Friday, August 1, 2025
Breaking News

‘ਕਾਵਿ ਸਿਰਜਣਾ’ ਅਤੇ ‘ਕੱਚੀ ਮਿੱਟੀ’ ਪੁਸਤਕਾਂ ਰਲੀਜ਼

ਜਸਵੰਤ ਸਿੰਘ ਨੇਕੀ ਤੇ ਹਰਿਭਜਨ ਸਿੰਘ ਦੇ ਕਾਵਿ-ਸ਼ਾਸਤਰੀ ਸੰਵਾਦ ਨੂੰ ਉਭਾਰਨ ‘ਤੇ ਜ਼ੋਰ

ਅੰਮ੍ਰਿਤਸਰ, 19 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) -ਖਾਲਸਾ ਕਾਲਜ ਫਾਰ ਵੁਮਨ ਵਿਖੇ ਪੰਜਾਬੀ ਸਾਹਿਤ ਵਿਚ ਪ੍ਰਕਾਸ਼ਿਤ ਹੋਈਆਂ ਦੋ ਅਤਿ PPNJ1901202010ਮਹੱਤਵਪੂਰਨ ਪੁਸਤਕਾਂ ਉਪਰ ਗੋਸ਼ਟੀ ਅਤੇ ਰਿਲੀਜ਼ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਹ ਆਯੋਜਨ ਖੋਜਾਰਥੀਆਂ ਅਤੇ ਵਿਦਿਆਰਥੀਆਂ ਵੱਲੋਂ ਸਾਂਝੇ ਰੂਪ ਨਾਲ ਸੰਚਾਲਿਤ ਕੀਤੀ ਜਾ ਰਹੀ ਖੋਜ ਸੰਸਥਾ ਨਾਦ ਪ੍ਰਗਾਸੁ ਵੱਲੋਂ ਕੀਤਾ ਗਿਆ।
ਅੱਜ ਦੇ ਇਸ ਸਮਾਗਮ ਵਿਚ ਪੰਜਾਬੀ ਸਾਹਿਤ ਦੇ ਅਨੇਕਾਂ ਵਿਸ਼ਾ ਮਾਹਿਰਾਂ ਨੇ ਆਪਣੇ ਵਿਚਾਰ ਪ੍ਰਸਤੁਤ ਕੀਤੇ ਜਿਨ੍ਹਾਂ ਦਾ ਕੇਂਦਰੀ ਨੁਕਤਾ ਪੰਜਾਬੀ ਕਾਵਿ ਸ਼ਾਸਤਰ ਦੀ ਸਿਰਜਣਾ ਸੀ।ਇਹ ਗੋਸ਼ਟੀ ਅਤੇ ਰਲੀਜ਼ ਸਮਾਰੋਹ ਦੋ ਸੈਸ਼ਨਾਂ ਦੌਰਾਨ ਨੇਪਰੇ ਚੜ੍ਹਿਆ।ਪਹਿਲੇ ਸੈਸ਼ਨ ਦੌਰਾਨ ਸਿੰਘ ਬ੍ਰਦਰਜ਼ ਦੁਆਰਾ ਪ੍ਰਕਾਸ਼ਿਤ ਡਾ. ਜਸਵੰਤ ਸਿੰਘ ਨੇਕੀ ਦੀ ਮਹੱਤਵਪੂਰਨ ਪੁਸਤਕ ‘ਕਾਵਿ-ਸਿਰਜਣਾ: ਮਨੋਵਿਗਿਆਨਕ ਪਰਿਪੇਖ’ ਰਿਲੀਜ਼ ਕੀਤੀ ਗਈ। ਉਪਰੰਤ ਡਾ. ਰੁਪਿੰਦਰਜੀਤ ਕੌਰ, ਸੰਤ ਬਾਬਾ ਭਾਗ ਯੂਨੀਵਰਸਿਟੀ, ਆਦਮਪੁਰ ਨੇ ਗੋਸ਼ਟੀ ਦਾ ਆਰੰਭ ਕਰਦਿਆਂ ਪੁਸਤਕ ਦੇ ਵਿਸ਼ੈ ਵਸਤੂ ਨੂੰ ਮਨੋਵਿਗਿਆਨਕ ਪ੍ਰਸੰਗ ਵਿਚ ਵਿਚਾਰਿਆ।ਉਨ੍ਹਾਂ ਕਾਵਿ ਸ਼ਾਸਤਰ ਦੇ ਸੰਦਰਭ ਵਿਚ ਡਾ. ਨੇਕੀ, ਡਾ. ਹਰਿਭਜਨ ਸਿੰਘ ਅਤੇ ਡਾ. ਅਤਰ ਸਿੰਘ ਦੇ ਪਰਸਪਰ ਸੰਵਾਦ ਦਾ ਪੰਜਾਬੀ ਸਾਹਿਤ ਦੇ ਖੋਜਾਰਥੀਆਂ ਦੁਆਰਾ ਵਧੇਰੇ ਇਕਾਗਰਤਾ ਨਾਲ ਅਧਿਐਨ ਕਰਨ ਉਪਰ ਜ਼ੋਰ ਦਿੱਤਾ।
PPNJ1901202011ਪੁਸਤਕ ਦੇ ਸੰਪਾਦਕ ਡਾ. ਸੁਖਵਿੰਦਰ ਸਿੰਘ, ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਨੇ ਕਿਹਾ ਕਿ ਡਾ. ਨੇਕੀ ਦੀ ਇਹ ਰਚਨਾ ਉਨ੍ਹਾਂ ਦੇ ਜੀਵਨ ਦੇ ਆਖਰੀ ਪੰਜ ਦਹਾਕਿਆਂ ਦੇ ਕਾਵਿ ਅਨੁਭਵ ਨੂੰ ਸਿਧਾਂਤਬੱਧ ਕਰਦੀ ਹੈ।ਜਿਸ ਵਿਚ ਪੰਜਾਬੀ ਸਾਹਿਤ ਸ਼ਾਸਤਰ ਦੀ ਲੋੜ ਅਤੇ ਮਹੱਤਵ ਨੂੰ ਵਧੇਰੇ ਤੀਬਰਤਾ ਨਾਲ ਪ੍ਰਗਟ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਡਾ. ਨੇਕੀ ਅਜਿਹਾ ਪੰਜਾਬੀ ਕਵੀ ਹੈ ਜੋ ਆਪਣੇ ਭਾਵਨਾਤਮਕ ਪ੍ਰਗਟਾਅ ਦੇ ਨਾਲ ਨਾਲ ਇਸ ਦੀ ਸਿਧਾਂਤਕ ਯੋਜਨਾਬੰਦੀ ਭਾਵ ਕਾਵਿ ਸ਼ਾਸਤਰ ਪ੍ਰਤੀ ਵੀ ਸੁਚੇਤ ਰੂਪ ਨਾਲ ਯਤਨਸ਼ੀਲ ਹੈ।
ਪ੍ਰਕਾਸ਼ਕ ਗੁਰਸਾਗਰ ਸਿੰਘ ਨੇ ਕਿਹਾ ਕਿ ਇਸ ਰਚਨਾ ਨੇ ਪੰਜਾਬੀ ਅਲੋਚਨਾ ਦੇ ਖੇਤਰ ਵਿਚ ਇਕ ਅਣਗੌਲੇ ਅਤੇ ਹਾਸ਼ੀਆਗਤ ਪ੍ਰਸ਼ਨ ਨੂੰ ਕੇਂਦਰ ਵਿਚ ਲਿਆਉਣ ਦੀ ਪਹਿਲ ਕੀਤੀ ਹੈ ਅਤੇ ਭਵਿੱਖ ਵਿਚ ਇਹ ਰਚਨਾ ਪੰਜਾਬੀ ਸਾਹਿਤ ਚਿੰਤਨ ਲਈ ਇਕ ਸ਼ਾਹਕਾਰ ਵਜੋਂ ਪ੍ਰਵਾਨ ਹੋਵੇਗੀ।ਪੰਜਾਬ ਟੈਕਨੀਕਲ ਯੂਨੀਵਰਸਿਟੀ, ਕਪੂਰਥਲਾ ਤੋਂ ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਡਾ. ਨੇਕੀ ਨੂੰ ਭਾਈ ਵੀਰ ਸਿੰਘ, ਪ੍ਰੋ. ਪੂਰਨ ਸਿੰਘ ਅਤੇ ਪ੍ਰੀਤਮ ਸਿੰਘ ਸਫੀਰ ਵਾਲੀ ਲੜੀ ਰਾਹੀਂ ਵੇਖਣਾ ਵਧੇਰੇ ਉਚਿਤ ਹੋਵੇਗਾ।ਉਨ੍ਹਾਂ ਕਿਹਾ ਕਿ ਖੋਜਾਰਥੀਆਂ ਲਈ ਬਾਣੀ, ਕਾਵਿ ਅਤੇ ਦਰਸ਼ਨ ਦੇ ਪਰਸਪਰ ਅੰਤਰਾਂ ਅਤੇ ਸੰਬੰਧਾਂ ਨੂੰ ਵਧੇਰੇ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ।
ਸੈਸ਼ਨ ਦੀ ਪ੍ਰਧਾਨਗੀ ਕਰ ਰਹੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਡਾ. ਹਰਚੰਦ ਸਿੰਘ ਬੇਦੀ ਨੇ ਕਿਹਾ ਕਿ ਪੰਜਾਬੀ ਸਾਹਿਤ ਅਲੋਚਨਾ ਮੁੱਖ ਰੂਪ ਨਾਲ ਪੱਛਮੀ ਵਿਚਾਰਧਾਰਾਵਾਂ ਜਾਂ ਖੋਜ ਵਿਧੀਆਂ ਤੋਂ ਵਧੇਰੇ ਪ੍ਰੇਰਿਤ ਰਹੀ ਹੈ ਜਿਸ ਕਾਰਨ ਪੰਜਾਬੀ ਸਾਹਿਤ ਦੇ ਮੌਲਿਕ ਕਾਵਿ ਸ਼ਾਸਤਰ ਦੀ ਲੋੜ ਵੱਲ ਅਜੇ ਤਕ ਖੋਜੀਆਂ ਦਾ ਧਿਆਨ ਨਹੀਂ ਗਿਆ।
ਅੱਜ ਦੇ ਸਮਾਰੋਹ ਦੇ ਦੂਜੇ ਸੈਸ਼ਨ ਦੌਰਾਨ ਕਵੀ ਪ੍ਰਕਾਸ਼ ਪ੍ਰਭਾਕਰ ਦੀਆਂ ਨਵੀਆਂ ਪੰਜਾਬੀ ਕਵਿਤਾਵਾਂ ਦੀ ਪੁਸਤਕ ‘ਕੱਚੀ ਮਿੱਟੀ’ ਰਿਲੀਜ਼ ਕੀਤੀ ਗਈ। ਪੁਸਤਕ ਦੇ ਰਲੀਜ਼ ਉਪਰੰਤ ਖੋਜ ਪੱਤਰ ਪ੍ਰਸਤੁਤ ਕਰਦਿਆਂ ਡਾ. ਸਰਬਜੋਤ ਸਿੰਘ ਨੇ ਕਿਹਾ ਕਿ ਆਧੁਨਿਕਵਾਦ ਦੇ ਗਿਆਨਕਰਨ ਤਹਿਤ ਮਾਨਵੀ ਦੇਹ ਨੂੰ ਮਨ ਤੋਂ ਦੁਜੈਲੇ ਦਰਜੇ ਦਾ ਪ੍ਰਵਾਨ ਕੀਤਾ ਗਿਆ ਜਦਕਿ ਉਤਰਆਧੁਨਿਕਵਾਦ ਨੇ ਮਾਨਵੀ ਦੇਹ ਨਾਲ ਜੁੜੀਆਂ ਮੂਲ ਅਕਾਂਖਿਆਵਾਂ ਨੂੰ ਮੁੜ ਉਭਾਰਿਆ ਹੈ।ਪਰ ਇਹ ਰਚਨਾ ਦੇਹ ਨਾਲ ਜੁੜੀ ਨਕਾਰਾਤਮਕਤਾ ਨੂੰ ਸੰਜਮ ਵਿਚ ਰੱਖਦੀ ਹੋਈ ਇਸ ਦੀ ਪਵਿੱਤਰਤਾ ਦਾ ਜਸ਼ਨ ਮਨਾਉਣ ਦੀ ਲੋਚਾ ਰਖਦੀ ਹੈ।ਵਿਸ਼ੇਸ ਤੌਰ ‘ਤੇ ਹਾਜਰ ਹੋਏ ਪੁਸਤਕ ਦੇ ਲੇਖਕ ਪ੍ਰਕਾਸ਼ ਪ੍ਰਭਾਕਰ ਨੇ ਕਿਹਾ ਕਿ ਕਿਸੇ ਵੀ ਕਾਵਿਕ ਰਚਨਾ ਨੂੰ ਉਸ ਦੇ ਸਮੁੱਚੇ ਅਨੁਭਵ ਤਹਿਤ ਵਿਚਾਰਨਾਂ ਵਧੇਰੇ ਲਾਭਦਾਇਕ ਅਭਿਆਸ ਹੁੰਦਾ ਹੈ।
ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਆਦਮਪੁਰ ਤੋਂ ਡਾ. ਅਮਰਜੀਤ ਸਿੰਘ ਨੇ ‘ਕੱਚੀ ਮਿੱਟੀ’ ਨੂੰ ਸਮਕਾਲੀ ਕਵਿਤਾ ਵਿਚ ਹੋ ਰਹੇ ਦੇਹੀ ਸੁਹਜ ਦੇ ਪ੍ਰਯੋਗ ਦੀ ਨਿਰੰਤਰਤਾ ਵਿਚ ਇਕ ਸ਼ਕਤੀਵਰ ਦਖਲ ਮੰਨਿਆ।ਉਨ੍ਹਾਂ ਨੇ ਪੰਜਾਬੀ ਸਾਹਿਤ ਵਿਚ ਲਿਖੀਆਂ ਭੁਮਿਕਾਵਾਂ ਨੂੰ ਵੀ ਕਾਵਿ ਸ਼ਾਸਤਰੀ ਸੰਵੇਦਨਾ ਦੇ ਦ੍ਰਿਸ਼ਟੀਕੋਣ ਤੋਂ ਵਾਚਣ ਦੀ ਸਲਾਹ ਦਿੱਤੀ।ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਮੁੱਖ ਮਹਿਮਾਨ ਵਜੋਂ ਪਹੁੰਚੇ ਡਾ. ਪਰਵੀਨ ਕੁਮਾਰ ਨੇ ਕਿਹਾ ਕਿ ਹੁਣ ਤਕ ਪੰਜਾਬੀ ਸਾਹਿਤ ਸਸਿਊਰ ਅਤੇ ਦੈਰੀਦੀਅਨ ਮਾਡਲਾਂ ਦੇ ਪਰਸਪਰ ਤਣਾਅ ਵਿਚ ਉਲਝਿਆ ਰਿਹਾ ਹੈ।ਇਹ ਪੁਸਤਕ ਕਿਸੇ ਵੀ ਤਰ੍ਹਾਂ ਦੇ ਦਵੈਤਵਾਦੀ ਸਿਧਾਂਤਕ ਵਰਤਾਰੇ ਦੇ ਪ੍ਰਭਾਵਾਂ ਤੋਂ ਮੁਕਤ ਰਚਨਾ ਹੈ ਜੋ ਕੁਦਰਤ ਅਤੇ ਦੇਹ ਦੇ ਚਿਹਨ ਨੂੰ ਉਸ ਦੇ ਸੁਤੰਤਰ ਰੂਪ ਵਿਚ ਪੇਸ਼ ਕਰਨਾ ਚਾਹੁੰਦੀ ਹੈ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਦੇ ਮੁਖੀ ਡਾ. ਦਰਿਆ ਨੇ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਕੋਈ ਵੀ ਰਚਨਾ ਆਪਣੀ ਸਿਰਜਣਾ ਉਪਰੰਤ ਪਾਠਕਾਂ ਅਤੇ ਲੋਕ ਸਮੂਹ ਦੇ ਅਧਿਕਾਰ ਖੇਤਰ ਵਿਚ ਆ ਜਾਂਦੀ ਹੈ ਜਿਸ ਨਾਲ ਉਸ ਦੇ ਅਰਥਾਂ ਦਾ ਇਕਹਿਰਾਪਨ ਖਤਮ ਹੋ ਜਾਂਦਾ ਹੈ।
ਸਮਾਰੋਹ ਦੇ ਅੰਤ ਵਿਚ ਡਾ. ਹਰਪਾਲ ਸਿੰਘ, ਸੈਂਟਰਲ ਯੂਨੀਵਰਸਿਟੀ ਆਫ ਕਸ਼ਮੀਰ, ਸ਼੍ਰੀਨਗਰ ਨੇ ਵਿਦਵਾਨਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ।ਸਮਾਰੋਹ ਦੇ ਦੋ ਸੈਸ਼ਨਾਂ ਦੌਰਾਨ ਮੰਚ ਸੰਚਾਲਨ ਖੋਜਾਰਥੀਆਂ ਹਰਕਮਲਪ੍ਰੀਤ ਸਿੰਘ ਅਤੇ ਗੁਰਜੰਟ ਸਿੰਘ ਨੇ ਕੀਤਾ।
ਇਸ ਮੌਕੇ ਦਿੱਲੀ ਯੂਨੀਵਰਸਿਟੀ ਦਿੱਲੀ, ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ, ਗੁਰੂ ਨਾਨਕ ਦੇਵ ਯੁਨੀਵਰਸਿਟੀ ਤੋਂ ਇਲਾਵਾ ਰਾਜ ਦੇ ਅਕਾਦਮਿਕ ਖੋਜ ਅਦਾਰਿਆਂ ਤੋਂ ਵਿਦਵਾਨਾਂ ਅਤੇ ਖੋਜਾਰਥੀਆਂ ਨੇ ਭਾਗ ਲਿਆ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply