ਕਹਿੰਦੇ ਹਨ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ।9 ਨਵੰਬਰ 1989 ਦਾ ਦਿਨ ਸੀ।ਜਦੋਂ ਪੂਰਬੀ ਜਰਮਨੀ ਅਤੇ ਪੱਛਮੀ ਜਰਮਨੀ ਨੂੰ ਵੰਡਣ ਵਾਲੀ ਬਰਲਿਨ ਦੀ ਦੀਵਾਰ ਨੂੰ ਹਟਾਉਣ ਦਾ ਫੈਸਲਾ ਲਾਗੂ ਕੀਤਾ ਗਿਆ ਸੀ। ਆਮ ਲੋਕਾਂ ਦੀ ਜਿੱਤ ਦਾ ਬਿਗਲ ਵੱਜ ਗਿਆ ਅਤੇ ਮੁੜ ਜਰਮਨ ਇਕ ਹੋ ਗਿਆ ਸੀ।ਇਸੇ ਤਰਾਂ 9 ਨਵੰਬਰ 2019 ਦਾ ਦਿਨ ਵੀ ਦੁਨੀਆਂ ਦੇ ਇਤਿਹਾਸ `ਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਗਿਆ, ਜਦੋਂ ਸ੍ਰੀ ਕਰਤਾਰਪੁਰ ਸਾਹਿਬ ਲਈ ਲਾਂਘਾ ਖੋਲ੍ਹ ਦਿੱਤਾ ਗਿਆ ਜੋ ਭਾਰਤ-ਪਾਕਿਸਤਾਨ ਸਬੰਧਾਂ ਵਿੱਚ ਇੱਕ ਨਵਾਂ ਮੀਲ ਪੱਥਰ ਸਾਬਿਤ ਹੋਵੇਗਾ।
ਇੱਕ ਪਾਸੇ ਜਿਥੇ ਭਾਰਤ ਸਰਕਾਰ ਵਲੋਂ ਧਾਰਾ 370 ਖਤਮ ਕਰ ਕੇ ਜੰਮੂ ਕਸ਼ਮੀਰ ਰਾਜ ਦਾ ਵਿਸ਼ੇਸ਼ ਦਰਜ਼ਾ ਖਤਮ ਕਰਨ ਕਰਕੇ ਭਾਰਤ-ਪਾਕਿਸਤਾਨ ਸਬੰਧ ਨਾਜ਼ੁਕ ਸਥਿਤੀ ‘ਤੇ ਖੜੇ ਹੋਣ, ਨਫਰਤ ਦੀਆਂ ਦੀਵਾਰਾਂ ਖੜੀਆਂ ਹੋਣ, ਅਜਿਹੇ ਨਾ ਖੁਸ਼ਗਵਾਰ ਮਾਹੌਲ ਵਿੱਚ ਸਿੱਖ ਕੌਮ ਦੀ 72 ਸਾਲ ਦੀ ਮੰਗ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ 10 ਮਹੀਨਿਆਂ ਦੀ ਅਣਥੱਕ ਮਿਹਨਤ ਸਦਕਾ ਪੂਰਾ ਕਰ ਦੇਣਾ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ ਹੈ।ਸੋਚੋ! ਜੇ ਬਾਬਾ ਨਾਨਕ ਨੇ ਆਪਣੇ ਅੰਤਿਮ 18 ਸਾਲ ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ ‘ਤੇ ਨਾ ਬਤੀਤ ਕੀਤੇ ਹੁੰਦੇ ਅਤੇ 1947 ਦੀ ਵੰਡ ਦੌਰਾਨ ਇਹ ਪਵਿੱਤਰ ਸਥਾਨ ਪਾਕਿਸਤਾਨ ਦਾ ਹਿੱਸਾ ਨਾ ਬਣਦਾ ਕੀ ਅੱਜ ਦਾ ਦਿਨ ਵੇਖਣ ਨੂੰ ਨਸੀਬ ਹੁੰਦਾ?
ਸ਼ਾਇਦ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣਾ ਦੋਹਾਂ ਵਿੱਛੜੇ ਭਰਾਵਾਂ ਦੀ ਮੁੜ ਗਲਵੱਕੜੀ ਪਵਾ ਦੇਵੇ।ਅੱਜ ਤੋਂ 72 ਸਾਲ ਪਹਿਲਾਂ ਜਿਹੜੀ ਨਫਰਤ ਭਰੀ ਖੂਨ ਨਾਲ ਲੱਥ ਪੱਥ ਰੈਡਕਲਿਫ ਰੇਖਾ ਖਿੱਚੀ ਗਈ ਸੀ।ਸ਼ਾਇਦ ਉਸ ਰੇਖਾ ਨੂੰ ਖਤਮ ਕਰਨ ਦਾ ਦੌਰ ਆ ਗਿਆ ਹੈ।ਇਹ ਸਾਰੀਆਂ ਸੋਚਾਂ ਸ੍ਰੀ ਕਰਤਾਰਪੁਰ ਸਾਹਿਬ ‘ਤੇ ਖੜ੍ਹੀਆਂ ਦੋਹਾਂ ਦੇਸ਼ਾਂ ਦੀਆਂ ਸੰਗਤਾਂ ਸੋਚ ਰਹੀਆਂ ਹਨ।ਕਿਉਂਕਿ ਲੋਕਾਂ ਦੇ ਚਿਹਰਿਆਂ ਤੇ ਜੋ ਖੁਸ਼ੀ ਦੀ ਲਹਿਰ ਦੌੜ ਰਹੀ ਸੀ ਅਤੇ ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਦੋਹਾਂ ਮੁਲਕਾਂ ਦੀ ਅਵਾਮ ਇੱਕ ਹੋਣੀ ਚਾਹੀਦੀ ਹੈ।ਅਜਿਹੇ ਇਤਿਹਾਸਕ ਮੌਕੇ ਗੁਰਕਿਰਪਾਲ ਸੂਰਾਪੁਰੀ ਦੇ ਗੀਤ ਦੇ ਬੋਲ ਬਾਰ ਬਾਰ ਚੇਤੇ ਆ ਰਹੇ ਸਨ:
ਗਿਲ੍ਹੇ ਸ਼ਿਕਵੇ ਤਾਂ ਸਦਾ ਹੀ ਹੁੰਦੇ ਰਹਿੰਦੇ ਨੇ,
ਆਪਣਿਆਂ ਵਿੱਚ ਕਦੇ ਵੀ ਫਿਕ ਨਹੀਂ ਪੈਂਦੇ ਨੇ।
ਇਸੇ ਹੀ ਤਰਾਂ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਦਾ ਜੋ ਨਜ਼ਾਰਾ ਅੱਖਾਂ ਸਾਹਮਣੇ ਘੁੰਮ ਰਿਹਾ ਸੀ, ਉਹ ਦਿਲਜੀਤ ਦੁਸਾਂਝ ਦੇ ਗੀਤ:
“ਆਰ ਨਾਨਕ ਪਾਰ ਨਾਨਕ
ਸਭ ਥਾਂ ਇੱਕ ਉਂਕਾਰ ਨਾਨਕ।”
ਨੂੰ ਵੀ ਵਿਵਹਾਰਕ ਰੂਪ ਦੇ ਰਿਹਾ ਸੀ।ਕਿਉਂਕਿ ਜਿਹੜੇ ਜੋਸ਼ੋ ਖਰੋਸ਼ ਨਾਲ ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪੂਰੀ ਦੁਨੀਆ `ਚ ਰੱਜ ਕੇ ਤਾਰੀਫ ਹੋਈ।ਇਹ ਸੰਕੇਤ ਦਿੰਦੀ ਹੈ ਕਿ ਜੇਕਰ ਅਮਨ ਦੋਸਤੀ ਦਾ ਸਿਲਸਿਲਾ ਏਸੇ ਤਰਾਂ ਹੀ ਚੱਲਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਿਸ ਦਿਨ ਦੋਹਾਂ ਦੇਸ਼ਾਂ ਦੀ ਗਲਵੱਕੜੀ ਪਾਉਣ ਦੀ ਮੁਹਿੰਮ ਰੰਗ ਲਿਆਵੇਗੀ।ਵਿਸ਼ਵ ਸ਼ਾਂਤੀ ਲਈ ਅਹਿਮ ਭੂਮਿਕਾ ਨਿਭਾਅ ਰਹੀ ਅੰਤਰਰਾਸ਼ਟਰੀ ਸੰਸਥਾ ਸੰਯੁਕਤ ਰਾਸ਼ਟਰ ਵਲੋਂ ਦੋਨਾਂ ਮੁਲਕਾਂ ਨੂੰ ਲਾਂਘਾ ਖੁੱਲ੍ਹਣ ਉਪਰੰਤ ਵਧਾਈ ਦਿੱਤੀ ਗਈ।ਨਵਜੋਤ ਸਿੰਘ ਸਿੱਧੂ ਵਲੋਂ ਦੋਨਾਂ ਦੇਸ਼ਾਂ ਦੀ ਖੁਸ਼ਹਾਲੀ ਲਈ ਭਾਸ਼ਣ ਦੌਰਾਨ ਬਾਰਡਰ ਖੋਲ੍ਹਣ ਦੀ ਮੰਗ ਰੱਖੀ ਗਈ।ਉਥੇ ਇਮਰਾਨ ਖਾਨ ਵਲੋਂ ਆਪਣੇ ਜਵਾਬੀ ਭਾਸ਼ਣ ਵਿੱਚ ਦੋਹਾਂ ਦੇਸ਼ਾਂ ਦੀ ਅਮਨ ਸ਼ਾਂਤੀ ਲਈ ਕਸ਼ਮੀਰ ਮਸਲਾ ਜਲਦੀ ਹੱਲ ਕਰਨ ਦੀ ਗੱਲ ਆਖੀ।ਕਹਿੰਦੇ ਹਨ ਕਿ ਸੰਗਤ ਵਿੱਚ ਰੱਬ ਵੱਸਦਾ ਸੋ ਸੰਗਤ ਵਿੱਚ ਲੋਕ ਕਹਿੰਦੇ ਸੁਣੇ ਗਏ ਕਿ ਜੇਕਰ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹ ਸਕਦਾ ਹੈ ਤਾਂ ਕਸ਼ਮੀਰ ਮਸਲਾ ਕਿਉਂ ਨਹੀਂ ਸੁਲਝ ਸਕਦਾ? ਲੋੜ ਸਿਰਫ਼ ਇੱਛਾ ਸ਼ਕਤੀ ਦੀ ਹੈ।ਲੋਕ ਤਾਂ ਪਹਿਲਾਂ ਹੀ ਗਲਵੱਕੜੀਆਂ ਪਾਉਣ ਨੂੰ ਤਿਆਰ ਬੈਠੇ ਹਨ।
ਅੰਤ ਵਿੱਚ ਇਸੇ ਆਸ ਨਾਲ ਕਿ ਸਾਹਿਬ ਸ੍ਰੀ ਗੁਰੂ ਨਾਨਕ ਜੋ ਕਿ ਜਗਤ ਗੁਰੂ ਹਨ।ਉਨ੍ਹਾਂ ਦੀ ਬਖਸ਼ਿਸ਼ ਨਾਲ ਜੋ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਨ ਲਈ ਰਸਤਾ ਬਣਿਆ, ਇਹ ਭਾਰਤ ਪਾਕਿਸਤਾਨ ਮੁੜ ਦੋਸਤੀ ਲਈ `ਵੱਡਾ ਕਦਮ` ਸਾਬਿਤ ਹੋਵੇਗਾ।
ਪੰਜਾਬ ਦੇ ਪ੍ਰਸਿੱਧ ਗਾਇਕ ਹੰਸ ਰਾਜ ਹੰਸ ਦੇ ਪ੍ਰਸਿੱਧ ਗੀਤ ਦੇ ਬੋਲ ਵਿਵਹਾਰਿਕ ਹੋ ਜਾਣਗੇ:
ਇਹ ਪੰਜਾਬੀ ਵੀ ਮੇਰੀ ਏ
ਉਹ ਪੰਜਾਬੀ ਵੀ ਮੇਰੀ ਏ
ਇਹ ਸਤਲੁਜ ਵੀ ਮੇਰਾ ਏ
ਉਹ ਚਨਾਬ ਵੀ ਮੇਰਾ ਏ
ਹਾੜਾ! ਜਿਸਮ ਮੇਰੇ ਦੇ ਦੋਵੇਂ ਟੁਕੜੇ ਜੋੜ ਦਿਓ
ਇਹ ਹੱਦਾਂ ਤੋੜ ਦਿਓ, ਸਰਹੱਦਾਂ ਤੋੜ ਦਿਓ।
ਬਾਬਾ ਨਾਨਕ ਮਿਹਰ ਕਰਨ!
ਗੁਰਮੀਤ ਸਿੰਘ ਭੋਮਾ
(ਸਟੇਟ ਐਵਾਰਡੀ)
ਮੋ – 97815 35440