ਅੰਮ੍ਰਿਤਸਰ, 28 ਦਸੰਬਰ (ਪੰਜਾਬ ਪੋਸਟ – ਸੁਖਬਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖਚਾਖਚ ਭਰੇ ਦਸਮੇਸ਼ ਆਡੀਟੋਰੀਅਮ ਵਿਚ ਅੱਜ 23 ਯੂਨੀਵਰਸਿਟੀਆਂ ਦੇ ਵਿਦਿਆਰਥੀ ਕਲਾਕਾਰਾਂ ਨੇ ਆਪੋ ਆਪਣੇ ਨਾਟਕਾਂ ਵਿਚ ਮੰਝੀ ਕਲਾਕਾਰੀ ਦੇ ਨਾਲ ਦਰਸ਼ਕਾਂ ਨੂੰ ਕੀਲ ਕੇ ਹੀ ਨਹੀਂ ਰੱਖ ਦਿਤਾ ਸਗੋਂ ਵਿਸ਼ਵ ਸਮਾਜ ਵਿਚ ਵਾਪਰ ਰਹੀਆਂ ਵੱਖ ਵੱਖ ਘਟਨਾਵਾਂ ਦੇ ਬਾਰੇ ਪੁਨਰ-ਵਿਚਾਰ ਕਰਨ ਲਈ ਮਜਬੂਰ ਕਰ ਦਿੱਤਾ। ਇਕ ਪਾਸੇ ਜਿਥੇ ਦਿਲ ਨੂੰ ਛੂਹ ਲੈਣ ਵਾਲੇ ਵਿਸ਼ੇ ਨਾਟਕਾਂ ਵਿਚ ਪੇਸ਼ ਕੀਤੇ ਗਏ ਉਥੇ ਉਨ੍ਹਾਂ ਵਿਸ਼ਿਆਂ ਦੇ ਨਿਭਾਅ ਦੇ ਲਈ ਬਣਾਈਆਂ ਗਈਆਂ ਸਟੇਜਾਂ ਅਤੇ ਵਰਤੇ ਗਏ ਆਧੁਨਿਕ ਸਾਧਨਾਂ ਦੇ ਸੁਮੇਲ ਨੇ ਨਾਟਕ ਜਗਤ ਨੂੰ ਨਵੀਂ ਦਿਸ਼ਾ ਦੇ ਦਿੱਤੀ।
35ਵਾਂ ਨਾਰਥ ਜ਼ੋਨ ਅੰਤਰ-ਯੂਨੀਵਰਸਿਟੀ ਯੁਵਕ ਮੇਲੇ `ਯੁਵਫੋਰੀਆ – 2019` ਦਾ ਅੱਜ ਤੀਜਾ ਦਿਨ ਸੀ ਜਿਸ ਵਿਚ ਅੱਜ ਹੋਏ ਵੈਸਟਰਨ ਗਰੁੱਪ ਸੌਂਗ, ਕਲਾਸੀਕਲ (ਇੰਸਟਰੂਮੈਂਟਲ) ਨਾਨ-ਪਰਕਸ਼ਨ, ਕਲਾਸੀਕਲ (ਇੰਸਟਰੂਮੈਂਟਲ) ਪਰਕਸ਼ਨ, ਡੀਬੇਟ, ਰੰਗੋਲੀ ਅਤੇ ਕਾਰਟੂਨਿੰਗ ਦੇ ਮੁਕਾਬਲੇ ਵੀ ਵੱਖਰੀ ਛਾਪ ਛੱਡ ਗਏ।
ਉਤਰੀ ਭਾਰਤ ਤੋਂ ਪੁੱਜੇ ਵਿਦਿਆਰਥੀਆਂ ਵੱਲੋਂ ਇਸ ਯੁਵਕ ਮੇਲੇ ਵਿਚ ਸਿਰਫ ਭਾਗ ਹੀ ਨਹੀਂ ਲਿਆ ਰਿਹਾ, ਸਗੋਂ ਉਨ੍ਹਾਂ ਵੱਲੋਂ ਪੰਜਾਬ ਦੀ ਵਿਰਾਸਤ ਨੂੰ ਸਮਝਣ ਦੇ ਨਾਲ ਨਾਲ ਵੱਖ ਵੱਖ ਪ੍ਰੋਗਰਾਮਾਂ ਦੇ ਵਿਚ ਵੀ ਬੜੀ ਨਿੱਜੀ ਦਿਲਚਸਪੀ ਲੈ ਕੇ ਵੇਖਿਆ ਜਾ ਰਿਹਾ ਹੈ।ਦਸਮੇਸ਼ ਆਡੀਟੋਰੀਅਮ ਦੇ ਵਿਚ ਨਾਟਕਾਂ ਦੀ ਅਜਿਹੀ ਝੜੀ ਲੱਗੀ ਕਿ ਉਹ ਦੇਰ ਸ਼ਾਮ ਤਕ ਜਾਰੀ ਰਹੀ ਜਿਨ੍ਹਾਂ ਵਿਚ ਵੱਖ ਵੱਖ ਰਾਜਾਂ ਦੀ ਨਾਟਕ ਕਲਾ ਇਕ ਮੰਚ ਉਪਰ ਦੇਖਣ ਨੂੰ ਮਿਲੀ। ਕਈ ਨਾਟਕਾਂ ਦੇ ਵਿਚ ਜ਼ਿੰਦਗੀ ਦੇ ਉਨ੍ਹਾਂ ਅਣਛੂਹੇ ਪਲਾਂ ਨੂੰ ਵੀ ਸਟੇਜ ਉਪਰ ਸੰਜੀਵ ਕਰ ਦਿੱਤਾ ਜੋ ਅਜੇ ਤਕ ਨਾਟਕ ਦੇ ਇਤਿਹਾਸ ਦਾ ਹਿੱਸਾ ਵੀ ਨਹੀਂ ਰਹੇ।ਅੱਜ ਦੇ ਨਾਟਕ `ਯੁਵਫੋਰੀਆ-2019` ਦੇ ਇਕ ਉਪਲਬਧੀ ਦੇ ਤੌਰ `ਤੇ ਜਾਣੇ ਜਾਣਗੇ।ਜਿਨ੍ਹਾਂ ਦੇ ਵਿਚ ਸਿਰਫ ਨਵੇਂ ਵਿਸ਼ਿਆਂ ਨੂੰ ਹੀ ਨਹੀਂ ਲਿਆ ਗਿਆ।ਸਗੋਂ ਓਨਾਂ ਦੀ ਪੇਸ਼ਕਾਰੀ ਦੇ ਲਈ ਵਿਦਿਆਰਥੀਆਂ ਵੱਲੋਂ ਪ੍ਰੋੜ ਕਲਾਕਾਰੀ ਦਾ ਵੀ ਵਿਖਾਵਾ ਕੀਤਾ।
`ਜਾਨੇਮਨ` ਨਾਟਕ ਵਿਚ ਕਿਨਰਾਂ ਦੀ ਤਰਸਦਾਇਕ ਅਤੇ ਦੁਖਾਂਤਕ ਜ਼ਿੰਦਗੀ ਨੂੰ ਦਰਸਟੇਜ ਕੀਤਾ ਗਿਆ।ਜਿਸ ਦੇ ਲੇਖਕ ਮਸ਼ਿੰਦਰ ਮੋਰੇ ਅਤੇ ਨਿਰਦੇਸ਼ਕ ਡਾ. ਹਰੀਕੇਸ਼ ਪੰਗਾਲ ਸਨ।ਨਾਟਕ ਵਿਚ ਇਸ ਵਿਡੰਬਨਾ ਨੂੰ ਬਹੁਤ ਮਾਰਮਿਕ ਢੰਗ ਨਾਲ ਪੇਸ਼ ਕੀਤਾ ਗਿਆ।ਜਿਸ ਵਿਚ ਇਕ ਪਾਸੇ ਜਿਥੇ ਭਾਰਤੀ ਸਮਾਜ ਇਸ ਵਰਗ ਨੂੰ ਆਪਣੀਆਂ ਖੂਸ਼ੀਆਂ ਦੇ ਵਿਚ ਸ਼ਾਮਿਲ ਕਰਦਾ ਹੈ।ਉਥੇ ਉਸ ਪ੍ਰਤੀ ਤ੍ਰਿਸਕਾਰ ਅਤੇ ਉਪਹਾਸ ਦਾ ਵੀ ਪਾਤਰ ਬਣਾਉਂਦਾ ਹੈ।
ਸੰਵੇਦਨਾਂ ਭਰੇ ਨਾਟਕ `ਬਹੇਵੀਅਰਲ ਸਾਇੰਸ` ਮਨੁੱਖੀ ਸੁਭਾਅ ਕਰਨੀ ਅਤੇ ਕਥਨੀ ਦੀ ਕਹਾਣੀ ਬਿਆਨ ਕਰ ਗਿਆ।ਮਾਂ ਦੇ ਰਿਸ਼ਤੇ ਦੁਆਲੇ ਘੁੰਮੇ ਇਸ ਸਾਰੇ ਨਾਟਕ ਵਿਚ ਰਿਸ਼ਤਿਆਂ ਦੇ ਉਤਰਾਅ-ਚੜ੍ਹਾਅ ਨੂੰ ਧਾਰਮਿਕ ਗ੍ਰੰਥਾਂ ਨਾਲ ਜੋੜਦੇ ਹੋਏ ਬਹੁਤ ਨੇੜਿਓਂ ਤੱਕਿਆ ਗਿਆ।ਵਿਦੇਸ਼ ਰਹਿੰਦੇ ਪੁੱਤਾਂ ਦਾ ਦੇਸ਼ ਰਹਿੰਦੀਆਂ ਮਾਵਾਂ ਨਾਲ ਭਾਵਨਾਤਮਕ ਤੌਰ `ਤੇ ਬਣੇ ਰਿਸ਼ਤੇ ਨੂੰ ਕਲਾਕਾਰਾਂ ਨੇ ਜਦੋਂ ਆਪਣੇ ਕਲਾਕਾਰੀ ਨਾਲ ਪੇਸ਼ ਕੀਤਾ ਤਾਂ ਦਰਸ਼ਕ ਇਕ ਦੂਜੇ ਤੋਂ ਲੁਕਾ ਕੇ ਅੱਥਰੂ ਵਿਹਾਅ ਰਹੇ ਸਨ।ਦਸਮੇਸ਼ ਆਡੀਟੋਰੀਅਮ ਵਿਚ ਬੈਠੇ ਦਰਸ਼ਕਾਂ ਦੇ ਸੁੰਨ ਹੋ ਜਾਣ ਤੋਂ ਪਤਾ ਲੱਗ ਰਿਹਾ ਸੀ ਕਿ ਨਾਟਕ ਖਤਮ ਹੋਣ ਦੇ ਬਾਵਜੂਦ ਵੀ ਖਤਮ ਨਹੀਂ ਹੋਇਆ।ਨਾਟਕ ਵਿਚ ਇਕ ਪਾਸੇ ਜਿਥੇ ਗੀਤਾ ਦੇ ਗਿਆਨ ਨੂੰ ਹੁਣ ਦੇ ਹਲਾਤਾਂ ਨਾਲ ਪੇਸ਼ ਕੀਤਾ ਗਿਆ ਉਥੇ ਯਥਾਰਥ ਨੂੰ ਵੀ ਨਕਾਰਿਆ ਨਹੀਂ ਗਿਆ।ਆਖਰ ਨਾਟਕ ਵਿੱਚ ਪੁੱਤ ਦੀ ਥਾਂ `ਤੇ ਧੀ ਆਪਣੀ ਮਾਂ ਦੀ ਚਿਖਾ ਨੂੰ ਅੱਗ ਦੇ ਦੇਂਦੀ ਹੈ।
ਇਕ ਨਾਟਕ ਵਿਚ ਅੱਜ ਵੀ ਕਿਵੇਂ ਸ਼ਹੀਦ ਭਗਤ ਸਿੰਘ, ਨੌਜੁਆਨਾਂ ਦਾ ਨਾਇਕ ਹੈ ਅਤੇ ਉਹ ਉਨ੍ਹਾਂ ਵੱਲੋਂ ਦੱਸੇ ਹੋਏ ਰਸਤੇ `ਤੇ ਚੱਲ ਕੇ ਕਿਵੇਂ ਸਮਾਜ ਵਿਚ ਬਰਾਬਰਤਾ ਲਿਆਉਣ ਲਈ ਸ਼ੰਘਰਸ਼ੀਲ ਹਨ ਦੀ ਕਹਾਣੀ ਨੂੰ ਦਰਮੰਚ ਕਰ ਗਿਆ।
ਰੰਗੋਲੀ ਦੇ ਵਿਚ ਜਿਥੇ ਵਿਦਿਆਰਥੀ ਕਲਾਕਾਰਾਂ ਨੇ ਵੱਖ ਵੱਖ ਰੰਗਾਂ ਅਤੇ ਢੰਗਾਂ ਦੇ ਨਾਲ ਆਪਣੀ ਕਲਾਕਾਰੀ ਨਾਲ ਆਰਕੀਟੈਕਚਰ ਵਿਭਾਗ ਦੇ ਵਿਹੜੇ ਨੂੰ ਰੰਗਮਈ ਕਰ ਦਿੱਤਾ ਉਥੇ ਗੁਰੂ ਨਾਨਕ ਭਵਨ ਆਡੀਟੋਰੀਅਮ ਵਿਚ ਹੋਈ ਡੀਬੇਟ ਵਿਚ ਹਿੱਸਾ ਲੈਂਦਿਆਂ ਵਿਦਿਆਰਥੀਆਂ ਨੇ ਵਾਤਾਵਰਣ ਪ੍ਰਤੀ ਮਨੁੱਖੀ ਅਣਗਹਿਲੀ ਦੇ ਖਮਿਆਜ਼ੇ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਭੁਗਤਣ ਲਈ ਤਿਆਰ ਛੱਡਣ `ਤੇ ਤਿੱਖੇ ਵਿਅੰਗ ਕੱਸੇ।ਵਿਦਿਆਰਥੀਆਂ ਨੇ ਇਕ ਪਾਸੇ ਜਿਥੇ ਵਾਤਾਵਰਣ ਨੂੰ ਬਚਾਉਣ ਲਈ ਉਪਰਾਲੇ ਕਰਨ ਲਈ ਜਾਗਰੂਕ ਪੈਦਾ ਕਰਨ `ਤੇ ਜ਼ੋਰ ਦਿੱਤਾ ਉਥੇ ਹੀ ਪਦਾਰਥਵਾਦ ਤੇ ਸਵਾਰਥਵਾਦ ਦੀ ਅੰਨ੍ਹੀ ਦੌੜ ਵਿਚ ਕੁਦਰਤੀ ਸਰੋਤਾਂ ਦੀ ਕੀਤੀ ਜਾ ਰਹੀ ਦੁਰਵਰਤੋਂ `ਤੇ ਤੁਰੰਤ ਰੋਕ ਲਾਉਣ ਲਈ ਸਖਤ ਕਾਨੂੰਨ ਬਣਾਉਣ ਵੱਲ ਵੀ ਇਸ਼ਾਰਾ ਕਰਦੇ ਰਹੇ।ਸਮਾਜ ਵਿਚ ਦਲਿਤ ਔਰਤ ਦੀ ਸਥਿਤੀ ਅਤੇ ਵਿਵਹਾਰ ਨੂੰ ਦਰਸਾਉਂਦਾ ਨਾਟਕ ਵੀ ਇਸ ਮੌਕੇ ਪੇਸ਼ ਕੀਤਾ ਗਿਆ ਜਿਸ ਵਿਚ ਸਮਾਜ ਵਿਚ ਦਲਿਤ ਔਰਤ ਨਾਲ ਹੋ ਰਹੇ ਦੁਰਵਿਵਹਾਰ ਅਤੇ ਅਤਿਚਾਰ ਦੀ ਤ੍ਰਾਸਦਿਕ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਸੋਚਣ `ਤੇ ਮਜਬੂਰ ਕਰ ਦਿੱਤਾ।
ਗਲੋਬਲ ਵਾਰਮਿੰਗ ਵਿਚ ਜਕੜ ਚੁੱਕੇ ਸੰਸਾਰ ਨੂੰ ਬਚਾਉਣ ਲਈ ਜਿਥੇ ਸਮੂਹਿਕ ਯਤਨਾਂ ਦੀ ਲੋੜ ਡੀਬੇਟ ਕਰਤਾਵਾਂ ਦਾ ਕੇਂਦਰੀ ਧੁਰਾ ਰਿਹਾ ਉਥੇ ਇਸ ਗੱਲ ਉਪਰ ਵੀ ਚਰਚਾ ਕੀਤੀ ਗਈ ਕਿ ਵਾਤਾਵਰਣ ਤੋਂ ਬਿਨਾ ਮਨੁੱਖੀ ਹੋਂਦ ਦਾ ਕੋਈ ਨਿਸ਼ਾਨ ਨਹੀਂ ਰਹਿ ਸਕਦਾ।ਵਿਦਿਆਰਥੀਆਂ ਨੇ ਵੱਧ ਰਹੇ ਪ੍ਰਦੂਸ਼ਣ `ਤੇ ਚਿੰਤਾ ਜ਼ਾਹਰ ਕੀਤੀ ਅਤੇ ਵਾਤਾਵਰਣ ਤੇ ਵਿਕਾਸ ਵਿਚ ਸੰਤੁਲਨ ਨੂੰ ਹੀ ਅੱਜ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਦੱਸਿਆ।
ਇਕ ਪਾਸੇ ਜਿਥੇ ਵੱਖ ਵੱਖ ਆਡੀਟੋਰੀਅਮਾਂ ਵਿਚ ਵਿਦਿਆਰਥੀ ਕਲਾਕਾਰ ਵੱਖ-ਵੱਖ ਵਰਗਾ ਵਿਚ ਹਿੱਸਾ ਲੈਂਦਿਆਂ ਆਪਣੀ ਕਲਾ ਨੂੰ ਪੇਸ਼ ਕਰ ਰਹੇ ਸਨ।ਉਥੇ ਕੱਲ੍ਹ ਦਸਮੇਸ਼ ਆਡੀਟੋਰੀਅਮ ਵਿਚ ਉਤਰੀ ਭਾਰਤ ਦੇ ਲੋਕ ਨਾਚਾਂ ਦੀ ਧਮਾਲ ਪਾਉਣ ਲਈ ਯੂਨੀਵਰਸਿਟੀ ਦੇ ਵੱਖ ਵੱਖ ਕੋਨਿਆਂ ਦੇ ਵਿਚ ਵਿਦਿਆਰਥੀ ਕਲਾਕਾਰਾਂ ਵੱਲੋਂ ਟੋਲੀਆਂ ਬਣਾ ਕੇ ਕੀਤੇ ਜਾ ਰਹੇ ਅਭਿਆਸ ਦਾ ਵੀ ਇਕ ਵੱਖਰਾ ਨਜ਼ਾਰਾ ਸੀ।
ਯੁਵਫੋਰੀਆ ਦੇ ਆਰਗੇਨਾਈਜ਼ਿੰਗ ਸੈਕਟਰੀ ਅਤੇ ਯੁਵਕ ਭਲਾਈ ਦੇ ਡੀਨ, ਡਾ. ਹਰਦੀਪ ਸਿੰਘ ਨੇ ਦੱਸਿਆ ਕਿ 28 ਦਸੰਬਰ ਨੂੰ ਯੂਨੀਵਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਚ ਗਰੁਪ ਸੌਂਗ (ਇੰਡੀਅਨ), ਫੋਕ / ਟ੍ਰਾਈਬਲ ਡਾਂਸ ਦੇ ਮੁਕਾਬਲੇ ਹੋਣਗੇ ਜਦੋਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਲਾਈਟ ਵੋਕਲ (ਇੰਡੀਅਨ), ਵੈਸਟਰਨ ਇੰਸਟਰੂਮੈਂਟਲ ਸੋਲੋ ਦੇ ਮੁਕਾਬਲੇ ਹੋਣਗੇ।ਕਾਨਫਰੰਸ ਹਾਲ ਵਿਖੇ ਕੁਇਜ਼ ਪ੍ਰੀਲਿਮਨਰੀ, ਕੁਇਜ਼ ਫਾਈਨਲ ਦੇ ਮੁਕਾਬਲੇ ਹੋਣਗੇ। ਇੰਸਟਾਲੇਸ਼ਨ, ਮਹਿੰਦੀ, ਪੋਸਟਰ ਮੇਕਿੰਗ ਦੇ ਮੁਕਾਬਲੇ ਆਰਕੀਟੈਕਚਰ ਵਿਭਾਗ ਵਿਖੇ ਹੋਣਗੇ। ਮੁਕਾਬਲੇ ਦੇ ਅਖੀਰਲੇ ਦਿਨ 29 ਦਸੰਬਰ ਨੂੰ ਇਨਾਮ ਵੰਡ ਸਮਾਰੋਹ ਹੋਵੇਗਾ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …