ਰਾਤ ਦੇ ਸਮੇਂ ਸਰਪੰਚ ਵੀ ਜਾਰੀ ਕਰ ਸਕਦਾ ਹੈ ਕਰਫਿਊ ਪਾਸ
ਅੰਮ੍ਰਿਤਸਰ, 7 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਪਿੰਡਾਂ ਦੇ ਲੋਕਾਂ ਨੇ ਸਵੈ-ਇਕਾਂਤਵਾਸ ਦੇ ਜ਼ਰੀਏ ਕਰਫਿਊ ਦੀਆਂ ਸਖਤ ਪਾਬੰਦੀਆਂ ਆਪਣੇ ਤੌਰ ‘ਤੇੇ ਹੀ ਲਾਗੂ ਕਰਦੇ ਕੋਵਿਡ-19 ਦੇ ਸੰਕਟ ਨਾਲ ਨਜਿੱਠਣ ਦਾ ਰਸਤਾ ਅਖਤਿਆਰ ਕੀਤਾ ਹੈ।ਡੀ.ਡੀ.ਪੀ.ਓ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਇਸ ਨਾਲ ਕੋਵਿਡ-19 ਵਿਰੁੱਧ ਸਰਕਾਰ ਦੀ ਲੜਾਈ ਨੂੰ ਲੋਕਾਂ ਦਾ ਵੱਡਾ ਸਾਥ ਮਿਲਿਆ ਹੈ।ਉਨਾਂ ਦੱਸਿਆ ਕਿ ਅੰਮ੍ਰਿਤਸਰ ਜਿਲ੍ਹੇ ਦੇ 840 ਪਿੰਡਾਂ ਵਿਚੋਂ 250 ਤੋਂ ਵੱਧ ਪਿੰਡਾਂ ਨੇ ਆਪਣੇ ਆਪ ਨੂੰ ਵੱਖ ਕਰ ਲਿਆ ਹੈ, ਜਦਕਿ ਬਾਕੀ ਪਿੰਡਾਂ ਵਿਚ ਇਸ ਕੰਮ ਲਈ ਬੀ.ਡੀ.ਪੀ.ਓ ਵੱਲੋਂ ਸਰਪੰਚਾਂ ਨਾਲ ਮਿਲ ਕੇ ਕਮੇਟੀਆਂ ਗਠਿਤ ਕੀਤੀਆਂ ਜਾ ਰਹੀਆਂ ਹਨ।ਉਨਾਂ ਦੱਸਿਆ ਕਿ ਹਾਲ ਹੀ ਵਿੱਚ ਪੰਜਾਬ ਪੁਲਿਸ ਦੁਆਰਾ ਨਿਯੁਕਤ ਕੀਤੇ ਗਏ ਵਿਲੇਜ ਪੁਲਿਸ ਅਫਸਰ ਵੀ ਇਸ ਮੌਕੇ ਪਿੰਡ ਦੇ ਲੋਕਾਂ ਨਾਲ ਅਹਿਮ ਭੂਮਿਕਾ ਨਿਭਾ ਰਹੇ ਹਨ।
ਉਨਾਂ ਦੱਸਿਆ ਕਿ ਪਿੰਡ ਵਾਸੀ ਕਿਸੇ ਵੀ ਓਪਰੇ ਵਿਅਕਤੀ ਦੇ ਪਿੰਡ ਵਿਚ ਦਾਖਲੇ ਨੂੰ ਰੋਕਣ ਲਈ ਬਹੁਤੇ ਥਾਵਾਂ ਉਤੇ ਆਪ ਨਾਕੇ ਲਗਾ ਕੇ ਬੈਠੇ ਹਨ ਅਤੇ ਇਸ ਤੋਂ ਇਲਾਵਾ ਗਸ਼ਤ ਕਰਨ ਵਾਲੀਆਂ ਪੁਲਿਸ ਪਾਰਟੀਆਂ ਦੀ ਸਹਾਇਤਾ ਕਰ ਰਹੇ ਹਨ।ਸਿਰਫ ਉਨ੍ਹਾਂ ਲੋਕਾਂ ਨੂੰ ਪਿੰਡ ਵਿਚ ਦਾਖਲਾ ਦਿੱਤਾ ਜਾ ਰਿਹਾ ਹੈ ਜਿਨ੍ਹਾਂ ਕੋਲ ਕਰਫਿੳੂ ਪਾਸ ਜਾਂ ਜ਼ਰੂਰੀ ਸੇਵਾਵਾਂ ਦੇਣ ਸਬੰਧੀ ਇਜਾਜ਼ਤ ਹੈ।ਪਿੰਡ ਫਤਿਹਗੜ੍ਹ ਸ਼ੁਕਰਚੱਕ ਦੇ ਸਰਪੰਚ ਪ੍ਰਦੀਪ ਸਿੰਘ ਲਾਡਾ ਨੇ ਦੱਸਿਆ ਕਿ ਪਿੰਡ ਲਈ ਕੇਵਲ 2 ਸਬਜ਼ੀ ਵਾਲੇ ਅਤੇ ਇਕ ਫਲਾਂ ਵਾਲੀ ਰੇਹੜ੍ਹੀ ਨੂੰ ਪੱਕੇ ਤੌਰ ਉਤੇ ਆਉਣ ਦੀ ਆਗਿਆ ਦਿੱਤੀ ਹੈ। ਉਨਾਂ ਤੋਂ ਇਲਾਵਾ ਕੋਈ ਸਬਜ਼ੀ ਜਾਂ ਫਲ ਵੇਚਣ ਵਾਲਾ ਪਿੰਡ ਵਿਚ ਨਹੀਂ ਆਵੇਗਾ।ਉਨਾਂ ਦੱਸਿਆ ਕਿ ਪਿੰਡਾਂ ਵਿਚ ਰਾਤ ਨੂੰ ਹੰਗਾਮੀ ਸਥਿਤੀ ਵਿਚ ਕਰਫਿੳੂ ਪਾਸ ਜਾਰੀ ਕਰਨ ਲਈ ਸਰਪੰਚਾਂ ਨੂੰ ਵੀ ਅਧਿਕਾਰ ਹੈ, ਇਸ ਲਈ ਕਿਸੇ ਤਰਾਂ ਦੀ ਕੋਈ ਸਮੱਸਿਆ ਨਹੀਂ ਆ ਰਹੀ।
ਇਨ੍ਹਾਂ ਕਮੇਟੀਆਂ ਨੂੰ ਸਥਾਨਕ ਪੁਲਿਸ ਵਲੋਂ ਪਿੰਡਾਂ ਵਿੱਚ ਜ਼ਰੂਰੀ ਵਸਤਾਂ ਜਿਵੇਂ ਕਿ ਦਵਾਈ ਅਤੇ ਭੋਜਨ ਅਤੇ ਨਾਲ ਹੀ ਚਾਰੇ ਅਤੇ ਪਸ਼ੂ ਫੀਡ ਦੀ ਨਿਰੰਤਰ ਸਪਲਾਈ ਨੂੰ ਯਕੀਨੀ ਬਣਾਉਣ ਵਿੱਚ ਸਹਾਇਤਾ ਦਿੱਤੀ ਜਾਂਦੀ ਹੈ।ਪਸ਼ੂਆਂ ਦੇ ਡਾਕਟਰਾਂ ਨੂੰ ਇਨ੍ਹਾਂ ਸਵੈ-ਇਕਾਂਤਵਾਸ ਪਿੰਡਾਂ ਵਿਚ ਜਾਣ ਦੀ ਆਗਿਆ ਹੈ।ਵੇਰਕਾ ਅਤੇ ਹੋਰਨਾਂ ਵੱਲੋਂ ਪਿੰਡਾਂ ’ਚੋਂ ਦੁੱਧ ਦੀ ਚੁੱਕਾਈ ਦੀ ਵੀ ਸਹੂਲਤ ਦਿੱਤੀ ਜਾ ਰਹੀ ਹੈ, ਜਦੋਂ ਕਿ ਗੰਭੀਰ ਬਿਮਾਰ ਹੋਣ ਅਤੇ ਹੋਰ ਮੈਡੀਕਲ ਐਮਰਜੈਂਸੀਆਂ ਲਈ ਮੰਗ ਅਨੁਸਾਰ ਪੀ.ਐਸ ਅਤੇ ਪੀ.ਪੀ ਪੱਧਰ ’ਤੇ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ।