ਖ਼ਾਲਸਾ ਕਾਲਜ ਚੈਰੀਟੇਬਲ ਸੋਸਾਇਟੀ ਵਲੋਂ ਭਲਾਈ ਕਾਰਜ਼ਾਂ ਦੀ ਕੀਤੀ ਸ਼ਲਾਘਾ
ਅੰਮ੍ਰਿਤਸਰ, 23 ਅਪ੍ਰੈਲ (ਪੰਜਾਬ ਪੋਸਟ – ਖੁਰਮਣੀਆਂ) – ‘ਖਾਲਸਾ ਕਾਲਜ ਗਲੋਬਲ ਅਲੂਮਨੀ ਐਸੋਸੀਏਸ਼ਨ’ (ਕੇ.ਸੀ.ਜੀ.ਏ.ਏ) ਨੇ ਅੱਜ ਇਥੋਂ ਜਾਰੀ ਆਪਣੇ ਬਿਆਨ ਰਾਹੀਂ ਵਿਸ਼ਵ ਪੱਧਰ ’ਤੇ ਫ਼ੈਲੀ ਕੋਰੋਨਾ ਵਾਇਰਸ (ਕੋਵਿਡ19) ਵਰਗੀ ਭਿਆਨਕ ਮਹਾਮਾਰੀ ਦੌਰਾਨ ਖ਼ਾਲਸਾ ਕਾਲਜ ਚੈਰੀਟੇਬਲ ਸੋਸਾਇਟੀ ਵਲੋਂ ਬੀਤੇ ਦਿਨੀਂ ‘ਪੀ.ਐਮ ਕੇਅਰ ਫੰਡ’ ਲਈ 10 ਲੱਖ ਦੀ ਰਾਸ਼ੀ ਰਾਹਤ ਵਜੋਂ ਪ੍ਰਦਾਨ ਕਰਨ ਦੀ ਸ਼ਲਾਘਾ ਕੀਤੀ ਹੈ।ਉਨ੍ਹਾਂ ਉਕਤ ਸੰਸਥਾ ਅਧੀਨ ਆਉਂਦੇ ਵਿੱਦਿਅਕ ਅਦਾਰਿਆਂ ਵਲੋਂ ਅਧਿਕਾਰੀਆਂ, ਕਰਮਚਾਰੀਆਂ ਅਤੇ ਕਿਸਾਨਾਂ ਲਈ ਸਟਾਫ਼ ਤੇ ਵਿਦਿਆਰਥੀਆਂ ਦੁਆਰਾ ਕੀਤੇ ਗਏ ਮਾਸਕ ਅਤੇ ਸੈਟੇਨਾਈਜ਼ਰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਅਤੇ ਡੀ.ਸੀ.ਪੀ ਜਗਮੋਹਨ ਸਿੰਘ ਨੂੰ ਸੌਂਪਣ ਦੀ ਵੀ ਪ੍ਰਸੰਸਾ ਕੀਤੀ ਹੈ।
ਅੰਤਰਰਰਾਸ਼ਟਰੀ ਪੱਧਰ ’ਤੇ ਆਰਟ ਅਤੇ ਕਲਚਰ ਨੂੰ ਪ੍ਰੋਤਸ਼ਾਹਿਤ ਕਰਨ ਵਾਲੇ ਕੇ.ਸੀ.ਜੀ.ਏ.ਏ ਦੇ ਕਨਵੀਨਰ ਡਾ. ਦਵਿੰਦਰ ਸਿੰਘ ਛੀਨਾ ਨੇ ਕਿਹਾ ਕਿ ਦੇਸ਼ ’ਚ ਇਸ ਮੌਕੇ ਜੋ ਸੰਕਟ ਦੀ ਘੜੀ ਆਈ ਹੈ, ਉਸ ਲਈ ਗਲੋਬਲ ਐਲੂਮਨੀ ਬਾਡੀ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਤੱਤਪਰ ਹੈ।ਉਨ੍ਹਾਂ ਕੋਵਿਡ ਖਿਲਾਫ਼ ਲੜਾਈ ’ਚ ਆਪਣਾ ਯੋਗਦਾਨ ਪਾਉਣ ਦੀ ਗੱਲ ਕਰਦਿਆਂ ਕਿਹਾ ਕਿ ਅਮਰੀਕਾ ਤੋਂ ਗਲੋਬਲ ਚੈਪਟਰਾਂ ਦੇ ਮੁੱਖੀ ਡਾ. ਬਖਸ਼ੀਸ਼ ਸਿੰਘ ਸੰਧੂ, ਕੈਨੇਡਾ ਤੋਂ ਪੈਟਰੋਲੀਅਮ ਇੰਜੀਨੀਅਰ ਕੁਲਦੀਪ ਸਿੰਘ ਸੰਧੂ, ਆਈ.ਪੀ.ਐਸ ਮੁਖਵਿੰਦਰ ਸਿੰਘ ਛੀਨਾ, ਓਲੰਪੀਅਨ ਅਤੇ ਆਈ.ਪੀ.ਐਸ ਕਰਤਾਰ ਸਿੰਘ ਪਹਿਲਵਾਨ ਅਤੇ ਪੀ.ਏ.ਯੂ ਦੇ ਵੀ.ਸੀ ਡਾ. ਬਲਦੇਵ ਸਿੰਘ ਵਰਗੀਆਂ ਆਦਿ ਨਾਮਵਰ ਸਖ਼ਸ਼ੀਅਤਾਂ ਨੇ ਕੇ.ਸੀ.ਜੀ.ਏ.ਏ ਦੇ ਸਰਪ੍ਰਸਤ ਅਤੇ ਖ਼ਾਲਸਾ ਕਾਲਜ ਚੈਰੀਟੇਬਲ ਸੋਸਾਇਟੀ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਅਤੇ ਸਰਪ੍ਰਸਤ ਤੇ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਦੀ ਉਕਤ ਸਹਾਇਤਾ ਲਈ ਸਲਾਹੁਣਾ ਕੀਤੀ ਹੈ।
ਉਨ੍ਹਾਂ ਕਿਹਾ ਕਿ ਅੰਤਰ ਰਾਸ਼ਟਰੀ ਪੱਧਰ ਦੀ ਸੰਸਥਾ 128 ਸਾਲ ਪੁਰਾਣੇ ਇਸ ਵਿੱਦਿਅਕ ਅਦਾਰੇ ਦੀ ਤਰੱਕੀ ਅਤੇ ਵਿਕਾਸ ਲਈ ਇਕਜੁਟ ਹੋ ਕੇ ਕਾਰਜ ਕਰ ਰਹੇ ਹਨ ਅਤੇ ਦੇਸ਼ ’ਤੇ ਆਈ ਇਸ ਸੰਕਟ ਦੀ ਸਥਿਤੀ ’ਚ ਹਰ ਸਮੇਂ ਸੋਸਾਇਟੀ ਦੇ ਨਾਲ ਹੈ।
ਇਸ ਮੌਕੇ ਡਾ. ਦਵਿੰਦਰ ਸਿੰਘ ਛੀਨਾ ਨੇ ਕਿਹਾ ਕਿ ਐਲਮੂਨੀ ਬਾਡੀ ਉਕਤ ਸਿਰਮੌਰ ਅਦਾਰੇ ਦੇ ਚਹੁਪੱਖੀ ਵਿਕਾਸ, ਜਿਸ ’ਚ ਵਿਦਿਅਕ, ਖੇਡਾਂ, ਸਭਿਆਚਾਰਕ ਅਤੇ ਪਾਠਕ੍ਰਮ ਦੀਆਂ ਹੋਰ ਗਤੀਵਿਧੀਆਂ ਪ੍ਰਮੁੱਖ ਹਨ, ’ਚ ਹੋਰ ਸੁਧਾਰ ਲਿਆਉਣ ਲਈ ਆਪਣਾ ਵਡਮੁੱਲਾ ਯੋਗਦਾਨ ਪਾਉਣ ਲਈ ਯਤਨਸ਼ੀਲ ਹੈ, ਉਥੇ ਦੇਸ਼ ’ਚ ਕਿਸੇ ਵੀ ਅਜਿਹੀਆਂ ਕੋਵਿਡ-19 ਵਰਗੀਆਂ ਆਫ਼ਤਾਂ ਵੇਲੇ ਲੋਕ ਭਲਾਈ ਦੇ ਕਾਰਜਾਂ ’ਚ ਯੋਗਦਾਨ ਪਾਉਣ ਲਈ ਵਚਨਬੱਧ ਹੈ।
ਇਸ ਮੌਕੇ ਡਾ. ਛੀਨਾ ਨੇ ਐਲੂਮਨੀ ਬਾਡੀ ਜਿਨ੍ਹਾਂ ਸਹਿ ਕਨਵੀਨਰ, ਡੀ.ਐਸ ਰਟੌਲ, ਕੈਨੇਡਾ ਦੇ ਸੰਸਦ ਮੈਂਬਰ ਸੁਖ ਧਾਲੀਵਾਲ ਜੋ ਕਿ ਕੈਨੇਡਾ ਚੈਪਟਰ, ਕੈਲੀਫੋਰਨੀਆ ਚੈਪਟਰ ਤੋਂ ਦਲਜੀਤ ਸਿੰਘ ਸੰਧੂ, ਪ੍ਰਭ ਗਿੱਲ ਸਾਬਕਾ ਵਿਧਾਇਕ ਕੈਨੇਡਾ ਅਲਬਰਟਾ ਚੈਪਟਰ ਦੀ, ਭੁਪਿੰਦਰ ਸਿੰਘ ਹਾਲੈਂਡ ਯੂਰਪੀਅਨ ਚੈਪਟਰ ਦੀ, ਇੰਦਰ ਸਿੰਘ ਜੰਮੂ ਯੂ.ਕੇ ਚੈਪਟਰ, ਮਹਿਤਾਬ ਸਿੰਘ ਕਾਹਲੋਂ ਵਾਸ਼ਿੰਗਟਨ ਚੈਪਟਰ, ਗੁਰਵਰਿੰਦਰ ਕੌਰ ਸੰਧੂ ਪੈਨਸਿਲਵੇਨੀਆ ਚੈਪਟਰ ਦੀ, ਪ੍ਰੋ: ਸ਼ਮੀਰ ਸਿੰਘ ਬ੍ਰਿਟਿਸ਼ ਕੋਲੰਬੀਆ ਚੈਪਟਰ (ਕੈਨੇਡਾ) ਦੀ, ਗੁਲਵੀਰ ਸਿੰਘ ਸੈਣੀ ਪਰਥ ਚੈਪਟਰ, ਜੇ.ਐਸ ਚੀਮਾ ਕੈਲਗਰੀ ਚੈਪਟਰ ਦੀ, ਗੁਰਚਰਨ ਸਿੰਘ ਢਿਲੋਂ ਸੀਏਟਲ ਚੈਪਟਰ ਅਤੇ ਹਹਪ੍ਰੀਤ ਸਿੰਘ ਭੱਟੀ ਮੀਡੀਆ ਕੋਆਰਡੀਨੇਟਰ ਵਜੋਂ ਭੂਮਿਕਾ ਨਿਭਾਅ ਰਹੇ ਹਨ ਤੋਂ ਇਲਾਵਾ ਕੇ.ਸੀ.ਜੀ.ਏ.ਏ ਦੀ ਕਾਰਜਕਾਰੀ ਸੰਸਥਾ ’ਚ ਪੀ.ਸੀ ਐਸ ਅਧਿਕਾਰੀ ਏ.ਐਸ ਭੁੱਲਰ, ਸਾਬਕਾ ਐਸ.ਐਸ.ਪੀ ਗੁਰਦੀਪ ਸਿੰਘ, ਆਈ.ਪੀ.ਐਸ ਜਸਦੀਪ ਸਿੰਘ ਸੈਣੀ, ਡਿਪਟੀ ਡਾਇਰੈਕਟਰ ਸਰਬਜਿੰਦਰ ਸਿੰਘ ਰੰਧਾਵਾ, ਸਵਰਨ ਸਿੰਘ ਮੁਹਾਲੀ, ਗੁਰਚਰਨ ਸਿੰਘ ਬੋਪਾਰਾਏ, ਗੁਰਪ੍ਰੀਤ ਸਿੰਘ ਰਿਆੜ, ਗੁਰਿੰਦਰ ਸਿੰਘ ਮਹਿਰੋਕ, ਕੁਲਬੀਰ ਸਿੰਘ ਬਰਾੜ, ਤੇਜਿੰਦਰ ਸਿੰਘ ਖਾਲਸਾ, ਨਵਦੀਪ ਸਿੰਘ ਭਾਰਤੀ ਡੀਨ, ਹਰਬਖਸ਼ ਸਿੰਘ ਭੱਟੀ ਅਤੇ ਸਿਮਰਪਾਲ ਸਿੰਘ ਸ਼ਾਮਿਲ ਹਨ, ਵਲੋਂ ਆਨਰੇਰੀ ਸਕੱਤਰ ਛੀਨਾ ਨੂੰ ਵਿਸ਼ਵ ਵਿਆਪੀ ਇਸ ਬਿਪਤਾ ’ਤੇ ਮੈਨੇਜ਼ਮੈਂਟ ਅਤੇ ਦੇਸ਼ ਲਈ ਹਰੇਕ ਪ੍ਰਕਾਰ ਦੀ ਸੰਭਵ ਸਹਾਇਤਾ ਪ੍ਰਦਾਨ ਕਰਨ ਦਾ ਭਰੋਸਾ ਦਿਵਾਇਆ।
ਇਸ ਮੌਕੇ ਰਜਿੰਦਰ ਮੋਹਨ ਸਿੰਘ ਛੀਨਾ ਨੇ ਉਕਤ ਬਾਡੀ ਵੱਲੋਂ ਦਿੱਤੇ ਗਏ ਭਰੋਸੇ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਮੈਨੇਜਮੈਂਟ ਇਸ ਗੱਲ ’ਤੇ ਬਹੁਤ ਫ਼ਖ਼ਰ ਮਹਿਸੂਸ ਕਰ ਰਿਹਾ ਹੈ ਕਿ ਉਨ੍ਹਾਂ ਦੇ ਇਸ ਵਿੱਦਿਅਕ ਅਦਾਰੇ ਤੋਂ ਸਿੱਖਿਆ ਗ੍ਰਹਿਣ ਕਰਕੇ ਗਏ ਵਿਦਿਆਰਥੀ ਅੱਜ ਵੀ ਆਪਣੇ ਇਸ ਅਦਾਰੇ ਨਾਲ ਜੁੜ ਕੇ ਸੰਸਥਾ ਅਤੇ ਲੋਕ ਭਲਾਈ ਦੇ ਕਾਰਜ਼ਾਂ ਲਈ ਕਾਰਜਸ਼ੀਲ ਹਨ ਅਤੇ ਦੇਸ਼ ਵਿਦੇਸ਼ ’ਚ ਕਾਲਜ ਦੀ ਅਮੀਰ ਸੱਭਿਆਚਾਰਕ ਤੇ ਵਿਰਾਸਤ ਦੇ ਵਿਕਾਸ ਤਰੱਕੀ ਲਈ ਕੰਮ ਕਰ ਰਹੇ ਹਨ।