ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਉਤਾਰਨ ਲਈ ਪਾਇਆ ਮਤਾ
ਸੰਗਰੂਰ, 23 ਫਰਵਰੀ (ਜਗਸੀਰ ਲੌਂਗੋਵਾਲ ) – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਕਾਰਜ ਪ੍ਰਣਾਲੀ ਦੇ ਖਿਲਾਫ਼ ਵਿਦਰੋਹ ਦਾ ਝੰਡਾ ਬੁਲੰਦ ਕਰਨ ਵਾਲੇ ਢੀਂਡਸਾ ਪਿਤਾ ਪੁੱਤਰ ਵਲੋਂ ਅੱਜ ਐਤਵਾਰ ਨੂੰ ਸੰਗਰੂਰ ਦੀ ਅਨਾਜ ਮੰਡੀ ਵਿਖੇ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਵਿਰੋਧ ਕਰ ਰਹੇ ਆਗੂ ਵੱਡੀ ਗਿਣਤੀ ਸ਼ਾਮਲ ਹੋਏ, ਜਦਕਿ ਅਕਾਲੀ ਦਲ ਟਕਸਾਲੀ ਦੇ ਲੀਡਰ ਵੀ ਮੌਜੂਦ ਰਹੇ।ਰੈਲੀ ਦੌਰਾਨ ਬੁਲਾਰਿਆਂ ਵਲੋਂ ਬਾਦਲ ਪਰਿਵਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕੀਤਾ ਗਿਆ।
ਪਾਰਟੀ ਵਿੱਚ ਰਹਿੰਦੇ ਹੋਏ ਹੀ ਮੈਂ ਵਿਰੋਧ ਸ਼ੁਰੂ ਕਰ ਦਿੱਤਾ ਸੀ – ਸੁਖਦੇਵ ਸਿੰਘ ਢੀਂਡਸਾ
ਸੁਖਦੇਵ ਸਿੰਘ ਢੀਂਡਸਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਬੇਸ਼ੱਕ ਅਕਾਲੀ ਦਲ ਉਨਾਂ ਦੀ ਰੈਲੀ ਨੂੰ ਕਾਂਗਰਸ ਦੀ ਰੈਲੀ ਕਹਿ ਰਿਹਾ ਹੈ, ਪਰ ਸੱਚਾਈ ਸਾਰਿਆਂ ਦੇ ਸਾਹਮਣੇ ਹੈ।ਉਨ੍ਹਾਂ ਕਿਹਾ ਕਿ ਸਾਡੇ ਸਮੱਰਥਕ ਕਿਸੇ ਇੱਕ ਵਿਅਕਤੀ ਦੇ ਨਹੀਂ, ਬਲਕਿ ਅਕਾਲੀ ਦਲ ਦੀ ਸੋਚ ਦੇ ਸਮੱਰਥਕ ਹਨ।ਸਾਡਾ ਮਕਸਦ ਅਕਾਲੀ ਦਲ ਦੀ ਪੁਰਾਣੀ ਸੋਚ ਨੂੰ ਵਿਕਸਿਤ ਕਰਨਾ ਹੈ।ਜੋ ਬਾਦਲ ਪਰਿਵਾਰ ਵਲੋਂ ਖ਼ਤਮ ਕੀਤੀ ਜਾ ਰਹੀ ਹੈ।ਢੀਂਡਸਾ ਨੇ ਸਪੱਸ਼ਟ ਕੀਤਾ ਕਿ ਇਹ ਵਿਰੋਧ ਉਨ੍ਹਾਂ ਸਿਰਫ ਹੁਣ ਹੀ ਨਹੀਂ ਬਲਕਿ ਪਾਰਟੀ ਵਿੱਚ ਰਹਿੰਦੇ ਹੋਏ ਵੀ ਬਹੁਤ ਸਮਾਂ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਸੀ।ਢੀਂਡਸਾ ਨੇ ਕਿਹਾ ਕਿ ਬਾਦਲ ਉਨਾਂ ‘ਤੇ ਕਾਂਗਰਸ ਨਾਲ ਮਿਲੇ ਹੋਣ ਦਾ ਦੋਸ਼ ਲਗਾ ਰਹੇ ਹਨ।ਪਰ ਪੰਜਾਬ ਦਾ ਬੱਚਾ ਬੱਚਾ ਜਾਣਦਾ ਹੈ ਕਿ ਕਾਂਗਰਸ ਦੇ ਨਾਲ ਕੌਣ ਮਿਲਿਆ ਹੋਇਆ ਹੈ।ਸਾਰਾ ਪੰਜਾਬ ਜਾਣਦਾ ਹੈ ਕਿ ਦੋਵੇਂ ਪਰਿਵਾਰ ਆਪੋ ਆਪਣੇ ਸਵਾਰਥ ਕਾਰਨ ਇੱਕ ਦੂਜੇ ਦੀ ਪਿੱਠ ਥਾਪੜਦੇ ਹਨ।ਇਨ੍ਹਾਂ ਦੋਵਾਂ ਪਰਿਵਾਰਾਂ ਨੇ ਪੰਜਾਬ ‘ਤੇ 25 ਸਾਲ ਰਾਜ ਕੀਤਾ ਹੈ।ਇਸੇ ਦਾ ਨਤੀਜਾ ਹੈ ਕਿ ਨਾ ਕਾਂਗਰਸ ਵਿੱਚ ਕਿਸੇ ਹੋਰ ਦੀ ਚੱਲਦੀ ਹੈ ਅਤੇ ਨਾ ਹੀ ਅਕਾਲੀ ਦਲ ਵਿੱਚ ਕਿਸੇ ਹੋਰ ਦੀ ਚੱਲਣ ਦੇ ਰਹੇ ਹਨ।
ਬਾਦਲਾਂ ਦੇ ਖਿਲਾਫ ਸ਼ੁਰੂ ਕੀਤੀ ਗਈ ਲੜ੍ਹਾਈ ਵਿੱਚ ਪਿੱਛੇ ਨਹੀਂ ਹਟਾਂਗਾ – ਪਰਮਿੰਦਰ ਢੀਂਡਸਾ
ਰੈਲੀ ਨੂੰ ਸੰਬੋਧਨ ਕਰਦੇ ਹੋਏ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਬਾਦਲ ਨੇ ਆਪਣੇ ਨਿੱਜੀ ਹਿੱਤਾਂ ਲਈ ਸਾਰੀ ਕੌਮ ਨੂੰ ਦਾਅ ‘ਤੇ ਲਗਾ ਦਿੱਤਾ ਹੈ।ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਹੀ ਅਗਵਾਈ ਕਰਨ ਵਾਲੇ ਲੀਡਰ ਦੀ ਚੋਣ ਲੋਕਾਂ ਨੂੰ ਖੁਦ ਕਰਨੀ ਚਾਹੀਦੀ ਹੈ।ਸ਼੍ਰੋਮਣੀ ਕਮੇਟੀ ਨੂੰ ਇਮਾਨਦਾਰ ਅਤੇ ਸੱਚੇ ਲੋਕਾਂ ਦੀ ਜ਼ਰੂਰਤ ਹੈ, ਜੋ ਕਿ ਧਰਮ ਪ੍ਰਤੀ ਸੇਵਾ ਦੀ ਭਾਵਨਾ ਰੱਖਦੇ ਹੋਣ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਦੁਬਾਰਾ ਬਹਾਲ ਹੋਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਿਸੇ ਵੀ ਸਮੇਂ ਕਰਵਾਉਣ ਦੀ ਗੱਲ ਕਰ ਰਹੇ ਹਨ।ਜੇਕਰ ਉਹ ਅਸਲ ਵਿੱਚ ਹੀ ਅਜਿਹਾ ਕਰਨਾ ਚਾਹੁੰਦੇ ਹਨ ਤਾਂ ਉਹ ਅਕਾਲੀ ਦਲ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣ ਦਾ ਮਤਾ ਪਾਸ ਕਰਵਾਉਣ ਅਤੇ ਕੇਂਦਰ ਨੂੰ ਭੇਜਣ।ਢੀਂਡਸਾ ਨੇ ਕਿਹਾ ਕਿ ਸੁਖਬੀਰ ਬਾਦਲ ਆਪਣੀ ਰੈਲੀ ਦੌਰਾਨ ਢੀਂਡਸਾ ਪਰਿਵਾਰ ਦੇ ਭੋਗ ਪਾਉਣ ਦੀ ਗੱਲ ਕਹਿ ਕੇ ਗਏ ਸਨ।ਇਸ ਤੋਂ ਉਨ੍ਹਾਂ ਦੀ ਬੁਰੀ ਭਾਵਨਾ ਜ਼ਾਹਿਰ ਹੁੰਦੀ ਹੈ।ਢੀਂਡਸਾ ਨੇ ਕਿਹਾ ਕਿ ਇਸ ਦੇ ਬਾਵਜ਼ੂਦ ਵੀ ਉਹ ਪ੍ਰਕਾਸ਼ ਸਿੰਘ ਬਾਦਲ ਦੀ ਲੰਬੀ ਉਮਰ ਦੀ ਕਾਮਨਾ ਕਰਦੇ ਹਨ।ਉਨ੍ਹਾਂ ਕਿਹਾ ਕਿ ਸਾਡੇ ਤੋਂ ਵੀ ਕੱਝ ਗਲਤੀਆਂ ਹੋਈਆਂ ਹਨ, ਜੋ ਫੈਸਲਾ ਅਸੀਂ ਹੁਣ ਲਿਆ ਹੈ।ਉਸ ਲਈ ਅਸੀਂ ਸੰਗਤ ਤੋਂ ਮੁਆਫੀ ਮੰਗਦੇ ਹਾਂ।ਕਿਉਂਕਿ ਇਹ ਫੈਸਲਾ ਬਹੁਤ ਸਮਾਂ ਪਹਿਲਾਂ ਲੈ ਲੈਣਾ ਚਾਹੀਦਾ ਸੀ।ਉਨ੍ਹਾਂ ਸਪੱਸ਼ਟ ਕੀਤਾ ਕਿ ਬਾਦਲਾਂ ਦੇ ਖਿਲਾਫ ਸ਼ੁਰੂ ਕੀਤੀ ਗਈ ਲੜਾਈ ਵਿੱਚ ਉਹ ਪਿੱਛੇ ਨਹੀਂ ਹਟਣਗੇ।
ਬਲਵੰਤ ਸਿੰਘ ਰਾਮੂਵਾਲੀਆ ਨੇ ਇਸ ਸਮੇਂ ਕਿਹਾ ਕਿ ਬਰਗਾੜੀ ਅਤੇ ਬਹਿਬਲ ਕਲਾਂ ਕਾਂਡ ਦੀ ਮੁਆਫ਼ੀ ਮੰਗੇ ਕਿਉਂਕਿ ਸੁਖਬੀਰ ਨੇ ਪ੍ਰਧਾਨ ਰਹਿੰਦੇ ਹੋਏ ਪੰਥ ਨੂੰ ਤਬਾਹ ਕਰ ਦਿੱਤਾ ਹੈ।
ਆਪਣੇ ਸੰਬੋਧਨ ਦੌਰਾਨ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਢੀਂਡਸਾ ਪਰਿਵਾਰ ਦਾ ਭੋਗ ਪਾਉਣ ਦੀ ਗੱਲ ਕਹਿਣ ਵਾਲੇ ਸੁਖਬੀਰ ਬਾਦਲ ਦੇ ਹੰਕਾਰ ਦਾ ਭੋਗ ਅੱਜ ਸੰਗਰੂਰ ਦੀ ਜਨਤਾ ਨੇ ਪਾ ਦਿੱਤਾ ਹੈ।ਉਨ੍ਹਾਂ ਸੁਖਬੀਰ ਬਾਦਲ ਨੂੰ ਚੈਲੇਂਜ ਕਰਦਿਆਂ ਕਿਹਾ ਕਿ ਸੁਖਬੀਰ ਆਪਣੇ ਪਿਤਾ ਦੀ ਪਾਰਟੀ ਪ੍ਰਤੀ ਦਿੱਤੀਆਂ ਗਈਆਂ ਕੁਰਬਾਨੀਆਂ ਦਾ ਵੇਰਵਾ ਲੈ ਕੇ ਆਉਣ ਅਤੇ ਮੈਂ ਵੀ ਆਪਣੇ ਪਿਤਾ ਦੀਆਂ ਕੁਰਬਾਨੀਆਂ ਦਾ ਵੇਰਵਾ ਲੈ ਕੇ ਆਵਾਂਗਾ।ਜੇਕਰ ਮੇਰੇ ਪਿਤਾ ਦੀਆਂ ਕੁਰਬਾਨੀਆਂ ਪ੍ਰਕਾਸ਼ ਸਿੰਘ ਬਾਦਲ ਤੋਂ ਘੱਟ ਹੋਈਆਂ ਤਾਂ ਉਹ ਚੌਂਕ ਵਿੱਚ ਖੜ੍ਹੇ ਹੋ ਕੇ ਗੋਲੀ ਖਾਣ ਲਈ ਵੀ ਤਿਆਰ ਹਨ।
ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਇਸ ਸਮੇਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਗੁਰੂ ਘਰਾਂ ਦੇ ਪੈਸਿਆਂ ਨਾਲ ਆਪਣੀਆਂ ਬਿਲਡਿੰਗਾਂ ਬਣਵਾ ਰਿਹਾ ਹੈ।ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਬਾਦਲਾਂ ਦਾ ਪ੍ਰਧਾਨ ਹੈ।ਭਾਈ ਰਣਜੀਤ ਸਿੰਘ ਨੇ ਮੋਹਾਲੀ ਵਿਖੇ ਸਥਿਤ ਗੁਰਦੁਆਰਾ ਅੰਬ ਸਾਹਿਬ ਦੀ ਵੇਚੀ ਗਈ ਜ਼ਮੀਨ ਦਾ ਜ਼ਿਕਰ ਕਰਦੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਉਸ ਸਮੇਂ ਸੁਖਬੀਰ ਦੇ ਚਹੇਤਿਆਂ ਨੂੰ ਮਾਲ ਬਣਾਉਣ ਲਈ ਜ਼ਮੀਨ ਵੇਚੀ ਸੀ।
ਮਨਜੀਤ ਸਿੰਘ ਜੀ.ਕੇ ਨੇ ਕਿਹਾ ਕਿ ਸੰਗਰੂਰ ਦੀ ਧਰਤੀ ਤੋਂ ਨਵਾਂ ਆਗਾਜ਼ ਹੋਇਆ ਹੈ।ਉਨ੍ਹਾਂ ਕਿਹਾ ਕਿ ਬਾਦਲ ਪਿਤਾ ਪੁੱਤਰ ਵੀ ਆਪਣੀਆਂ ਪਹਿਲੀਆਂ ਚੋਣਾਂ ਹਾਰੇ ਸਨ।ਜੀ.ਕੇ ਨੇ ਕਿਹਾ ਕਿ ਅੱਜ ਸੰਗਰੂਰ ਦੇ ਇਕੱਠ ਨੂੰ ਕਾਂਗਰਸ ਦਾ ਇਕੱਠ ਦੱਸਣ ਵਾਲੇ ਬੌਖਲਾਹਟ ਵਿੱਚ ਹਨ।ਉਨ੍ਹਾਂ ਕਿਹਾ ਕਿ ਢੀਂਡਸਾ ਪਰਿਵਾਰ ‘ਤੇ ਇਲਜ਼ਾਮ ਲਗਾਉਣ ਵਾਲੇ ਪਹਿਲਾਂ ਸਿਰਸਾ ਸਾਧ ਨੂੰ ਮੁਆਫੀ ਦਿੱਤੇ ਜਾਣ ਦਾ ਜਵਾਬ ਦੇਣ।
ਇਸ ਦੌਰਾਨ ਬਿਜਲੀ ਬੋਰਡ ਦੇ ਸਾਬਕਾ ਏ.ਐਮ ਗੁਰਬਚਨ ਸਿੰਘ ਬੱਚੀ ਵੱਲੋਂ ਪੜ੍ਹੇ ਗਏ ਮਤਿਆਂ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਉਤਾਰਨ ਦਾ ਮਤਾ ਪਾਇਆ ਗਿਆ।ਜਿਸ ਨੂੰ ਹਾਜ਼ਰ ਲੋਕਾਂ ਨੇ ਜੈਕਾਰਿਆਂ ਦੀ ਗੂੰਜ਼ ਨਾਲ ਆਪਣੀ ਮਨਜ਼ੂਰੀ ਦਿੱਤੀ।