ਸਪੋਰਟਸ ਕਾਲਜ ਲਖਨਊ ਦੀ ਹਾਕੀ ਭੋਪਾਲ ਤੇ 5-1 ਨਾਲ ਸ਼ਾਨਦਾਰ ਜਿੱਤ
ਅੰਮ੍ਰਿਤਸਰ, 16 ਦਸੰਬਰ (ਪੰਜਾਬ ਪੋਸਟ – ਸੰਧੂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਾਕੀ ਸਟੇਡੀਅਮ ਵਿਚ ਖੇਡੇ ਜਾ ਰਹੇ 30ਵੇਂ ਆਲ ਇੰਡੀਆ ਲਾਲ ਬਹਾਦਰ ਸ਼ਾਸ਼ਤਰੀ ਹਾਕੀ ਟੂਰਨਾਮੈਂਟ ਵਿਚ ਸਪੋਰਟਸ ਕਾਲਜ ਲਖਨਊ ਦੀ ਟੀਮ ਨੇ ਹਾਕੀ ਭੋਪਾਲ ਤੇ 5-1 ਨਾਲ ਸ਼ਾਨਦਾਰ ਜਿੱੱਤ ਹਾਸਲ ਕਰਕੇ ਅਗਲੇ ਗੇੜ ਦੇ ਵਿਚ ਪ੍ਰਵੇਸ਼ ਕੀਤਾ।ਖਿਡਾਰੀਆਂ ਨਾਲ ਜਾਣ ਪਛਾਣ ਸਾਬਕਾ ਸੰਸਦ ਮੈਂਬਰ ਤੇ ਸੁਸਾਇਟੀ ਦੇ ਚੇਅਰਮੈਨ ਕਮਲ ਚੌਧਰੀ ਨੇ ਕੀਤੀ।ਕੇ.ਡੀ ਪਰਾਸ਼ਰ ਪ੍ਰਬੰਧਕੀ ਸਕੱਤਰ, ਬਿ੍ਰਗੇਡੀਅਰ ਉਲੰਪੀਅਨ ਹਰਚਰਨ ਸਿੰਘ, ਗੁਰਮੀਤ ਸਿੰਘ ਮੀਤਾ, ਅਜਿੰਦਰਪਾਲ ਸਿੰਘ, ਉਲੰਪੀਅਨ ਬਲਵਿੰਦਰ ਸਿੰਘ ਸ਼ੰਮੀ, ਰਾਕੇਸ਼ ਭਾਟੀਆ ਇਸ ਸਮੇਂ ਹਾਜਰ ਸਨ।ਉਦਘਾਟਨੀ ਮੈਚ ਵਿਚੋਂ ਸਪੋਰਟਸ ਕਾਲਜ ਲਖਨਊ ਦੀ ਟੀਮ ਨੇ ਹਾਕੀ ਭੋਪਾਲ ਨੂੰ ਇਕ ਪਾਸੜ ਮੈਚ ਦੇ ਵਿਚ 5-1 ਨਾਲ ਹਰਾਇਆ। ਲਖਨਊ ਦੀ ਟੀਮ ਵੱਲੋਂ ਪਹਿਲਾ ਗੋਲ ਵਿਸ਼ਾਲ ਕੁਮਾਰ ਨੇ ਪੈਨਾਲਟੀ ਕਾਰਨਰ ਰਾਹੀਂ, ਦੂਜਾ ਮੈਦਾਨੀ ਗੋਲ ਅੰਕਿਤ ਕੁਮਾਰ ਨੇ, ਤੀਜਾ ਮੈਦਾਨੀ ਗੋਲ ਚੰਦਨ ਕੁਮਾਰ, ਚੌਥਾ ਫਿਰ ਮੈਦਾਨੀ ਗੋਲ ਅੰਕਿਤ ਕੁਮਾਰ ਤੇ ਆਖਰੀ ਗੋਲ ਰਾਹੂਲ ਨੇ ਕੀਤਾ ਅਤੇ ਹਾਕੀ ਭੋਪਾਲ ਵੱਲੋਂ ਇਕ ਮਾਤਰ ਗੋਲ ਸ਼ਹਿਬਾਜੂਦੀਨ ਨੇ ਕੀਤਾ।ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਇੰਡੀਅਨ ਆਇਲ, ਸਟੇਟ ਬੈਂਕ ਆਫ ਇੰਡੀਆ, ਬੈਂਕ ਆਫ ਬੜੋਦਾ, ਇਫਕੋ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ।