Thursday, November 21, 2024

ਈਦ-ਉਲ-ਜ਼ੂਹਾ ਨੂੰ ਸਾਰਥਿਕ ਬਣਾਉਂਦੇ ਹਨ, ਇਸਲਾਮ ਦੇ ਬੁਨਿਆਦੀ ਸਿਧਾਂਤ

ਰੇਕ ਧਰਮ ਦੇ ਕੁੱਝ ਬੁਨਿਆਦੀ ਸਿਧਾਂਤਫ਼ਨਿਯਮ ਹੁੰਦੇ ਹਨ ਜਿਹੜੇ ਉਸ ਧਰਮ ਦੀ ਵਿਸ਼ੇਸ਼ਤਾ ਅਤੇ ਵਿਲੱਖਣਤਾ ਦੀ ਹਾਮੀ ਭਰਦੇ ਹਨ। ਇਨ੍ਹਾਂ ਸਿਧਾਂਤਾਂ ਦੇ ਅਨੁਸਾਰੀ ਹੋ ਕੇ ਉਸ ਧਰਮ ਦੇ ਪੈਰੋਕਾਰ ਆਪਣੇ ਰੂਹਾਨੀਅਤ ਦੇ ਸਫ਼ਰ ਨੂੰ ਸਾਰਥਿਕ ਅਤੇ ਸੁਖਾਲਾ ਕਰ ਸਕਦੇ ਹਨ। ਕਿਉਂਕਿ ਇਸ ਸਫਰ ਵਿਚ ਇਹ ਸਿਧਾਂਤ ਨਾ ਸਿਰਫ ਉਨ੍ਹਾਂ ਦੇ ਰਾਹ ਦਸੇਰੇ ਦਾ ਹੀ ਕੰਮ ਕਰਦੇ ਹਨ ਸਗੋਂ ਉਨ੍ਹਾਂ ਦੇ ਲੋਕ ਤੇ ਪ੍ਰਲੋਕ ਨੂੰ ਸੰਵਾਰਨ ਹਿੱਤ ਵੀ ਆਪਣੀ ਇਕ ਹਾਂ-ਪੱਖੀ ਭੂਮਿਕਾ ਅਦਾ ਕਰਦੇ ਹਨ।
ਅਰਬ ਜਗਤ ਵਿਚ ਪੈਦਾ ਹੋਇਆ ਇਸਲਾਮ ਵੀ ਦੁਨੀਆਂ ਦਾ ਇਕ ਸਿਰ-ਕੱਢਵਾਂ ਧਰਮ ਹੈ।ਇਸ ਧਰਮ ਦੇ ਬਾਨੀ ਹਜ਼ਰਤ ਮੁਹੰਮਦ ਸਾਹਿਬ ਵੱਲੋਂ ਇਸ ਦੇ ਅਨੁਯਾਈਆਂ ਲਈ ਕੁੱਝ ਅਸੂਲ ਨਿਰਧਾਰਿਤ ਕੀਤੇ ਗਏ ਹਨ ਜਿਨ੍ਹਾਂ ਨੂੰ ਇਸਲਾਮ ਦੇ ਥੰਮ ਕਿਹਾ ਜਾਂਦਾ ਹੈ। ਇਨ੍ਹਾਂ ਥੰਮਾਂ ‘ਤੇ ਉਸਰੀ ਹੋਈ ਇਸਲਾਮ ਦੀ ਇਮਾਰਤ ਸੰਸਾਰ ਦੇ ਧਰਮਾਂ ਵਿਚ ਆਪਣੀ ਇਕ ਸਤਿਕਾਰਤ ਪਹਿਚਾਣ ਰੱਖਦੀ ਹੈ। ਹਰੇਕ ਸੱਚੇ-ਸੁੱਚੇ ਮੁਸਲਮਾਨ ਦੇ ਜੀਵਨ ਦਾ ਅਨਿੱਖੜਵਾਂ ਅੰਗ ਬਣੇ ਰਹਿਣ ਵਾਲੇ ਇਹ ਥੰਮਫ਼ਅਸੂਲ ਹੇਠ ਲਿਖੇ ਹਨ:-

ਈਮਾਨ:- ਈਮਾਨ ਦਾ ਅਰਥ ਵਿਸ਼ਵਾਸ ਜਾਂ ਯਕੀਨ ਤੋਂ ਲਿਆ ਜਾਂਦਾ ਹੈ।ਹਰੇਕ ਮੁਸਲਮਾਨ ਨੇ ਆਪਣੀ ਹਯਾਤੀ ਵਿਚ ਇਹ ਗੱਲ ਯਕੀਨੀ ਬਣਾਉਣੀ ਹੈ ਕਿ ਅੱਲ੍ਹਾ ਇਕ ਹੈ ਅਤੇ ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ। ਉਹ ਸਤਵੇਂ ਆਸਮਾਨ ‘ਤੇ ਰਹਿੰਦਾ ਹੈ।ਇਸ ਤੋਂ ਇਲਾਵਾ ਹਜ਼ਰਤ ਮੁਹੰਮਦ ਸਾਹਿਬ ਦੇ ਅੱਲ੍ਹਾ ਦੇ ਰਸੂਲ ਹੋਣ ਦਾ ਵੀ ਵਿਸ਼ਵਾਸ ਬਣਾ ਕੇ ਰੱਖਣਾ ਹੈ।ਇਸ ਲਈ ਹਰੇਕ ਮੁਸਲਮਾਨ ਆਪਣੇ ਕਲਮੇ ਵਿਚ ਉਚਾਰਦਾ ਹੈ-“ਲਾ ਇਲਾਹ ਇਲ ਅੱਲਾਹ ਮੁਹੰਮਦ ਉਲ ਰਸੂਲ ਅੱਲ੍ਹਾ”।ਇਸ ਥੰਮ ਤਹਿਤ ਹਰੇਕ ਮੁਸਲਮਾਨ ਲਈ ਅੱਲ੍ਹਾ,ਉਸ ਦੇ ਫਰਿਸ਼ਤਿਆਂ, ਉਸ ਦੇ ਰਸੂਲ ਅਤੇ ਕੁਰਾਨ (ਪਵਿੱਤਰ ਗ੍ਰੰਥ) ਉਪਰ ਈਮਾਨ ਲਿਅਉਂਣਾ ਲਾਜ਼ਮੀ ਹੈ।

ਸਲਾਤ (ਨਮਾਜ਼) :-  ਸਲਾਤ ਤੋਂ ਭਾਵ ਹੈ ਝੁਕਣਾ।ਸਲਾਤ ਇਸਲਾਮੀ ਭਾਈਚਾਰੇ ਦਾ ਅੱਲ੍ਹਾ ਦੀ ਇਬਾਦਤ ਜਾਂ ਬੰਦਗੀ ਦਾ ਢੰਗ ਹੈ।ਹਰੇਕ ਮੁਸਲਮਾਨ ਲਈ ਦਿਨ ਵਿਚ ਨਿਰਧਾਰਿਤ ਕੀਤੇ ਗਏ ਵੱਖ-ਵੱਖ ਸਮਿਆਂ ‘ਤੇ ਪੰਜ ਨਮਾਜ਼ਾਂ ਪੜ੍ਹਨੀਆਂ ਜ਼ਰੂਰੀ ਹਨ।ਇਨ੍ਹਾਂ ਨਮਾਜ਼ਾਂ ਵਿਚ ਨਮਾਜ਼-ਏ-ਫ਼ਜ਼ਰ (ਸੂਰਜ ਨਿਕਲਣ ਤੋਂ ਪਹਿਲਾਂ), ਨਮਾਜ਼-ਏ-ਜ਼ੁਹਰ (ਦੁਪਹਿਰ ਵਕਤ),ਨਮਾਜ਼-ਏ-ਅਸਰ (ਦੁਪਹਿਰ ਤੋਂ ਬਾਅਦ),ਨਮਾਜ਼-ਏ-ਮਗਰਿਬ (ਸੂਰਜ ਛਿਪਣ ਤੋਂ ਬਾਅਦ) ਨਮਾਜ਼-ਏ-ਇਸ਼ਾ (ਰਾਤ ਸਮੇਂ) ਵਰਨਣਯੋਗ ਹਨ।ਇਨ੍ਹਾਂ ਨਮਾਜ਼ਾਂ ਤੋਂ ਇਲਾਵਾ ਜੁਮੇ ਦੀ ਨਮਾਜ਼, ਈਦ ਦੀ ਨਮਾਜ਼ ਅਤੇ ਜਨਾਜ਼ੇ ਦੀ ਨਮਾਜ਼ ਤਹਿ ਸ਼ੁਦਾ ਸਮੇਂ ‘ਤੇ ਪੜ੍ਹੀਆਂ ਜਾਂਦੀਆਂ ਹਨ।ਇਹ ਸਾਰੀਆਂ ਨਮਾਜ਼ਾਂ ਕਾਅਬੇ ਵੱਲ ਮੂੰਹ ਕਰਕੇ ਪੜ੍ਹੀਆਂ ਜਾਂਦੀਆਂ ਹਨ। ਜੇਕਰ ਕਿਸੇ ਨਮਾਜ਼ ਦਾ ਵਕਤ ਲੰਘ ਜਾਵੇ ਤਾਂ ਕਜ਼ਾ ਹੋ ਜਾਂਦੀ ਹੈ

ਜ਼ਕਾਤ:- ਜ਼ਕਾਤ ਤੋਂ ਭਾਵ ਹੈ ਦਾਨ ਦੇਣਾ।ਦਾਨ ਹਮੇਸ਼ਾ ਉਨ੍ਹਾਂ ਵਸਤਾਂ ਜਾਂ ਦੌਲਤ ਵਿਚੋਂ ਦੇਣਾ ਹੁੰਦਾ ਹੈ ਜੋ ਜ਼ਿੰਦਗੀ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਉਪਰੰਤ ਕਿਸੇ ਮੁਸਲਮਾਨ ਕੋਲ ਬਚ ਜਾਂਦੀਆਂ ਹਨ।ਇਹ ਦਾਨ ਕਿਸੇ ਦੇਸ਼ ਦੀ ਮੁਦਰਾ ਤੱਕ ਹੀ ਸੀਮਤ ਨਹੀਂ ਸਗੋਂ ਸੋਨਾ, ਚਾਂਦੀ, ਭੇਡ-ਬੱਕਰੀ ਜਾਂ ਕਿਸੇ ਹੋਰ ਪਦਾਰਥ ਦੇ ਰੂਪ ਵਿਚ ਵੀ ਹੋ ਸਕਦਾ ਹੈ।ਹਰੇਕ ਮੁਸਲਮਾਨ ਨੇ ਇਹ ਜ਼ਕਾਤ ਆਪਣੇ ਭਾਈਚਾਰੇ ਦੀ ਭਲਾਈ ਅਤੇ ਇਸਲਾਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਦੇਣਾ ਹੁੰਦਾ ਹੈ। ਇਹ ਉਸ ਦੀ ਨੇਕ ਕਮਾਈ ਦਾ ਚਾਲ੍ਹੀਵਾਂ ਹਿੱਸਾ ਹੁੰਦਾ ਹੈ।ਇਹ ਦਾਨ ਸਰਕਾਰ ਨੂੰ ਦਿੱਤਾ ਜਾਂਦਾ ਹੈ ਤਾਂ ਕਿ ਦਾਨੀ ਦੇ ਮਨ ਵਿਚ ਕਿਸੇ ਕਿਸਮ ਦਾ ਕੋਈ ਹੰਕਾਰ ਪੈਦਾ ਨਾ ਹੋ ਜਾਵੇ ਅਤੇ ਇਸ ਦੀ ਸਹੀ ਅਤੇ ਸਾਰਥਿਕ ਵਰਤੋਂ ਹੋ ਸਕੇ।

ਰੋਜ਼ਾ:- ਰਮਜ਼ਾਨ ਦੇ ਮਹੀਨੇ ਨੂੰ ਇਕ ਪਵਿੱਤਰ ਮਹੀਨਾ ਸਵੀਕਾਰਿਆ ਜਾਂਦਾ ਹੈ।ਇਸ ਮਹੀਨੇ ਵਿਚ ਹਰੇਕ ਸੱਚਾ ਮੁਸਲਮਾਨ ਖੁਦਾ ਦੀ ਬੰਦਗੀ ਲਈ ਤੀਹ ਰੋਜ਼ੇ ਰੱਖਦਾ ਹੈ।ਰੋਜ਼ਾ ਕੇਵਲ ਭੁੱਖੇ ਰਹਿ ਕੇ ਸਰੀਰ ਨੂੰ ਕਸ਼ਟ ਦੇਣਾ ਹੀ ਨਹੀਂ ਸਗੋਂ ਇਹ ਆਤਮਾ ਦੀ ਸ਼ੁੱਧਤਾ ਵੀ ਹੈ।ਰੋਜ਼ੇ ਇਸ ਲਈ ਰੱਖੇ ਜਾਂਦੇ ਹਨ ਕਿਉਂਕਿ ਇਸ ਮਹੀਨੇ ਮੁਹੰਮਦ ਸਾਹਿਬ ਨੂੰ ਇਲਾਹੀ ਪੈਗਾਮ ਹਾਸਲ ਹੋਇਆ ਸੀ।ਇਸ ਲਈ ਹਰੇਕ ਮੁਸਲਮਾਨ ਰਮਜ਼ਾਨ ਦੇ ਮਹੀਨੇ ਆਪਣੇ ਮਨ ‘ਤੇ ਕਾਬੂ ਪਾ ਕੇ ਮੁਹੰਮਦ ਸਾਹਿਬ ਵੱਲੋਂ ਦਿਖਾਏ ਗਏ ਸੱਚ ਦੇ ਮਾਰਗ ‘ਤੇ ਚੱਲਣ ਦਾ ਪ੍ਰਣ ਕਰਦਾ ਹੈ।ਰੋਜ਼ੇ ਰੱਖਣ ਅਤੇ ਖੋਲ੍ਹਣ ਦਾ ਸਮਾਂ ਹਰੇਕ ਇਲਾਕੇ ਦਾ ਵੱਖ-ਵੱਖ ਹੁੰਦਾ ਹੈ।

ਹੱਜ:- ਇਸਲਾਮ ਵਿਚ ਹੱਜ ਨੂੰ ਇਕ ਪਵਿੱਤਰ ਯਾਤਰਾ ਪ੍ਰਵਾਨ ਕੀਤਾ ਜਾਂਦਾ ਹੈ ਜੋ ਮੱਕੇ ਵਿਖੇ ਸਥਿਤ ਮੁਕੱਦਸ ਤੀਰਥ ਕਾਅਬੇ ਜਾ ਕੇ ਕੀਤੀ ਜਾਂਦੀ ਹੈ। ਇਹ ਯਾਤਰਾ ਮੁਸਲਿਮ ਵਰਗ ਨੂੰ ਇੱਕ ਨਵੀਂ ਹਯਾਤ ਬਖ਼ਸ਼ਦੀ ਹੈ।ਕਿਉਂਕਿ ਆਮ ਤੌਰ ‘ਤੇ ਇਹ ਮੰਨਿਆ ਜਾਂਦਾ ਹੈ ਕਿ ਮੱਕੇ ਜਾ ਕੇ ਹੱਜ ਕਰਨ ਵਾਲੇ ਯਾਤਰੀਆਂ ਦੇ ਪਿਛਲੇ ਸਾਰੇ ਪਾਪ ਧੋਤੇ ਜਾਂਦੇ ਹਨ। ਹੱਜ ਕਰਨ ਦਾ ਸਮਾਂ ਅਰਬੀ ਮਹੀਨਾ ਜ਼ਿਲਹਿੱਜਾ ਹੈ।ਹੱਜ ਕਰਨ ਸਮੇਂ ਹਾਜੀ ਆਪਣੇ ਜਿਸਮ ਦੇ ਉਪਰਲੇ ਅਤੇ ਹੇਠਲੇ ਭਾਗ ਨੂੰ ਢੱਕਣ ਲਈ ਦੋ ਚਾਦਰਾਂ ਦੀ ਵਰਤੋਂ ਕਰਦੇ ਹਨ ਅਤੇ ਅੱਲ੍ਹਾ ਦੀ ਸਿਫਤ-ਸਲਾਹ ਕਰਦੇ ਹਨ।ਪਵਿੱਤਰ ਕਾਅਬੇ ਦੀ ਇੱਕ ਦੀਵਾਰ ਵਿਚ ਇੱਕ ਪੱਥਰ ਸਥਾਪਿਤ ਕੀਤਾ ਗਿਆ ਹੈ ਜਿਸ ਨੂੰ ‘ਸੰਗ-ਏ-ਅਸਵਦ’ ਕਿਹਾ ਜਾਂਦਾ ਹੈ। ਹਾਜੀਆਂ ਵੱਲੋਂ ਇਸ ‘ਸੰਗ-ਏ-ਅਸਵਦ’ ਨੂੰ ਬੜੇ ਪਿਆਰ ਅਤੇ ਸਤਿਕਾਰ ਨਾਲ ਚੁੰਮਿਆ ਜਾਂਦਾ ਹੈ।ਇਸ ਤੋਂ ਬਾਅਦ ਇਥੋਂ ਥੋੜ੍ਹੀ ਦੂਰੀ ‘ਤੇ ਸਥਿਤ ਜਗ੍ਹਾ ਮੀਨਾਹ ਉਪਰ ਜਾ ਕੇ ਸ਼ੈਤਾਨ ਨੂੰ ਪੱਥਰ ਮਾਰੇ ਜਾਂਦੇ ਹਨ।ਜੇਕਰ ਕੋਈ ਮੁਸਲਮਾਨ ਜਿਸਮਾਨੀ ਤੌਰ ‘ਤੇ ਹੱਜ ਕਰਨ ਤੋਂ ਅਸਮਰੱਥ ਹੈ ਪਰ ਉਸ ਦੇ ਕੋਲ ਲੋੜੀਂਦਾ ਧਨ ਹੈ ਤਾਂ ਉਹ ਉਸ ਧਨ ਨਾਲ ਕਿਸੇ ਗ਼ਰੀਬ ਹਾਜੀ ਨੂੰ ਹੱਜ ‘ਤੇ ਭੇਜ ਸਕਦਾ ਹੈ।ਹਰ ਮੁਸਲਮਾਨ ਲਈ ਜੀਵਨ ਵਿਚ ਇਕ ਵਾਰ ਹੱਜ ਉਪਰ ਜਾਣਾ ਲਾਜ਼ਮੀ ਹੈ।

ਉਪਰੋਕਤ ਤੋਂ ਇਲਾਵਾ ਸੁੰਨਤ ਕਰਵਾਉਣੀ, ਦਾੜ੍ਹੀ ਨਹੀਂ ਕਟਵਾਉਣੀ, ਲਬਾਂ ਕਟਵਾਉਣੀਆਂ, ਸ਼ੁਕਰਵਾਰ ਨੂੰ ਪਵਿੱਤਰ ਦਿਨ ਤਸਲੀਮ ਕਰਨਾ, ਸੂੂਰ ਦਾ ਮਾਸ ਨਹੀਂ ਖਾਣਾ ਅਤੇ ਕਿਸੇ ਕੋਲੋਂ ਸੂਦ ਨਾ ਲੈਣਾ ਆਦਿ ਵੀ ਇਸਲਾਮੀ ਨਿਯਮਾਂਵਲੀ ਦਾ ਅਹਿਮ ਅੰਗ ਹਨ, ਜਿਹਨਾਂ ਦੀ ਪਾਲਣਾ ਕਰਨੀ ਹਰੇਕ ਮੁਸਲਮਾਨ ਆਪਣਾ ਪਵਿੱਤਰ ਫਰਜ਼ ਸਮਝਦਾ ਹੈ।ਉਸ ਵੱਲੋਂ ਨਿਭਾਏ ਜਾਂਦੇ ਇਹ ਫਰਜ਼ ਉਸ ਨੂੰ ਸੱਚ ਦੇ ਨਾਲ ਜੋੜੀ ਰੱਖਦੇ ਹਨ ਜੋ ਕਿ ਕਿਸੇ ਵੀ ਧਰਮ ਦਾ ਅੰਤਿਮ ਉਦੇਸ਼ ਹੁੰਦਾ ਹੈ।

Ramesh Bagga

ਰਮੇਸ਼ ਬੱਗਾ ਚੋਹਲਾ

ਰਿਸ਼ੀ ਨਗਰ ਐਕਸਟੈਨਸ਼ਨ (ਲੁਧਿਆਣਾ)
ਮੋ: 9463132719

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਦਾ ਨਵਾਂ ਕੀਰਤੀਮਾਨ -‘ਖਾਲਸਾ ਯੂਨੀਵਰਸਿਟੀ’ ਦੀ ਸਥਾਪਨਾ

ਇਤਿਹਾਸਕ ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਨਵਾਂ ਮੀਲ ਪੱਥਰ ਕਾਇਮ ਕਰਦਿਆਂ ‘ਖਾਲਸਾ ਯੂਨੀਵਰਸਿਟੀ’ ਸਥਾਪਿਤ ਕੀਤੀ …

Leave a Reply