ਲੋਕਾਂ ਨੂੰ ਆਂਢ-ਗੁਆਂਢ ’ਚ ਵਿਦੇਸ਼ਾਂ ਤੋਂ ਪਰਤੇ ਵਿਅਕਤੀਆਂ ਬਾਰੇ ਜਾਣਕਾਰੀ ਦੇਣ ਦੀ ਅਪੀਲ
ਚੰਡੀਗੜ, 20 ਮਾਰਚ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡਿਪਟੀ ਕਮਿਸ਼ਨਰਾਂ ਅਤੇ ਐਸ.ਐਸ.ਪੀ ਨੂੰ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਇਕ ਵਿਆਪਕ ਰਣਨੀਤੀ ਤਿਆਰ ਕਰਨ ਲਈ ਕਿਹਾ।
ਵੀਡੀਓ ਕਾਨਫਰੰਸਿੰਗ ਰਾਹੀਂ ਡਿਪਟੀ ਕਮਿਸ਼ਨਰਾਂ ਅਤੇ ਜ਼ਿਲਾ ਪੁਲੀਸ ਮੁਖੀਆਂ ਨਾਲ ਮੀਟਿੰਗ ਦੌਰਾਨ ਕੋਵਿਡ-19 ਦੇ ਫੈਲਾਅ ਨੂੰ ਰੋਕਣ ਸਬੰਧੀ ਤਿਆਰੀਆਂ ਦੀ ਸਮੀਖਿਆ ਕਰਦਿਆਂ ਮੁੱਖ ਮੰਤਰੀ ਨੇ ਉਨਾਂ ਨੂੰ ਹਦਾਇਤ ਕੀਤੀ ਕਿ ਇਨਾਂ ਹਾਲਾਤਾਂ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ ਅਤੇ ਪੂਰੀ ਲਗਨ ਤੇ ਵਚਨਬੱਧਤਾ ਨਾਲ ਕੰਮ ਕੀਤਾ ਜਾਵੇ।
ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਸਕੱਤਰ ਨੂੰ ਨਿਰਦੇਸ਼ ਦਿੱਤੇ ਕਿ ਉਹ ਡਿਪਟੀ ਕਮਿਸ਼ਨਰਾਂ ਨੂੰ ਘਰਾਂ ਵਿੱਚ ਇਕਾਂਤ ’ਚ ਰੱਖੇ ਜਾ ਰਹੇ ਪੀੜਤਾਂ ’ਤੇ ਕਰੜੀ ਨਿਗਰਾਨੀ ਰੱਖਣ ਲਈ ਦਿਸ਼ਾ-ਨਿਰਦੇਸ਼ ਜਾਰੀ ਕਰਨ ਤਾਂ ਜੋ ਇਸ ਬਿਮਾਰੀ ਨੂੰ ਹੋਰ ਫੈਲਣ ਤੋਂ ਰੋਕਿਆ ਜਾ ਸਕੇ।ਉਹਨਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਸਾਫ-ਸਫਾਈ ਪੱਖੋਂ ਹਸਪਤਾਲਾਂ ਵਿੱਚ ਇਸ ਵਾਇਰਸ ਨਾਲ ਨਜਿੱਠਣ ਸਬੰਧੀ ਤਿਆਰੀਆਂ ਦੇ ਨਾਲ ਨਾਲ ਮਰੀਜ਼ਾਂ ਨੂੰ ਵੱਖ ਰੱਖਣ ਵਾਲੀਆਂ ਸਹੂਲਤਾਂ ਅਤੇ ਆਈਸੋਲੇਸ਼ਨ ਵਾਰਡਾਂ ਦੀ ਜਾਂਚ ਕਰਨ ’ਤੇ ਜ਼ੋਰ ਦਿੱਤਾ। ਜੋ ਇਸ ਸੰਕਟ ਦੀ ਘੜੀ ‘ਚ ਬਹੁਤ ਜ਼ਰੂਰੀ ਹੈ।ਉਨਾਂ ਨੇ ਸਿਵਲ ਸਰਜਨ ਨੂੰ ਮਾਸਕਾਂ ਅਤੇ ਪੀ.ਪੀ.ਈ-ਕਿੱਟਾਂ ਦਾ ਢੁੱਕਵਾਂ ਭੰਡਾਰ ਯਕੀਨੀ ਬਣਾਉਣ ਲਈ ਹਦਾਇਤ ਕਰਨ ਲਈ ਵੀ ਕਿਹਾ।
ਉਹਨਾਂ ਕਿਹਾ ਕਿ ਇਸ ਸਬੰਧੀ ਲੋਕਾਂ ਨੂੰ ਬਚਾਅ ਉਪਾਵਾਂ ਅਤੇ ਸੰਭਾਵਤ ਦੇਖਭਾਲ ਬਾਰੇ ਜਾਗਰੂਕ ਕਰਨ ਲਈ ਮੀਡੀਆ ਰਾਹੀਂ ਚੱਲ ਰਹੀਆਂ ਮੁਹਿੰਮਾਂ ਨੂੰ ਹੋਰ ਤੇਜ਼ ਕੀਤਾ ਜਾਣਾ ਚਾਹੀਦਾ ਹੈ।ਕੈਪਟਨ ਅਮਰਿੰਦਰ ਸਿੰਘ ਨੇ ਇਸ ਮੰਤਵ ਲਈ ਸਿੱਖਿਆ ਸੰਸਥਾਵਾਂ, ਸਰਕਾਰੀ ਕਰਮਚਾਰੀ, ਪੁਲਿਸ ਕਰਮਚਾਰੀਆਂ ਅਤੇ ਡਿਊਟੀ ‘ਤੇ ਤਾਇਨਾਤ ਸਾਰੇ ਕਰਮਚਾਰੀ ਲਈ ਕਰਵਾਏ ਜਾ ਰਹੇ ਸਿਖਲਾਈ ਸੈਸ਼ਨਾਂ ਦੀ ਵੀ ਸ਼ਲਾਘਾ ਕੀਤੀ।ਉਹਨਾਂ ਨੇ ਸਮੁੱਚੇ ਸਿਹਤ ਸਟਾਫ ਵਲੋਂ ਹੁਣ ਤੱਕ ਕੀਤੇ ਮਹਾਨ ਕਾਰਜ ਦੀ ਸ਼ਲਾਘਾ ਕੀਤੀ ਅਤੇ ਉਨਾਂ ਨੂੰ ਕੋਵਿਡ-19 ਵਿਰੁੱਧ ਵਿੱਢੀ ਜੰਗ ਵਿੱਚ ਸਫਲਤਾ ਹਾਸਲ ਕਰਨ ਤੱਕ ਆਪਣੀ ਡਿੳੂਟੀ ਇਸੇ ਤਨਦੇਹੀ ਨਾਲ ਨਿਭਾਉਣ ਲਈ ਆਖਿਆ।ਇਸ ਵਾਇਰਸ ਨੂੰ ਰੋਕਣ ਦੀ ਲੜਾਈ ਨੂੰ ਲੰਬੀ ਜੰਗ ਦੱਸਦਿਆਂ ਮੁੱਖ ਮੰਤਰੀ ਨੇ ਸਮੁੱਚੇ ਰੂਪ ਵਿੱਚ ਕੋਵਿਡ-19 ਦੀ ਰੋਕਥਾਮ ਲਈ ਢੁੱਕਵੀਂ ਪ੍ਰਣਾਲੀ ਵਿਕਸਿਤ ਕਰਨ ਦੀ ਤੁਰੰਤ ਲੋੜ ‘ਤੇ ਜ਼ੋਰ ਦਿੱਤਾ।
ਮੁੱਖ ਮੰਤਰੀ ਨੇ ਪਿਛਲੇ ਇੱਕ ਮਹੀਨੇ ਦੌਰਾਨ ਸੂਬੇ ਵਿੱਚ ਆਏ ਸਾਰੇ ਯਾਤਰੀਆਂ ਦੀ ਜਾਂਚ ਕਰਨ ਲਈ ਉਹਨਾਂ ਦੀ ਭਾਲ ਲਈ ਪ੍ਰੋਟੋਕੋਲ ਦੀ ਜ਼ਰੂਰਤ ’ਤੇ ਵੀ ਜ਼ੋਰ ਦਿੱਤਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਸ਼ੱਕੀ ਵਿਅਕਤੀ ਫਰਾਰ ਨਾ ਹੋ ਸਕੇ।ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਂਢ-ਗੁਆਂਢ ਵਿੱਚ ਪਿਛਲੇ ਦੋ ਹਫਤਿਆਂ ਦੌਰਾਨ ਵਿਦੇਸ਼ਾਂ ਤੋਂ ਪਰਤੇ ਵਿਅਕਤੀਆਂ ਦੀ ਜਾਣਕਾਰੀ ਦੇਣ।ਮੁੱਖ ਮੰਤਰੀ ਨੇ ਲੋਕਾਂ ਨੂੰ ਭੀੜ ਵਾਲੇ ਸਥਾਨਾਂ ‘ਤੇ ਨਾ ਜਾਣ ਸਬੰਧੀ ਆਪਣੀ ਸਰਕਾਰ ਦੀ ਐਡਵਾਈਜ਼ਰੀ ਨੂੰ ਦੁਹਰਾਇਆ।ਉਹਨਾਂ ਡਿਪਟੀ ਕਮਿਸ਼ਨਰਾਂ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਲੋਕ ਸਿਰਫ ਕੋਈ ਸਿਹਤ ਸਬੰਧੀ ਐਮਰਜੈਂਸੀ ਹੋਣ ‘ਤੇ ਜਾਂ ਰਾਸ਼ਨ ਤੇ ਦਵਾਈਆਂ ਖਰੀਦਣ ਹੀ ਬਾਹਰ ਜਾਣ।ਲੋਕਾਂ ਨੂੰ ਸਲਾਹ ਦਿੱਤੀ ਜਾਣੀ ਚਾਹੀਦੀ ਹੈ ਕਿ ਉਹ ਡਾਕਟਰਾਂ ਕੋਲ ਆਪਣੇ ਰੋਜ਼ਾਨਾ ਦੇ ਚੈਕਅਪ ਲਈ ਨਾ ਜਾਣ ਅਤੇ 65 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਅਤੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵੀ ਬਿਲਕੁੱਲ ਬਾਹਰ ਨਹੀਂ ਜਾਣਾ ਚਾਹੀਦਾ।
ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਮੁੱਖ ਸਕੱਤਰ ਦੀ ਅਗਵਾਈ ਵਾਲੇ ਸੰਕਟ ਨਿਪਟਾਰਾ ਗਰੁੱਪ (ਸੀ.ਐਮ.ਜੀ) ਵਿੱਚ ਆਪਣੀਆਂ ਸਾਰੀਆਂ ਲੋੜੀਂਦੀਆਂ ਜ਼ਰੂਰਤਾਂ ਨੂੰ ਦਰਸਾਉਣ ਲਈ ਕਿਹਾ, ਜਿਸ ਦੀ ਮੀਟਿੰਗ ਹਰ ਰੋਜ਼ ਸਵੇਰੇ 11.00 ਵਜੇ ਅਤੇ ਸ਼ਾਮ 5.00 ਵਜੇ ਹੁੰਦੀ ਹੈ।
ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਇਹ ਵੀ ਕਿਹਾ ਕਿ ਉਹ ਪੀੜਤਾਂ ਨੂੰ ਵੱਖ ਰੱਖਣ ਦੇ ਪ੍ਰੋਟੋਕੋਲ ਦੇ ਸਖਤੀ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਅਤੇ ਕਿਸੇ ਵੀ ਉਲੰਘਣਾ ਦੀ ਸਥਿਤੀ ਵਿੱਚ, ਆਈ.ਪੀ.ਸੀ ਦੀ ਧਾਰਾ 188 ਤਹਿਤ ਉਲੰਘਣਾ ਕਰਨ ਵਾਲਿਆਂ ਵਿਰੁੱਧ ਕੇਸ ਦਰਜ ਕੀਤਾ ਜਾਣਾ ਲਾਜ਼ਮੀ ਹੈ।ਇਸ ਦੇ ਨਾਲ ਹੀ, ਉਹਨਾਂ ਜ਼ਿਲਾ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਕਿ ਉਹ ਲੋਕਾਂ ਵਿੱਚ ਡਰ ਪੈਦਾ ਹੋਣ ਦੀ ਸਥਿਤੀ ਵਿੱਚ ਵਿਸ਼ਵਾਸ ਪੈਦਾ ਕਰਨ। ਉਨਾਂ ਨੇ ਜ਼ਿਲਾ ਅਧਿਕਾਰੀਆਂ ਨੂੰ ਜਲਦ ਤੋਂ ਜਲਦੀ ਘਰ-ਘਰ ਜਾ ਕੇ ਨਿਰੀਖਣ ਕਰਨ ਦੇ ਨਿਰਦੇਸ਼ ਵੀ ਦਿੱਤੇ।