ਫੂਡ ਕੋਰਟ ਤੇ ਹੋਰ ਸਟਾਲਾਂ ‘ਤੇ ਲਗੀ ਰਹੀ ਭੀੜ
ਅੰਮ੍ਰਿਤਸਰ, 16 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਥਾਨਕ ਰਣਜੀਤ ਐਵਨਿਊ ਵਿਖੇ ਚੱਲ ਰਹੇ ਪਾਈਟੈਕਸ ਮੇਲੇ ‘ਚ ਲੋਕਾਂ ਦੀ ਵੱਡੀ ਆਮਦ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ।ਅੋਰਤਾਂ ਅਤੇ ਬੱਚਿਆਂ ਨੇ ਅੱਜ ਪੂਰਾ ਦਿਨ ਮੇਲੇ ਵਿੱਚ ਮੌਜ ਮਸਤੀ ਕੀਤੀ।
ਖਾਣ-ਪੀਣ ਦੇ ਮਾਮਲੇ ਵਿਚ ਪੰਜਾਬ ਦੇ ਦੂਜੇ ਇਲਾਕਿਆਂ ਦੇ ਮੁਕਾਬਲੇ ਅੱਗੇ ਰਹਿਣ ਵਾਲੇ ਅੰਮਿ੍ਰਤਸਰ ਵਾਸੀਆਂ ਨੇ ਵੱਖ-ਵੱਖ ਰਾਜਾਂ ਦੇ ਫੂਡ ਸਟਾਲਾਂ ‘ਤੇ ਜਾ ਕੇ ਖਾਣ-ਪੀਣ ਦਾ ਆਨੰਦ ਮਾਣਿਆ।ਔਰਤਾਂ ਅਤੇ ਬੱਚਿਆਂ ਦੀ ਜਿਆਦਾ ਭੀੜ ਫੂਡ ਕੋਰਟ ਵਿਚ ਚੱਲ ਰਹੇ ਰਾਜਸਥਾਨੀ ਖਾਣੇ ਦੇ ਸਟਾਲ ‘ਤੇ ਰਹੀ।
ਰਾਜਸਥਾਨੀ ਫੂਡ ਕੋਰਟ ਦੇ ਸੰਚਾਲਕ ਬਾਬੂਲਾਲ ਨੇ ਦੱਸਿਆ ਕਿ ਇਥੋਂ ਦੇ ਲੋਕਾਂ ਨੂੰ ਰਾਜਸਥਾਨੀ ਖਾਣਾ ਖੂਬ ਪਸੰਦ ਆ ਰਿਹਾ ਹੈ।ਹੋਰਨਾਂ ਦਿਨਾਂ ਦੇ ਮੁਕਾਬਲੇ ਲੋਕਾਂ ਨੇ ਰਾਜਸਥਾਨੀ ਖਾਣਾ ਦਾਲ, ਬਾਟੀ ਅਤੇ ਚੂਰਮਾ ਵਿਸੇਸ਼ ਰੀਝ ਲਾਲ ਖਾਧਾ। ਦੂਜੇ ਪਾਸੇ ਔਰਤਾਂ ਨੇ ਅੱਜ ਘਰੇਲੂ ਸਜਾਵਟੀ ਸਮਾਨ ਅਤੇ ਉਤਰ ਪੂਰਬੀ ਸੂਬਿਆਂ ਦੇ ਸਟਾਲਾਂ ਦੇ ਵਧੇਰੇ ਸਮਾਂ ਬਿਤਾਇਆ।ਲੋਕਾਂ ਨੇ ਜਿਥੇ ਸਾਰਾ ਦਿਨ ਜੋਰਦਾਰ ਖਰੀਦਦਾਰੀ ਕੀਤੀ, ਉਥੇ ਹੀ ਮੇਲੇ ਵਿੱਚ ਆਉਣ ਵਾਲੇ ਲੋਕਾਂ ਦੀ ਗਿਣਤੀ ਅੱਜ ਢਾਈ ਲੱਖ ਤੋਂ ਉਪਰ ਚਲੀ ਗਈ।
ਪ੍ਰੋਗਰਾਮ ਦੇ ਪ੍ਰਬੰਧਕ ਪੀ.ਐਚ.ਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵਿੱਚ ਪੰਜਾਬ ਚੈਪਟਰ ਦੇ ਚੇਅਰਮੈਨ ਕਰਣ ਗਿਲਹੋਤਰਾ ਨੇ ਦੱਸਿਆ ਕਿ ਸਮੇਂ ਦੇ ਅਨੁਸਾਰ ਇਸ ਵਾਰ ਇਸ ਮੇਲੇ ਵਿਚ ਬਹੁਤ ਜਿਆਦਾ ਬਦਲਾਅ ਕੀਤੇ ਗਏ ਹਨ।ਜਿੰਨ੍ਹਾਂ ਨੂੰ ਲੋਕਾਂ ਨੇ ਪਸੰਦ ਕੀਤਾ ਹੈ।ਇੱਕਠੀ ਹੋਈ ਭੀੜ ਨੇ ਸਾਫ ਕਰ ਦਿੱਤਾ ਕਿ ਪੰਜਾਬੀ ਖੁੱਲੇ ਦਿਲ ਦੇ ਹੁੰਦੇ ਹਨ।