ਦਾਮਨ ਥਿੰਦ ਬਾਜਵਾ ਨੇ ਵੀ ਦਿੱਤੇ 11 ਹਜ਼ਾਰ-126 ਵਿਦਿਆਰਥੀ ਸਰਕਾਰੀ ਸਕੂਲਾਂ ‘ਚ ਦਾਖਲ
ਸੰਗਰੂਰ, 20 ਫਰਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਲੌਂਗੋਵਾਲ ਵਿਖੇ ਵਾਪਰੀ ਮੰਦਭਾਗੀ ਘਟਨਾ ਦੌਰਾਨ ਦਲੇਰੀ ਅਤੇ ਸਾਹਸ ਦਿਖਾ ਕੇ 4 ਬੱਚਿਆਂ ਦੀਆਂ ਕੀਮਤੀ ਜਾਨਾਂ ਬਚਾਉਣ ਵਾਲੀ ਵਿਦਿਆਰਥਣ ਅਮਨਦੀਪ ਕੌਰ ਨੂੰ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵਲੋਂ ਹੌਂਸਲਾ ਵਧਾਊ ਇਨਾਮ ਵਜੋਂ 25 ਹਜ਼ਾਰ ਰੁਪਏ ਦਾ ਚੈਕ ਸੌਪਿਆ ਗਿਆ।ਥੋਰੀ ਨੇ ਅਮਨਦੀਪ ਕੌਰ ਦੇ ਉਦਮ ਦੀ ਸ਼ਲਾਘਾ ਕੀਤੀ ਅਤੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਵੀ ਇਸ ਵਿਦਿਆਰਥਣ ਨੂੰ ਵਿਸ਼ੇਸ਼ ਤੌਰ `ਤੇ ਸਨਮਾਨਿਤ ਕੀਤਾ ਜਾਵੇਗਾ।ਪਹਿਲ ਸੁਸਾਇਟੀ ਦੀ ਤਰਫੋਂ 25 ਹਜ਼ਾਰ ਦਾ ਚੈਕ ਸੌਂਪਦਿਆਂ ਥੋਰੀ ਨੇ ਦੱਸਿਆ ਕਿ ਅਮਨਦੀਪ ਕੌਰ ਨੂੰ ਕਿਸੇ ਵੀ ਆਪਣੀ ਪਸੰਦ ਦੇ ਸਕੂਲ ਵਿੱਚ ਦਾਖਲ ਹੋਣ ਲਈ ਆਪਣੀ ਸਹਿਮਤੀ ਪ੍ਰਗਟਾਉਣ ਬਾਰੇ ਕਿਹਾ ਗਿਆ ਹੈ ਤਾਂ ਜੋ ਉਹ ਆਉਣ ਵਾਲੇ ਸਮੇਂ ਵਿੱਚ ਅਕਾਦਮਿਕ ਖੇਤਰ ਵਿੱਚ ਵੀ ਵੱਡੀਆਂ ਮੱਲਾਂ ਮਾਰ ਸਕੇ।ਇਸ ਦੌਰਾਨ ਸੀਨੀਅਰ ਕਾਂਗਰਸੀ ਆਗੂ ਸ਼੍ਰੀਮਤੀ ਦਾਮਨ ਥਿੰਦ ਬਾਜਵਾ ਨੇ ਵੀ ਆਪਣੀ ਤਰਫੋਂ ਵਿਦਿਆਰਥਣ ਅਮਨਦੀਪ ਕੌਰ ਦੀ ਹੌਂਸਲਾ ਅਫ਼ਜਾਈ ਕਰਦਿਆਂ 11 ਹਜ਼ਾਰ ਰੁਪਏ ਦਾ ਚੈਕ ਪ੍ਰਦਾਨ ਕੀਤਾ।
ਡਿਪਟੀ ਕਮਿਸ਼ਨਰ ਥੋਰੀ ਨੇ ਦੱਸਿਆ ਕਿ ਲੌਂਗੋਵਾਲ ਵਿਖੇ ਸਿਮਰਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਨ ਦੀ ਪ੍ਰਕਿਰਿਆ ਦੇ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੌਂਗੋਵਾਲ ਵਿਖੇ ਆਯੋਜਿਤ ਦਾਖਲਾ ਕੈਂਪ ਦੇ ਤਹਿਤ 186 ਬੱਚਿਆਂ ਵਿੱਚੋਂ 126 ਨੂੰ ਦਾਖਲ ਕਰਨ ਦੀ ਪ੍ਰਕਿਰਿਆ ਮੁਕੰਮਲ ਹੋ ਗਈ ਹੈ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿੱਖਿਆ ਅਧਿਕਾਰੀਆਂ ਨੂੰ ਬਾਕੀ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਨਾਲ ਨਿੱਜੀ ਤੌਰ `ਤੇ ਸੰਪਰਕ ਕਰਨ ਦੀ ਹਦਾਇਤ ਕੀਤੀ ਗਈ ਹੈ ਤਾਂ ਜੋ ਆਉਣ ਵਾਲੀਆਂ ਸਲਾਨਾ ਪ੍ਰੀਖਿਆਵਾਂ ਤੋਂ ਪਹਿਲਾਂ ਪਹਿਲਾਂ ਸਾਰੇ ਵਿਦਿਆਰਥੀ ਸਕੂਲਾਂ ਵਿੱਚ ਦਾਖਲ ਹੋ ਕੇ ਆਪਣੀ ਪੜਾਈ ਸਬੰਧੀ ਪ੍ਰਕਿਰਿਆ ਪੂਰੀ ਕਰ ਸਕਣ।ਇਸੇ ਦੌਰਾਨ ਉਪ ਜਿਲ੍ਹਾ ਸਿੱਖਿਆ ਅਧਿਕਾਰੀ ਨੇ ਦੱਸਿਆ ਕਿ ਪੰਜਵੀਂ, ਅੱਠਵੀਂ ਤੇ ਦਸਵੀਂ ਦੇ ਵਿਦਿਆਰਥੀ ਬੋਰਡ ਦੀਆਂ ਪ੍ਰੀਖਿਆਵਾਂ ਲਈ ਅਲਾਟ ਹੋਏ ਕੇਂਦਰਾਂ ਵਿੱਚ ਇਮਤਿਹਾਨ ਦੇਣ ਤੋਂ ਬਾਅਦ ਸਰਕਾਰੀ ਸਕੂਲਾਂ ਵਿੱਚ ਦਾਖਲ ਹੋ ਜਾਣਗੇ।
ਚੈਕ ਸੌਂਪਣ ਸਮੇਂ ਵਧੀਕ ਡਿਪਟੀ ਕਮਿਸ਼ਨਰ ਰਾਜੇਸ਼ ਤ੍ਰਿਪਾਠੀ, ਐਸ.ਡੀ.ਐਮ ਬਬਨਦੀਪ ਸਿੰਘ, ਸਹਾਇਕ ਕਮਿਸ਼ਨਰ ਅੰਕੁਰ ਮਹਿੰਦਰੂ, ਸੀਨੀਅਰ ਆਗੂ ਹਰਮਨ ਬਾਜਵਾ, ਘਨਸ਼ਿਆਮ ਕਾਂਸਲ ਤੋਂ ਇਲਾਵਾ ਪਿੰਡ ਲੌਂਗੋਵਾਲ ਦੇ ਮੋਹਤਬਰ ਵੀ ਮੌਜੂਦ ਸਨ।