ਅੰਮ੍ਰਿਤਸਰ, 20 ਫ਼ਰਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਵਾਤਾਵਰਨ ਸੰਭਾਲ ਲਈ ਨਿਰੰਤਰ ਯਤਨਸ਼ੀਲ ਹੈ ਅਤੇ ਗੁਰਦੁਆਰਾ ਸਾਹਿਬਾਨ ਅੰਦਰ ਵੱਡੀ ਪੱਧਰ ’ਤੇ ਰਵਾਇਤੀ ਅਤੇ ਹਰਿਆਵਲ ਭਰਪੂਰ ਬੂਟੇ ਲਗਾਉਣ ਦਾ ਕਾਰਜ ਲਗਾਤਾਰ ਜਾਰੀ ਹੈ।ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਬੀਤੇ ਸਮੇਂ ਅੰਦਰ ਸ੍ਰੀ ਦਰਬਾਰ ਸਾਹਿਬ ਦੀ ਪਰੀਕਰਮਾ ਅਤੇ ਬਰਾਂਡਿਆਂ ਦੀਆਂ ਛੱਤਾਂ ਉਪਰ ਬੂਟੇ ਲਗਾਏ ਗਏ ਸਨ। ਇਸ ਦੀ ਸਾਂਭ-ਸੰਭਾਲ ਦਾ ਕਾਰਜ ਵਾਤਾਵਰਨ ਮਾਹਿਰਾਂ ਦੀ ਰਾਇ ਅਨੁਸਾਰ ਕੀਤਾ ਜਾ ਰਿਹਾ ਹੈ।ਪਰਕਰਮਾ ਅੰਦਰ ਵੱਡ-ਅਕਾਰੀ ਗਮਲਿਆਂ ਵਿਚ ਲਗਾਏ ਗਏ ਬੂਟਿਆਂ ਵਿਚ ਵਾਧਾ ਕਰਦਿਆਂ ਅੱਜ ਖਾਸ ਕਿਸਮ ਦੇ ਅੰਬ ਅਤੇ ਕੁੰਦੀ ਦੇ ਹੋਰ ਬੂਟੇ ਲਗਾ ਦਿੱਤੇ ਗਏ ਹਨ। ਵਾਤਾਵਰਨ ਦੀ ਸ਼ੁੱਧਤਾ ਲਈ ਕਾਰਜ ਕਰ ਰਹੇ ਸਵਾਮੀ ਜੀ ਹੁਸ਼ਿਆਰਪੁਰ ਵਾਲਿਆਂ ਨੇ ਅੰਬਾਂ ਦੇ 21 ਬੂਟੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਭੇਟ ਕੀਤੇ ਹਨ।ਇਨ੍ਹਾਂ ਵਿੱਚੋਂ ਕੁਝ ਬੂਟੇ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸਥਿਤ ਗੁਰੂ ਕਾ ਬਾਗ ਅੰਦਰ ਵੀ ਲਗਾਏ ਗਏ ਹਨ। ਮੁੱਖ ਸਕੱਤਰ ਅਨੁਸਾਰ ਸ਼੍ਰੋਮਣੀ ਕਮੇਟੀ ਕੁਦਰਤੀ ਵਾਤਾਵਰਨ ਦੀ ਸੁਰੱਖਿਆ ਲਈ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ।ਬੀਤੇ ਕੱਲ੍ਹ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਸਾਹਿਬ ਵਿਖੇ 125 ਬੂਟੇ ਲਗਾਏ ਜਾ ਚੁੱਕੇ ਹਨ। ਇਸੇ ਤਰ੍ਹਾਂ ਹੋਰਨਾਂ ਗੁਰਦੁਆਰਾ ਸਾਹਿਬਾਨ ਅੰਦਰ ਵੀ ਬੂਟੇ ਲਗਾਉਣ ਦੀ ਵਿਉਂਤਬੰਦੀ ਕੀਤੀ ਜਾਵੇਗੀ।
ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਬੂਟੇ ਲਗਾਉਣ ਸਮੇਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਸੁਰਜੀਤ ਸਿੰਘ ਭਿੱਟੇਵਡ, ਨਿੱਜੀ ਸਕੱਤਰ ਮਹਿੰਦਰ ਸਿੰਘ ਆਹਲੀ, ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾਕੋਹਨਾ, ਮੈਨੇਜਰ ਮੁਖਤਾਰ ਸਿੰਘ, ਸੁਪਰਡੈਂਟ ਮਲਕੀਤ ਸਿੰਘ ਬਹਿੜਵਾਲ, ਸੁਆਮੀ ਜੀ ਹੁਸ਼ਿਆਰਪੁਰ ਵਾਲੇ, ਐਸ.ਡੀ.ਓ ਸੁਖਜਿੰਦਰ ਸਿੰਘ ਆਦਿ ਮੌਜੂਦ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …