ਕਿਹਾ ਨਿਵੇਸ਼ਕਾਂ ਨੇ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਭਰੋਸਾ ਪ੍ਰਗਟ ਕੀਤਾ
ਅੰਮ੍ਰਿਤਸਰ, 16 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਬੀਤੇ ਦਿਨ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਨਿਵੇਸ਼ਕਾਂ ਲਈ ਕਰਵਾਏ ਸੰਮੇਲਨ ਵਿਚ ਭਾਵੇਂ ਪੰਜਾਬ ਸਰਕਾਰ ਦੀ ਕੋਸ਼ਿਸ਼ ਛੋਟੀਆਂ ਤੇ ਦਰਮਿਆਨੀਆਂ ਸਨਅਤਾਂ ਨੂੰ ਉਤਸ਼ਾਹਿਤ ਕਰਨ ਉਤੇ ਰਹੀ, ਪਰ ਇਸ ਸੰਮੇਲਨ ਵਿਚ ਆਏ ਦੇਸ਼-ਵਿਦੇਸ਼ ਦੇ ਨਿਵੇਸ਼ਕਾਂ ਨੇ ਪੰਜਾਬ ਨੂੰ ਦੇਸ਼ ਦਾ ਬਹਿਤਰੀਨ ਸੂਬਾ ਦੱਸਦੇ ਹੋਏ ਇਕ ਲੱਖ ਕਰੋੜ ਤੋਂ ਵੱਧ ਦੇ ਨਿਵੇਸ਼ ਕਰਨ ਦਾ ਐਲਾਨ ਕੀਤਾ।
ਉਕਤ ਸਬਦਾਂ ਦਾ ਪ੍ਰਗਟਾਵਾ ਮੀਡੀਅਮ ਇੰਡਸਟਰੀਅਲ ਵਿਕਾਸ ਬੋਰਡ ਦੇ ਚੇਅਰਮੈਨ ਅਮਰਜੀਤ ਸਿੰਘ ਟਿੱਕਾ ਨੇ ਪੰਜਾਬ ਇੰਟਰਨੈਸ਼ਨਲ ਐਕਸਪੋ (ਪਾਈਟੈਕਸ) ਵਿਖੇ ਭਾਗ ਲੈਣ ਮੌਕੇ ਸਨਅਤਕਾਰਾਂ ਨਾਲ ਵਿਚਾਰ-ਵਟਾਂਦਰੇ ਦੌਰਾਨ ਕੀਤਾ।ਉਨਾਂ ਕਿਹਾ ਕਿ ਅੰਤਰਰਾਸ਼ਟਰੀ ਪੱਧਰ ‘ਤੇ ਕਾਰੋਬਾਰ ਕਰ ਰਹੇ ਦੇਸ਼ ਦੇ ਵੱਡੇ ਸਨਅਤਕਾਰਾਂ ਵੱਲੋਂ ਕੀਤਾ ਇਹ ਐਲਾਨ ਕੇਵਲ ਸਮਾਗਮ ਦੀ ਕਾਮਯਾਬੀ ਹੀ ਨਹੀਂ ਦਰਸਾਉਂਦਾ ਬਲਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿਰਜੇ ਪੰਜਾਬ ਦੇ ਨਿਵੇਸ਼ਕ ਤੇ ਕਾਰੋਬਾਰ ਪੱਖੀ ਮਾਹੌਲ ਦੀ ਸਪੱਸ਼ਟ ਬਿਆਨੀ ਹੈ।
ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਵਲੋਂ ਪੰਜਾਬ ਵਿੱਚ ਉਦਯੋਗਾਂ ਦੇ ਵਿਕਾਸ ਲਈ ਐਲਾਨੀ ਨੀਤੀ ਅਤੇ ਵਪਾਰ ਲਈ ਸੌਖ ਕਰਨ ਵਿੱਚ ਹੋਏ ਵੱਡੇ ਸੁਧਾਰਾਂ ਸਦਕਾ ਜੋ ਮਾਹੌਲ ਪੰਜਾਬ ਵਿਚ ਬਣਿਆ ਹੈ, ਉਸ ਨਾਲ ਰਾਜ ’ਚ ਬੀਤੇ ਢਾਈ ਸਾਲਾਂ ਦੌਰਾਨ ਇਕੱਲੇ ਉਦਯੋਗਿਕ ਖੇਤਰ ਵਿੱਚ 50 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ।ਉਨਾਂ ਕਿਹਾ ਕਿ ਵੱਡੇ ਉਦਯੋਗਿਕ ਘਰਾਣਿਆਂ ਵੱਲੋਂ ਕੀਤੇ ਐਲਾਨ ਜਦ ਧਰਾਤਲ ‘ਤੇ ਕੰਮ ਕਰਨ ਲੱਗੇ ਤਾਂ ਪੰਜਾਬ ਦੇ ਵਿਕਾਸ ਦੀ ਰਫਤਾਰ ਵਧੇਗੀ ਅਤੇ ਰੋਜ਼ਗਾਰ ਦੇ ਮੌਕੇ ਵੱਧਣਗੇ।ਉਨਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਸਦਕਾ ਪੰਜਾਬ ਸਰਕਾਰ ਵੱਲੋਂ ਇਨਵੈਸਟ ਪੰਜਾਬ ਦੇ ਨਾਂ ਹੇਠ ਇਕ ਹੀ ਪੋਰਟਲ ਉਤੇ ਹਰ ਤਰ੍ਹਾਂ ਦੀ ਜਾਣਕਾਰੀ, ਸਾਰੀਆਂ ਸਹੂਲਤਾਂ ਅਤੇ ਪ੍ਰਵਾਨਗੀਆਂ ਆਦਿ ਇਕ ਛੱਤ ਹੇਠ ਦਿੱਤੀਆਂ ਜਾ ਰਹੀਆਂ ਹਨ, ਜਿਸ ਨਾਲ ਕਾਰੋਬਾਰ ਸ਼ੁਰੂ ਕਰਨਾ ਅਤੇ ਇਸ ਦਾ ਵਿਸਥਾਰ ਕਰਨਾ ਅਸਾਨ ਹੋਇਆ ਹੈ।
ਟਿੱਕਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸ਼ਰਧਾ ਤੇ ਉਤਸ਼ਾਹ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ ਹੈ।ਸੁਲਤਾਨਪੁਰਲੋਧੀ ਸ਼ਹਿਰ, ਜੋ ਕਿ ਛੋਟਾ ਜਿਹਾ ਕਸਬਾ ਹੈ, ਵਿਚ ਦੁਨੀਆਂ ਭਰ ਤੋਂ ਇਕ ਕਰੋੜ ਤੋਂ ਵੱਧ ਸ਼ਰਧਾਲੂ ਨਤਮਸਤਕ ਹੋਏ, ਪਰ ਕਿਸੇ ਵੀ ਸ਼ਰਧਾਲੂ ਨੂੰ ਗੁਰੂ ਘਰ ਪਹੁੰਚਣ, ਮੱਥਾ ਟੇਕਣ ਅਤੇ ਸਮਾਗਮ ਵਿਚ ਸ਼ਾਮਿਲ ਹੋਣ ਦੀ ਰਤੀ ਭਰ ਦਿੱਕਤ ਨਹੀਂ ਆਈ।ਕਿਧਰੇ ਜਾਮ ਤੱਕ ਸੜਕਾਂ ‘ਤੇ ਨਹੀਂ ਲੱਗੇ।ਉਨਾਂ ਕਿਹਾ ਕਿ ਅਜਿਹਾ ਵਾਹਿਗੁਰੂ ਦੀ ਅਪਾਰ ਕਿਰਪਾ ਅਤੇ ਮੁੱਖ ਮੰਤਰੀ ਦੀ ਅਗਵਾਈ ਹੇਠ ਸਮੁੱਚੀ ਟੀਮ ਵੱਲੋਂ ਕੀਤੇ ਬਾਖੂਬੀ ਪ੍ਰਬੰਧਾਂ ਸਦਕਾ ਹੀ ਸੰਭਵ ਹੋਇਆ ਹੈ।
ਮੌਕੇ ਚੈਂਬਰ ਦੇ ਚੇਅਰਮੈਨ ਕਰਨ ਗਿਲਹੋਤਰਾ, ਆਰ.ਐਸ ਸੱਚਦੇਵਾ ਅਤੇ ਯੂਥ ਵਿਕਾਸ ਬੋਰਡ ਦੇ ਮੈਂਬਰ ਆਂਚਲ ਅਰੋੜਾ ਵੀ ਹਾਜ਼ਰ ਸਨ।