ਕਿਹਾ ਪੰਜਾਬ ’ਚ ਰਾਸ਼ਨ ਵੰਡ ਪ੍ਰਣਾਲੀ ਪੂਰਨ ਰੂਪ ਵਿੱਚ ਪਾਰਦਰਸ਼ੀ ਹੋਈ
ਭੀਖੀ/ ਮਾਨਸਾ, 27 ਜਨਵਰੀ (ਪੰਜਾਬ ਪੋਸਟ -ਕਮਲ ਜਿੰਦਲ) – ਭਾਰਤ ਦੇ 71ਵੇਂ ਗਣਤੰਤਰ ਦਿਵਸ ਮੌਕੇ ਜ਼ਿਲ੍ਹਾ ਮਾਨਸਾ ’ਚ ਸ੍ਰੀ ਭਾਰਤ ਭੂਸ਼ਣ ਆਸ਼ੂ, ਮੰਤਰੀ ਖੁਰਾਕ ਅਤੇ ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਨੇ ਸਥਾਨਕ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਵਿਖੇ ਤਿਰੰਗਾ ਝੰਡਾ ਲਹਿਰਾਇਆ।
ਇਸ ਮੌਕੇ ਮਾਨਸਾ ਵਾਸੀਆਂ ਦੇ ਨਾਮ ਆਪਣੇ ਸੰਦੇਸ਼ ’ਚ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਸਾਫ਼-ਸੁਥਰਾ ਪ੍ਰਸ਼ਾਸਨ ਦਿੰਦਿਆਂ ਅਤੇ ਰਾਸ਼ਨ ਵੰਡ ਪ੍ਰਣਾਲੀ ’ਚ ਹੋਰ ਵਧੇਰੇ ਪਾਰਦਰਸ਼ਤਾ ਲਿਆਉਂਦਿਆਂ ਇਸ ਨੂੰ ਬਾਇਓਮੈਟਰਿਕ ਸਿਸਟਮ ਨਾਲ ਜੋੜ ਕੇ ਸਮਾਰਟ ਰਾਸ਼ਨ ਕਾਰਡ ਬਣਾਏ ਗਏ ਹਨ। ਜਿਹੜੇ ਲਾਭਪਾਤਰੀ ਸਮਾਰਟ ਕਾਰਡ ਤੋਂ ਵਾਂਝੇ ਰਹਿ ਗਏ ਸਨ, ਉਨ੍ਹਾਂ ਨੂੰ ਵੀ ਜਲਦ ਹੀ ਸਮਾਰਟ ਕਾਰਡ ਮੁਹੱਈਆ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘੇ ਨੂੰ ਖੋਲ੍ਹਣ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਦੇ ਦਰਸ਼ਨਾਂ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 399 ਵਾਂ ਪ੍ਰਕਾਸ਼ ਪੁਰਬ, ਬਾਬਾ ਬੰਦਾ ਸਿੰਘ ਬਹਾਦਰ ਜੀ ਦੀ 350ਵੀਂ ਜਨਮ ਸ਼ਤਾਬਦੀ ਅਤੇ ਜੈਨ ਧਰਮ ਦੇ 10ਵੇਂ ਮੁਖੀ ਅਚਾਰੀਆ ਸ੍ਰੀ ਮਹਾਂ ਪ੍ਰਾਗਿਆ ਦੀ ਜਨਮ ਸ਼ਤਾਬਦੀ ਵੀ ਸਤਿਕਾਰਤ ਢੰਗ ਨਾਲ ਮਨਾਉਣ ਦੀ ਤਜਵੀਜ਼ ਹੈ।
ਪੰਜਾਬ ਸਰਕਾਰ ਵੱਲੋਂ ਕਿਸਾਨਾਂ ਲਈ ਕਰਜ਼ਾ ਮੁਆਫ਼ੀ ਸਕੀਮ ਅਧੀਨ ਸਹਿਕਾਰੀ ਅਤੇ ਵਪਾਰਕ ਬੈਂਕਾਂ ਦੇ ਦਰਜ਼ਾ ਪ੍ਰਾਪਤ ਛੋਟੇ ਅਤੇ ਦਰਮਿਆਨੇ 6 ਲੱਖ ਦੇ ਕਰੀਬ ਕਿਸਾਨਾਂ ਦਾ ਰੁਪਏ 4736 ਕਰੋੜ ਦਾ ਕਰਜ਼ਾ ਮੁਆਫ਼ ਕੀਤਾ ਗਿਆ ਅਤੇ ਅੱਗੇ ਵੀ ਇਹ ਸਕੀਮ ਜਾਰੀ ਰਹੇਗੀ।
ਸਮਾਗਮ ਦੌਰਾਨ ਹਲਕਾ ਵਿਧਾਇਕ ਮਾਨਸਾ ਨਾਜਰ ਸਿੰਘ ਮਾਨਸ਼ਾਹੀਆ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਪ੍ਰੇਮ ਮਿਤਲ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਬਿਕਰਮ ਸਿੰਘ ਮੋਫ਼ਰ, ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਅਪਨੀਤ ਰਿਆਤ, ਐਸ.ਐਸ. ਪੀ ਮਾਨਸਾ ਡਾ. ਨਰਿੰਦਰ ਭਾਰਗਵ, ਵਧੀਕ ਡਿਪਟੀ ਕਮਿਸ਼ਨਰ (ਜ) ਰਾਜਦੀਪ ਸਿੰਘ ਬਰਾੜ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਮੀਤ ਸਿੰਘ ਸਿੱਧੂ, ਸਹਾਇਕ ਕਮਿਸ਼ਨਰ (ਜ) ਨਵਦੀਪ ਕੁਮਾਰ, ਜ਼ਿਲ੍ਹਾ ਅਤੇ ਸੈਸ਼ਨ ਜੱਜ ਸ਼੍ਰੀਮਤੀ ਮਨਦੀਪ ਪੰਨੂ, ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫ਼ਰ, ਜ਼ਿਲ੍ਹਾ ਪ੍ਰਧਾਨ ਡਾ. ਮੰਜੂ ਬਾਂਸਲ, ਚੇਅਰਮੈਨ ਸਫਾਈ ਕਰਮਚਾਰੀ ਯੂਨੀਅਨ ਰਾਮ ਸਿੰਘ ਸਰਦੂਲਗੜ੍ਹ ਤੋਂ ਇਲਾਵਾ ਆਮ ਲੋਕ ਹਾਜਰੀਨ ਸਨ।