ਅੰਮ੍ਰਿਤਸਰ ਕੇਂਦਰੀ ਹਲਕੇ ਲਈ ਰਾਸ਼ਨ ਦੇ ਤਿੰਨ ਟਰੱਕ ਕੀਤੇ ਰਵਾਨਾ
ਅੰਮ੍ਰਿਤਸਰ, 23 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਕੋਰੋਨਾ ਵਾਇਰਸ ਤੋਂ ਪੰਜਾਬ ਵਾਸੀਆਂ ਨੂੰ ਬਚਾਈ ਰੱਖਣ ਲਈ ਲਗਾਏ ਗਏ ਕਰਫਿਊ ਦੌਰਾਨ ਪੰਜਾਬ ਸਰਕਾਰ ਵੱਲੋਂ ਲਗਾਤਾਰ ਲੋੜਵੰਦਾਂ ਤੱਕ ਰਾਸ਼ਨ ਅਤੇ ਫੂਡ ਪੈਕਟ ਭੇਜੇ ਜਾ ਰਹੇ ਹਨ ਅਤੇ ਖਾਸ ਤੌਰ ‘ਤੇ ਉਨਾਂ ਬਸਤੀਆਂ ਦਾ ਖਿਆਲ ਰੱਖਿਆ ਜਾ ਰਿਹਾ ਹੈ।ਜਿੰਨਾਂ ਵਿੱਚ ਜ਼ਿਆਦਾਤਰ ਦਿਹਾੜੀਦਾਰ ਮਜ਼ਦੂਰ ਜਾਂ ਪ੍ਰਵਾਸੀ ਮਜ਼ਦੂਰ ਰਹਿੰਦੇ ਹਨ।ਇਸ ਤੋਂ ਇਲਾਵਾ ਰਾਜ ਪੱਧਰ ਤੇ ਜਿਲਾ ਪੱਧਰ ‘ਤੇ ਚੱਲਦੇ ਕੰਟਰੋਲ ਰੂਮ ਵਿੱਚ ਆਉਂਦੇ ਟੈਲੀਫੋਨ ‘ਤੇ ਵੀ ਤਰੁੰਤ ਸੰਪਰਕ ਕਰਕੇ ਹਰ ਸੰਭਵ ਸਹਾਇਤਾ ਪੁੱਜਦੀ ਕੀਤੀ ਜਾ ਰਹੀ ਹੈ। ਉਕਤ ਸਬਦਾਂ ਦਾ ਪ੍ਰਗਟਾਵਾ ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਓ.ਪੀ ਸੋਨੀ ਨੇ ਆਪਣੀ ਰਿਹਾਇਸ਼ ਤੋਂ ਅੰਮ੍ਰਿਤਸਰ ਕੇਂਦਰੀ ਹਲਕੇ ਦੀਆਂ ਬਾਹਰਲੀਆਂ ਵਾਰਡਾਂ ਲਈ 1000 ਰਾਸ਼ਨ ਦੇ ਪੈਕ ਲੈ ਕੇ ਜਾ ਰਹੇ ਤਿੰਨ ਟਰੱਕਾਂ ਨੂੰ ਰਵਾਨਾ ਕਰਨ ਮੌਕੇ ਕੀਤਾ।ਉਨਾਂ ਦੱਸਿਆ ਕਿ ਇਸ ਕੰਮ ਲਈ ਲੋੜਵੰਦ ਪਰਿਵਾਰਾਂ ਅਤੇ ਵਿਅਕਤੀਆਂ ਦੀ ਸੂਚੀ ਪ੍ਰਸ਼ਾਸ਼ਨ ਵਲੋ ਪਹਿਲਾਂ ਤਿਆਰ ਕੀਤੀ ਜਾਂਦੀ ਹੈ ਅਤੇ ਉਸ ਅਨੁਸਾਰ ਲੋੜਵੰਦਾ ਤੱਕ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ।ਸੋਨੀ ਨੇ ਦੱਸਿਆ ਕਿ ਪ੍ਰਸ਼ਾਸਨ ਦੇ ਨਾਲ-ਨਾਲ ਧਾਰਮਿਕ, ਸਮਾਜ ਸੇਵੀ ਸੰਸਥਾਵਾਂ ਅਤੇ ਨਿੱਜੀ ਸੰਸਥਾਵਾਂ ਵੀ ਲੋੜਵੰਦਾਂ ਦੀ ਮਦਦ ਲਈ ਅੱਗੇ ਆ ਰਹੀਆਂ ਹਨ, ਜੋ ਕਿ ਇਕ ਚੰਗਾ ਉਦਮ ਹੈ।