ਸ੍ਰੀਨਗਰ, 7 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਰਜਮਾਨ ਸ. ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦੇਂਦਿਆਂ ਦਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਸਰਵੇਖਣ ਤੀਜੇ ਦਿਨ ਵੀ ਜਾਰੀ ਰਿਹਾ।ਟੀਮ ਵੱਲੋਂ ਗੋਗਜੀ ਬਾਗ, ਬਿਮਨਾ, ਬਟਮਾਲੂ, ਐਚ ਐਮ ਟੀ, ਮਹਿਜੂਰ ਨਗਰ, ਖੇਤਰਾ ਦਾੇ ਹੋਏ ਨੁਕਸਾਨ ਦਾ ਮੁਆਇਨਾ ਕੀਤਾ ਗਿਆ। ਟੀਮ ਵੱਲੋਂ ਜਿਹੜੇ ਮਕਾਨ ਮੁਢੋ ਹੀ ਡਿਗ ਪਏ, ਜਾ ਜਿਨਾਂ ਦੀਆਂ ਛੱਤਾਂ ਡਿਗ ਪਈਆਂ, ਜਾ ਭਾਰੀ ਤਰੇੜਾਂ ਆਈਆਂ ਦਾ ਜਾਇਜਾ ਲਿਖਤੀ ਰੂਪ ਵਿਚ ਇਕੱਤਰ ਕੀਤਾ ਹੈ। ਉਨ੍ਹਾ ਦਸਿਆ ਕਿ ਟੀਮ ਵਿਚ ਸ. ਰਜਿੰਦਰ ਸਿੰਘ ਮਹਿਤਾ, ਸ. ਕਰਨੈਲ ਸਿੰਘ ਪੰਜੋਲੀ ਤੇ ਸ. ਨਿਰਮੈਲ ਸਿੰਘ ਜੌਲਾਂ ਅੰਤ੍ਰਿੰਗ ਮੈਂਬਰ, ਸ. ਅਵਤਾਰ ਸਿੰਘ ਸਕੱਤਰ, ਸ. ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ, ਸ. ਸੁਖਜਿੰਦਰ ਸਿੰਘ ਤੇ ਸ. ਗੁਰਜਿੰਦਰ ਸਿੰਘ ਜੇ ਈ, ਸ. ਸੁਰਿੰਦਰ ਸਿੰਘ ਸੋਡੀ ਐਸ ਡੀ ਓ ਸ੍ਰੀਨਗਰ ਤੇ ਸ. ਐਚ ਐਸ ਲਵਲੀ ਐਸ ਡੀ ਓ, ਸ਼ਾਮਲ ਸਨ।ਉਨ੍ਹਾਂ ਅਨੁਸਾਰ ਸ਼੍ਰੋਮਣੀ ਕਮੇਟੀ ਦੀ ਟੀਮ ਨੇ ਜਵਾਹਰ ਨਗਰ ਦੇ 48 ਘਰਾਂ ਦੀ ਨਿਸ਼ਾਨ ਦੇਹੀ ਕੀਤੀ ਜਿਨਾਂ ਦਾ ਵੱਡੀ ਮਾਤਰਾ ਵਿਚ ਨੁਕਸਾਨ ਹੋਇਆ ਹੈ। ਤੁਲਸੀ ਬਾਗ ਦੇ ਚਾਰ, ਸੁਥਰਾਸ਼ਾਹੀ ਦੇ 14, ਬਾਲ ਗਾਰਡਨ ਦੇ 10, ਅਲੂਚਾ ਬਾਗ ਦੇ 15,ਬਿਬਨਾ 1, ਗੁਗਜੀ ਬਾਗ 6, ਮਗਰਮਲ ਬਾਗ 3, ਮਹਿਜੂਰ ਨਗਰ 9 ਤੋਂ ਇਲਾਵਾ 9 ਗੁਰਦੁਆਰਾ ਸਾਹਿਬਨ ਦਾ ਵੀ ਮੌਕਾ ਵੇਖਿਆ ਗਿਆ ਹੈ ਤੇ ਰਹਿੰਦੇ ਇਲਾਕਿਆਂ ਦਾ ਸਿਰਵੇਖਣ ਜਾਰੀ ਹੈ। ਟੀਮ ਦੇ ਮੈਂਬਰਾਂ ਨੇ ਵੱਖ-ਵੱਖ ਘਰਾਂ ਦੇ ਮਾਲਕਾਂ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਦੇ ਹੋਏ ਨੁਕਸਾਨ ਦਾ ਵੇਰਵਾ ਇਕੱਤਰ ਕੀਤਾ। ਨੁਕਸਾਨੇ ਗਏ ਮਕਾਨਾਂ ਦੇ ਮਾਲਕਾਂ ਵੱਲੋਂ ਆਪੋ ਆਪਣੇ ਘਰਾਂ ਵਿਚ ਮੁਰੰਮਤ ਦਾ ਕੰਮ ਸ਼ੁਰੂ ਕਰ ਦਿਤਾ ਹੈ। ਜੋ ਢਠ ਗਏ ਹਨ ਉਨ੍ਹਾਂ ਦਾ ਮਲਬਾ ਸੰਭਾਲਣਾ ਤੇ ਵਰਤਣ ਯੋਗ ਸਮਾਨ ਦੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ।
ਉਨ੍ਹਾਂ ਦਸਿਆ ਕਿ ਅੱਜ ਵੀ ਲੋਕਾਂ ਵਿਚ ਭਾਰੀ ਰੋਸ ਹੈ ਕਿ ਸਰਕਾਰੀ ਪੱਧਰ ਤੇ ਸਾਡੀ ਕੋਈ ਸਾਰ ਲੈਣ ਵੀ ਨਹੀਂ ਪੁਜਾ।ਬਿਲਕੁਲ ਢੱਠ ਚੁਕੇ ਮਕਾਨ ਮਾਲਕਾਂ ਵਿਚ ਭਾਰੀ ਸਹਿਮ ਹੈ ਕਿ ਤੇਜੀ ਨਾਲ ਸਰਦੀ ਉਤਰ ਰਹੀ ਹੈ ਰਹਿਣ ਲਈ ਕੋਈ ਪ੍ਰਬੰਧ ਨਹੀਂ ਹਰੇਕ ਆਏ ਵਿਅਕਤੀ ਦੇ ਦੁਆਲੇ ਉਹ ਇਕ ਦਮ ਇਕੱਠੇ ਹੋ ਕੇ ਆਪਣਾ ਦੁਖ ਦਸਣ ਲਗ ਪੈਂਦੇ ਹਨ, ਦੁਖੜਾ ਸੁਣ ਕੇ ਬਾਹਰੋ ਆਇਆ ਵਿਅਕਤੀ ਦੂਜੇ ਘਰ ਜਾਣ ਲਈ ਸੋਚਣ ਲਗ ਪੈਂਦਾ ਹੈ।ਇਹ ਪੀੜਤ ਲੋਕ ਇਕੋ ਗਲ ਕਹਿੰਦੇ ਹਨ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਡੇ ਲਈ ਬਹੁਤ ਕੁਝ ਕੀਤਾ ਹੈ ਹੁਣ ਸਾਡੇ ਪੁਨਰ ਵਸੇਬੇ ਲਈ ਸਮੁਚਾ ਪੰਥ ਇਕੱਠਾ ਹੋ ਕੇ ਮਦਦ ਕਰੇ।ਜਵਾਹਰ ਨਗਰ ਦੇ ਇਕ ਵਿਅਕਤੀ ਨੇ ਗਲ ਕਰਦਿਆਂ ਕਿਹਾ ਕਿ ਇਸ ਅਬਾਦੀ ਵਿੱਚ 80 ਕਰੋੜ ਦਾ ਨੁਕਸਾਨ ਹੋਇਆ ਹੈ ਸਮੁਚੇ ਸਿੱਖ ਪੰਥ ਨੂੰ ਇਨ੍ਹਾਂ ਦੇ ਪੁਨਰਵਾਸ ਲਈ ਅੱਗੇ ਆਉਣਾ ਚਾਹੀਦਾ ਹੈ ਇਕ ਹੋਰ ਵਿਅਕਤੀ ਨੇ ਹੋਕਾ ਭਰਦਿਆਂ ਦਸਿਆ ਕਿ ਮੈ ਆਪਣੀ ਧੀ ਦਾ ਵਿਆਹ ਦਿਤਾ ਹੋਇਆ ਸੀ, ਪਰ ਉਸ ਦਾ ਦਹੇਜ ਤੇ ਹੋਰ ਸਮਾਨ ਪਾਣੀ ਦੀ ਭੇਟ ਚੜ੍ਹ ਗਿਆ ਹੈ। ਉਸ ਦੀ ਬੇਟੀ ਦੇ ਅੰਨਦ ਕਾਰਜ ਲਈ ਤੇ ਬਰਾਤੀਆਂ ਦੀ ਆਉਭਗਤ ਲਈ ਹੋਣ ਵਾਲੇ ਖਰਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸੋਂ ਮੰਗੇ ਹਨ।
ਸ੍ਰੀਨਗਰ ਵਿਚ ਅਰਬਾਂ ਰੁਪਏ ਦੀ ਸੰਪਤੀ ਦਾ ਨੁਕਸਾਨ ਹੋਇਆ, ਲੌਕਾਂ ਦੇ ਘਰਾਂ ਦੀਆਂ ਇਮਾਰਤਾਂ, ਘਰੇਲੂ ਸਮਾਨ , ਕਾਰਾਂ, ਟਰੱਕਾਂ, ਮੋਟਰ ਸਾਈਕਲਾਂ, ਫਰਿਜਾਂ ਤੋਂ ਇਲਾਵਾ ਦੁਕਾਨਾਂ ਸਟੋਰਾਂ ਵਿਚ ਪਿਆ ਸਮਾਨ ਵੀ ਇਸ ਹੜ੍ਹ ਨੇ ਹੜਪ ਲਿਆ ਤੇ ਲੱਖ-ਪਤੀਆਂ ਨੂੰ ਕੱਖ-ਪਤੀ ਬਣਾ ਦਿਤਾ ਹੈ।
ਉਨ੍ਹਾ ਦਸਿਆ ਕਿ ਪੂਰੇ ਇਕ ਮਹੀਨੇ ਤੋਂ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ਼ਹੀਦਬੁੰਗਾ ਬਗਾਤ ਬਰਜਲਾ ਬਡਗਾਮ ਵਿਖੇ ਰਾਹਤ ਕੈਂਪ ਸਥਾਪਿਤ ਕੀਤਾ ਹੋਇਆ ਹੈ ਜਿਥੋਂ ਸਮੂਚੇ ਸ੍ਰੀਨਗਰ ਦੇ ਇਲਾਕੇ ਨੂੰ ਰਾਹਤ ਸਮੱਗਰੀ ਤੇ ਮੁਫਤ ਦਵਾਈਆਂ ਮੁਹੱਈਆਂ ਕੀਤੀਆਂ ਜਾ ਰਹੀਆਂ ਹਨ।ਸ. ਬੇਦੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੀ ਦਿਲੀ ਇਛਾ ਹੈ ਕਿ ਸਰਦੀ ਉਤਰਣ ਤੋਂ ਪਹਿਲਾਂ-ਪਹਿਲਾਂ ਕਸ਼ਮੀਰ ਦੇ ਸਿੱਖਾਂ ਨੂੰ ਗਰਮ ਬਿਸਤਰੇ ਤੇ ਉਹਨਾਂ ਦੇ ਮਕਾਨਾ ਦੀ ਮੁਰੰਮਤ ਲਈ ਯਥਾ-ਸ਼ਕਤ ਸਹਾਇਤਾ ਕੀਤੀ ਜਾਵੇ।ਜਿਸ ਲਈ ਸ਼੍ਰੋਮਣੀ ਕਮੇਟੀ ਦੀ ਇਕ ਉਚ ਪੱਥਰੀ ਟੀਮ ਜਿਸ ਵਿਚ ਅਗਜੈਕਟਿਵ ਕਮੇਟੀ ਦੇ ਤਿੰਨ ਮੈਂਬਰ ਤੇ ਸ਼੍ਰੋਮਣੀ ਕਮੇਟੀ ਦੇ ਤਿੰਨ ਆਹਲਾ ਅਧਿਕਾਰੀ ਸ਼ਾਮਲ ਹਨ।ਸ. ਬੇਦੀ ਨੇ ਦਸਿਆ ਕਿ ਸੁਥਰਾਸ਼ਾਹੀ ਦਾ ਰਹਿਣ ਵਾਲਾ ਗੁਰਮੀਤ ਸਿੰਘ ਜਿਸ ਦੀ ਹੜ੍ਹ ਕਾਰਣ ਮੋਤ ਹੋ ਗਈ ਸੀ ਉਸ ਦੇ ਵਾਰਸਾ ਵੱਲੋਂ ਸ਼੍ਰੋਮਣੀ ਕਮੇਟੀ ਪਾਸ ਪਹੁੰਚ ਕੀਤੀ ਹੈ ਕਿ ਸਾਡਾ ਸਮਾਨ ਸ੍ਰੀਨਗਰ ਤੋਂ ਅੰਮ੍ਰਿਤਸਰ ਭੇਜਿਆ ਜਾਵੇ।ਉਸ ਦਾ ਸਮਾਣ ਇਕ ਵਿਸ਼ੇਸ਼ ਟਰੱਕ ਰਾਹੀਂ ਅੰਮ੍ਰਿਤਸਰ ਪਹੁੰਚਾਇਆ ਗਿਆ ਹੈ।ਉਨ੍ਹਾਂ ਹੋਰ ਦਸਿਆਂ ਕਿ ਸ਼੍ਰੋਮਣੀ ਕਮੇਟੀ ਦੇ ਕੈਂਪ ਵਿਚ ਕੋਈ ਹਿੰਦੂ ਜਾਂ ਮੁਸਲਮਾਨ ਜਾ ਕੋਈ ਹੋਰ ਵੀ ਰਾਹਤ ਦੀ ਮੰਗ ਕਰਦਾ ਹੈ ਤਾਂ ਉਸ ਦੀ ਪੂਰਤੀ ਕੀਤੀ ਜਾਂਦੀ ਹੈ ਉਨ੍ਹਾ ਦਸਿਆਂ ਕਿ ਸ੍ਰੀ ਕਾਠਲੇਸ਼ਵਰ ਮੰਦਰ, ਟੈਂਕੀ ਪੂਰਾ, ਹਬਾਕਦਲ ਨੂੰ ਵੀ ਮੰਗ ਅਨੁਸਾਰ ਰਾਹਤ ਸਮੱਗਰੀ, ਕੰਬਲ, ਸ਼ਾਲ, ਸਵੈਟਰ ਤੇ ਜੈਕਟਾਂ ਆਦਿ ਦਿਤੀਆਂ ਗਈਆਂ ਹਨ।