20 ਫਰਵਰੀ ਤੋਂ ਬਾਅਦ ਕਰਵਾਈ ਜਾ ਸਕੇਗੀ ਆਨਲਾਈਨ ਰਜਿਸਟ੍ਰੇਸ਼ਨ
ਫਗਵਾੜਾ (ਕਪੂਰਥਲਾ), 21 ਫਰਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ‘ਘਰ-ਘਰ ਰੋਜ਼ਗਾਰ ਮਿਸ਼ਨ’ ਤਹਿਤ ਮਾਰਚ ਮਹੀਨੇ ਲਗਾਏ ਜਾ ਰਹੇ ਹਾਈ ਐਂਡ ਮੈਗਾ ਰੋਜ਼ਗਾਰ ਮੇਲਿਆਂ ਤਹਿਤ 17 ਅਤੇ 18 ਮਾਰਚ ਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਵਿਖੇ ਹਾਈ ਐਂਡ ਮੈਗਾ ਰੋਜ਼ਗਾਰ ਮੇਲਾ ਲੱਗੇਗਾ।ਜਿਸ ਵਿਚ ਕਪੂਰਥਲਾ, ਜਲੰਧਰ, ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਨੌਜਵਾਨ ਹਿੱਸਾ ਲੈ ਸਕਦੇ ਹਨ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉਪਲ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਮੇਲੇ ਦੀਆਂ ਤਿਆਰੀਆਂ ਸਬੰਧੀ ਅਧਿਕਾਰੀਆਂ ਅਤੇ ਵਿੱਦਿਅਕ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਇਸ ਮੇਲੇ ਵਿਚ ਘੱਟੋ-ਘੱਟ 60 ਫੀਸਦੀ ਅੰਕ ਪ੍ਰਾਪਤ ਕਰਨ ਵਾਲੇ ਡਿਪਲੋਮਾ/ਗਰੈਜੂਏਟ/ਪੋਸਟ ਗਰੈਜੂਏਟ ਪਾਰਥੀ ਭਾਗ ਲੈ ਸਕਦੇ ਹਨ।ਜਿਸ ਲਈ 20 ਫਰਵਰੀ ਤੋਂ ਬਾਅਦ www.pgrkam,com ‘ਤੇ ਆਨਲਾਈਨ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਚੁਣੇ ਗਏ ਪ੍ਰਾਰਥੀਆਂ ਨੂੰ ਵੱਖ-ਵੱਖ ਕੰਪਨੀਆਂ ਵੱਲੋਂ ਘੱਟੋ-ਘੱਟ ਤਿੰਨ ਲੱਖ ਰੁਪਏ ਸਾਲਾਨਾ ਪੈਕੇਜ ਦਿੱਤਾ ਜਾਵੇਗਾ। ਉਨ੍ਹਾਂ ਪੜ੍ਹੇ-ਲਿਖੇ ਬੇਰੋਜ਼ਗਾਰ ਪ੍ਰਾਰਥੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸੁਨਹਿਰੀ ਮੌਕੇ ਦਾ ਲਾਭ ਲੈਣ ਲਈ ਆਪਣੀ ਰਜਿਸਟ੍ਰੇਸ਼ਨ ਕਰਵਾਉਣ।
ਰੋਜ਼ਗਾਰ ਜਨਰੇਸ਼ਨ ਤੇ ਟ੍ਰੇਨਿੰਗ ਅਫ਼ਸਰ ਸ੍ਰੀਮਤੀ ਨੀਲਮ ਮਹੇ ਨੇ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਕਪੂਰਥਲਾ ਜ਼ਿਲ੍ਹੇ ਨਾਲ ਸਬੰਧਤ ਉਮੀਦਵਾਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿੳੂਰੋ ਕਪੂਰਥਲਾ ਨਾਲ ਸੰਪਰਕ ਕਰ ਸਕਦੇ ਹਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਐਸ.ਪੀ ਆਂਗਰਾ, ਡਿਪਟੀ ਡਾਇਰੈਕਟਰ ਰੋਜ਼ਗਾਰ ਜਨਰੇਸ਼ਨ ਜਲੰਧਰ ਸ੍ਰੀਮਤੀ ਸੁਨੀਤਾ ਕਲਿਆਣ, ਡਿਪਟੀ ਸੀ.ਈ.ਓ ਜਲੰਧਰ ਦੀਪਕ ਭੱਲਾ, ਜੀ.ਐਮ ਇੰਡਸਟਰੀ ਬਲਵਿੰਦਰ ਸਿੰਘ, ਇੰਡਸਟਰੀ ਅਫਸਰ ਆਈ.ਕੇ ਸ਼ਰਮਾ, ਕੈਰੀਅਰ ਕਾੳੂਂਸਲਰ ਗੌਰਵ ਕੁਮਾਰ, ਨਿਪੁੰਨ ਸਿੰਘ, ਕਿਰਨਦੀਪ ਸਿੰਘ ਤੋਂ ਇਲਾਵਾ ਵੱਖ-ਵੱਖ ਵਿੱਦਿਅਕ ਅਦਾਰਿਆਂ ਅਤੇ ਕੰਪਨੀਆਂ ਦੇ ਪ੍ਰਤੀਨਿਧੀ ਹਾਜ਼ਰ ਸਨ।