ਅੰਮ੍ਰਿਤਸਰ, 6 ਅਕਤੂਬਰ (ਸੁਖਬੀਰ ਸਿੰਘ) – ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 96 ਕਰੋੜੀ ਚੱਲਦਾ ਵਹੀਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਨਵਾਬ ਕਪੂਰ ਸਿੰਘ ਅਤੇ ਸ. ਜੱਸਾ ਸਿੰਘ ਆਹਲੂਵਾਲੀਆ ਦੀ ਯਾਦ ਨੂੰ ਸਮਰਪਿਤ ਵਿਸ਼ੇਸ਼ ਸਮਾਗਮ 20 ਅਕਤੂਬਰ ਨੂੰ ਸਥਾਨਕ ਗੁਰਦੁਆਰਾ ਬੁਰਜ ਅਕਾਲੀ ਫੂਲਾ ਸਿੰਘ ਵਿਖੇ ਬਾਬਾ ਬਲਬੀਰ ਸਿੰਘ ਦੀ ਦੇਖ-ਰੇਖ ਹੇਠ ਕਰਵਾਇਆ ਜਾਵੇਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਇਹ ਸਮਾਗਮ ਕੌਮ ਦੇ ਦੋਹਾਂ ਮਹਾਨ ਯੋਧੇ ਜਰਨੈਲਾਂ ਦੀ 7 ਅਕਤੂਬਰ ਨੂੰ ਆ ਰਹੀ ਬਰਸੀ ਨੂੰ ਸਮਰਪਿਤ ਹੋਵੇਗਾ। ਸ. ਬੇਦੀ ਅਨੁਸਾਰ ਇਸ ਸਮਾਗਮ ਵਿਚ ਨਿਹੰਗ ਸਿੰਘ ਦਲਾਂ ਤੋਂ ਇਲਾਵਾ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸ਼ਖ਼ਸੀਅਤਾਂ ਉਚੇਚੇ ਤੌਰ ‘ਤੇ ਪਹੁੰਚਣਗੀਆਂ।
ਉਨ੍ਹਾਂ ਦੱਸਿਆ ਕਿ ਇਸ ਸਮਾਗਮ ਵਿਚ ਜਿਥੇ ਸਿੱਖ ਕੌਮ ਦੇ ਪ੍ਰਸਿੱਧ ਰਾਗੀ ਜਥਿਆਂ ਵੱਲੋਂ ਇਲਾਹੀ ਗੁਰਬਾਣੀ ਦਾ ਕੀਰਤਨ ਕੀਤਾ ਜਾਵੇਗਾ, ਉਥੇ ਉੱਚ ਕੋਟੀ ਦੇ ਢਾਡੀ-ਕਵੀਸ਼ਰ ਜਥਿਆਂ ਅਤੇ ਕਥਾਵਾਚਕਾਂ ਵੱਲੋਂ ਦੋਹਾਂ ਸੂਰਮਿਆਂ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਪੰਥਕ ਦੇਣ ਨੂੰ ਸੰਗਤਾਂ ਵਿਚ ਪ੍ਰਚਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਮਾਗਮ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਦੀ ਅਗਵਾਈ ਵਿਚ ਹਰ ਸਾਲ ਕਰਵਾਇਆ ਜਾਂਦਾ ਹੈ, ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਹਾਜਰੀਆਂ ਭਰਦੀਆਂ ਹਨ। ਉਨ੍ਹਾਂ ਕਿਹਾ ਕਿ ਸਿੱਖ ਕੌਮ ਵਡਭਾਗੀ ਹੈ, ਜਿਸ ਨੂੰ ਨਵਾਬ ਕਪੂਰ ਸਿੰਘ ਅਤੇ ਸੁਲਤਾਨ-ਉਲ-ਕੌਮ ਸ. ਜੱਸਾ ਸਿੰਘ ਆਹਲੂਵਾਲੀਏ ਵਰਗੇ ਮਹਾਨ ਯੋਧੇ ਜਰਨੈਲਾਂ ਤੇ ਪੰਥ ਸੇਵਕਾਂ ਦੀ ਰਹਿਨੁਮਾਈ ਮਿਲੀ ਹੈ।
Check Also
ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਮਨਾਇਆ ਲੋਹੜੀ ਦਾ ਤਿਉਹਾਰ
ਸੰਗਰੂਰ, 14 ਜਨਵਰੀ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਕਲੱਬ ਦੇ ਪ੍ਰਧਾਨ ਰਾਜੀਵ …