ ਸਹੂਲਤਾਂ ਮਿਲਣਗੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਚਾਰ ਕੇਂਦਰਾਂ ਵਿਚ 10 ਤੋਂ 12 ਸਾਲਾਂ ਦੇ ਖਿਡਾਰੀਆਂ ਨੂੰ ਚੁਣਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵੀ ਗ੍ਰਾਂਟ ਦਾ ਕੁੱਝ ਹਿੱਸਾ ਜਾਰੀ ਹੋ ਚੁੱਕਾ ਹੈ।
ਯੂਨੀਵਰਸਿਟੀ ਦੀ ਸਿੰਡੀਕੇਟ ਦੀ ਇਕੱਤਰਤਾ ਯੂਨੀਵਰਸਿਟੀ ਦੇ ਸਿੰਡੀਕੇਟ ਹਾਲ ‘ਚ ਆਯੋਜਿਤ ਕੀਤੀ ਗਈ ਜਿਸ ਦੀ ਪ੍ਰੋ. ਸੰਧੂ ਪ੍ਰਧਾਨਗੀ ਕਰ ਰਹੇ ਸਨ। ਰਜਿਸਟਰਾਰ ਪ੍ਰੋਫੈਸਰ ਡਾ. ਕੇ.ਐਸ ਕਾਹਲੋਂ ਨੇ ਏਜੰਡਾ ਪੇਸ਼ ਕੀਤਾ।ਡੀਨ ਅਕਾਦਮਿਕ ਮਾਮਲੇ, ਪ੍ਰੋਫੈਸਰ ਡਾ. ਸਰਬਜੋਤ ਸਿੰਘ ਬਹਿਲ ਤੋਂ ਇਲਾਵਾ ਬਹੁਤ ਸਾਰੇ ਸਿੰਡੀਕੇਟ ਮੈਂਬਰਾਂ ਨੇ ਇਸ ਇਕੱਤਰਤਾ ਵਿਚ ਹਿੱਸਾ ਲਿਆ ਅਤੇ ਯੂਨੀਵਰਸਿਟੀ ਵੱਲੋਂ ਪੰਜਾਹ ਸਾਲਾਂ ਇਤਿਹਾਸ ਵਿਚ ਕੀਤੀਆਂ ਪ੍ਰਾਪਤੀਆਂ ਦੀ ਸ਼ਲ਼ਾਘਾ ਕਰਦਿਆਂ ਪ੍ਰੋ. ਸੰਧੂ ਨੂੰ ਵਧਾਈ ਦਿੱਤੀ। ਇਸ ਮੌਕੇ ਵੱਖ ਵੱਖ ਮੁਦਿਆਂ `ਤੇ ਵਿਚਾਰ ਚਰਚਾ ਅਤੇ ਹੋਏ ਫੈਸਲਿਆਂ ਤੋਂ ਇਲਾਵਾ 13 ਪੀ.ਐਚ.ਡੀ ਥੀਸਿਜ਼ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ।
ਸਿੰਡੀਕੇਟ ਵੱਲੋਂ ਆਉਣ ਵਾਲੀ 46ਵੀਂ ਸਾਲਾਨਾ ਕਨਵੋਕੇਸ਼ਨ ਮੌਕੇ ਦੋ ਉੱਘੀਆਂ ਨਾਮਵਰ ਸਖਸ਼ੀਅਤਾਂ ਪ੍ਰਸਿੱਧ ਸਰਜਨ ਤੇ ਮੇਦਾਂਤਾ ਹਰਟ ਇੰਸਟੀਚਿਊਟ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ, ਡਾ. ਨਰੇਸ਼ ਤਰੇਹਨ ਅਤੇ ਉਘੇ ਫਿਲਮ ਅਦਾਕਾਰ, ਲੇਖਕ, ਸਕਰੀਨ ਪਲੇਅ ਰਾਈਟਰ ਅਤੇ ਥੀਏਟਰ ਸਖਸ਼ੀਅਤ, ਸ਼੍ਰੀ ਪੰਕਜ ਕਪੂਰ ਨੂੰ ਆਨਰਜ਼ ਕਾਜ਼ਾ ਡਿਗਰੀ ਨਾਲ ਸਨਮਾਨਿਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।ਗੁਰੂ ਨਾਨਕ ਦੇਵ ਯੂਨੀਵਰਸਿਟੀ ਇੰਟਲੈਕਚੁਐਲ ਪ੍ਰਾਪਰਟੀ ਰਾਈਟਸ ਵਾਸਤੇ ਵਿਸ਼ੇਸ਼ ਨੀਤੀ ਦੇ ਗਠਨ ਕਰਨ ਨੂੰ ਵੀ ਸਿੰਡੀਕੇਟ ਵੱਲੋਂ ਪ੍ਰਵਾਨ ਕਰ ਲਿਆ ਗਿਆ। ਇਸ ਅਧੀਨ ਯੂਨੀਵਰਸਿਟੀ ਵੱਲੋਂ ਤਕਨਾਲੋਜੀ, ਸਾਇੰਸ, ਆਰਟਸ ਅਤੇ ਪ੍ਰਬੰਧਨ ਜਿਹੇ ਖੇਤਰਾਂ ਵਿਚ ਕੀਤੇ ਖੋਜ ਕਾਰਜਾਂ ਨੂੰ ਪੇਟੈਂਟ ਕੀਤਾ ਜਾਵੇਗਾ ਅਤੇ ਇਨ੍ਹਾਂ ਖੇਤਰਾਂ ਵਿਚ ਯੂਨੀਵਰਸਿਟੀ ਵੱਲੋਂ ਸੇਵਾਵਾਂ ਮੁਹਈਆ ਕੀਤੀਆਂ ਜਾਣਗੀਆਂ ਜਿਸ ਦਾ ਬਣਦਾ ਲਾਭ ਖੋਜ ਕਰਤਾ ਅਤੇ ਯੂਨੀਵਰਸਿਟੀ ਨੂੰ ਪ੍ਰਾਪਤ ਹੋਵੇਗਾ।
ਅਗਲੇ ਅਕਾਦਮਿਕ ਵਰ੍ਹੇ ਤੋਂ ਰਿਜ਼ਨਲ ਕੈਂਪਸ ਸਠਿਆਲਾ ਵਿਖੇ ਚਲ ਰਹੇ ਬੀ.ਟੈਕ. ਕੰਪਿਊਟਰ ਸਾਇੰਸ਼ ਐਂਡ ਇੰਜੀਨਿਅਰਿੰਗ ਸਮੈਸਟਰ ਪੰਜਵਾਂ ਅਤੇ ਸਤਵਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਯੂਨੀਵਰਸਿਟੀ ਅੰਮ੍ਰਿਤਸਰ ਕੈਂਪਸ ਵਿਖੇ ਤਬਦੀਲ ਕਰਨ ਨੂੰ ਵੀ ਪ੍ਰਵਾਨ ਕਰ ਲਿਆ ਗਿਆ।ਉਨ੍ਹਾਂ ਕਿਹਾ ਕਿ ਇਸ ਦੌਰਾਨ ਰਿਜ਼ਨਲ ਕੈਂਪਸ ਸਠਿਆਲਾ ਵਿਖੇ ਟੈਕਨੀਕਲ ਸ਼ਾਰਟ ਟਰਮ ਕੋਰਸ ਜਾਰੀ ਰਹਿਣਗੇ ਅਤੇ ਖਿੱਤੇ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਹੋਰ ਵੀ ਕੋਰਸ ਸ਼ੁਰੂ ਕੀਤੇ ਜਾਣਗੇ। ਸਿੰਡੀਕੇਟ ਵਿਚ ਯੂਨੀਵਰਸਿਟੀ ਵਿਖੇ ਫਾਰਸੀ ਭਾਸ਼ਾ ਵਿਚ ਪਾਰਟ ਟਾਈਮ ਡਿਪਲੋਮਾ ਕੋਰਸ ਨੂੰ ਵੀ ਪ੍ਰਵਾਨ ਕੀਤਾ ਗਿਆ।
ਯੂਨੀਵਰਸਿਟੀ ਵੱਲੋਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਸ਼ਮੀਰੀ ਵਸਨੀਕਾਂ ਵਿਦਿਆਰਥੀਆਂ ਨੂੰ ਨਿਯਮਾਂ ਅਨੁਸਾਰ ਬਣਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਪੰਜਾਬੀ ਦੇ ਉਘੇ ਨਾਵਲਕਾਰ ਸ. ਨਾਨਕ ਸਿੰਘ ਜੀ ਦੀਆਂ ਕਿਰਤਾਂ ਅਤੇ ਹੋਰ ਇਤਿਹਾਸਕ ਦਸਤਾਵੇਜ਼ ਅਤੇ ਹਥੀਲਖਤਾਂ ਨੂੰ ਸਾਭਣ ਹਿਤ ਭਾਈ ਗੁਰਦਾਸ ਲਾਇਬ੍ਰੇਰੀ ਵਿਚ ਇਕ ਵੱਖਰਾ ਛੋਟਾ ਮਿਊਜ਼ਮ ਸਥਾਪਤ ਕਰਨ ਨੂੰ ਪ੍ਰਵਾਨਗੀ ਦਿੱਤੀ।ਬੌਟਨੀਕਲ ਸਰਵੇਅ ਆਫ ਇੰਡੀਆਂ ਦੇ ਸਾਬਕਾ ਡਾਇਰੈਕਟਰ ਅਤੇ ਵਿਗਿਆਨੀ, ਡਾ. ਪਰਮਜੀਤ ਸਿੰਘ ਨੂੰ ਯੂਨੀਵਰਸਿਟੀ ਵਿਖੇ ਪ੍ਰੋਫੈਸਰ ਆਫ ਐਮੀਨੈਂਸ ਨਿਯੁਕਤ ਕਰਨ ਤੋਂ ਇਲਾਵਾ ਰੂਸਾ2.0 ਕੰਪੋਨੈਂਟ-4 ਅਧੀਨ ਪ੍ਰੋਜੈਕਟ ਦੇ ਪ੍ਰਬੰਧਨ ਹਿਤ ਸਲਾਹਕਾਰ (ਪ੍ਰੋਜੈਕਟ ਮੈਨੇਜਮੈਂਟ) ਦੀ ਨਿਯੁਕਤੀ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ।
ਪ੍ਰੋ. ਸੰਧੂ ਨੇ ਸਿੰਡੀਕੇਟ ਮੈਂਬਰਾਂ ਦਾ ਜਿਥੇ ਸਹਿਯੋਗ ਦੇਣ ਦੇ ਲਈ ਧੰਨਵਾਦ ਕੀਤਾ ਅਤੇ ਦੁਹਰਾਇਆ ਕਿ ਉਨ੍ਹਾਂ ਦੇ ਸੁਝਾਵਾਂ ਅਨੁਸਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਹੋਰ ਚੰਗਾ ਵਾਤਾਵਰਣ ਸਥਾਪਤ ਕਰਨ, ਯੂਨੀਵਰਸਿਟੀ ਦੇ ਪ੍ਰਚਾਰ-ਪਾਸਾਰ ਨੂੰ ਹੋਰ ਸਮੇਂ ਦੇ ਹਾਣ ਦਾ ਬਣਾੁੳਣ ਤੋਂ ਇਲਾਵਾ ਯੂਨੀਵਰਸਿਟੀ ਕੈਂਪਸ ਵਿਚ ਸਾਈਕਲ ਸਭਿਆਚਾਰ ਨੂੰ ਉਤਸ਼ਾਹਤ ਕੀਤਾ ਜਾਵੇਗਾ।ਉਨ੍ਹਾਂ ਨੇ ਇਹ ਵੀ ਆਸ ਪ੍ਰਗਟਾਈ ਇਕ ਇਸ ਵਾਰ ਫਿਰ ਯੂਨੀਵਰਸਿਟੀ ਨੂੰ ਸਵੱਛਤਾ ਅਭਿਆਨ ਦੇ ਅਧੀਨ ਚੰਗਾ ਸਥਾਨ ਪ੍ਰਾਪਤ ਹੋਣ ਦੀ ਸੰਭਾਵਨਾ ਬਣੀ ਹੈ।

Check Also

ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ

ਅੰਮ੍ਰਿਤਸਰ, 14 ਨਵੰਬਰ (ਜਗਦੀਪ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ …

Leave a Reply