ਜਿਲ੍ਹੇ ‘ਚ ਕੋਵਿਡ ਦੇ ਮਰੀਜ਼ਾਂ ਦੀ ਗਿਣਤੀ 218 ਹੋਈ
ਅੰਮ੍ਰਿਤਸਰ, 3 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਕਰਫਿਊ ਵਿੱਚ ਢਿੱਲ ਦੇਣ ਸਬੰਧੀ ਜਿਲੇ ਦੀ ਸਥਿਤੀ ਸਪੱਸ਼ਟ ਕਰਦੇ ਦੱਸਿਆ ਹੈ ਕਿ ਜਿਲੇ ਵਿੱਚ ਕੋਵਿਡ 19 ਦੇ ਕੇਸਾਂ ਦੀ ਗਿਣਤੀ ਵੱਧ ਜਾਣ ਕਾਰਨ ਕਰਫਿਊ ਵਿਚ ਢਿੱਲ ਨਹੀਂ ਦਿੱਤੀ ਜਾ ਸਕਦੀ।ਫਿਲਹਾਲ ਜ਼ਿਲਾ ਵਾਸੀਆਂ ਨੂੰ ਆਪਣੇ-ਆਪ ਉਤੇ ਹੋਰ ਜ਼ਾਬਤੇ ਦੀ ਲੋੜ ਹੈ ਅਤੇ ਕੋਈ ਵੀ ਸ਼ਹਿਰ ਵਾਸੀ ਬਿਨਾਂ ਲੋੜ ਤੋਂ ਘਰੋਂ ਨਾ ਨਿਕਲੇ।ਉਨਾਂ ਦੱਸਿਆ ਕਿ ਅੰਮ੍ਰਿਤਸਰ ਵਿੱਚ ਕੋਵਿਡ ਦੇ ਮਰੀਜ਼ਾਂ ਦੀ ਗਿਣਤੀ 218 ਹੋ ਗਈ ਹੈ, ਜੋ ਕਿ ਰਾਜ ਵਿਚ ਸਭ ਤੋਂ ਵੱਧ ਹੈ।ਹੁਣ ਤੱਕ 8 ਮਰੀਜ਼ ਠੀਕ ਹੋ ਕੇ ਹਸਪਤਾਲਾਂ ਤੋਂ ਜਾ ਚੁੱਕੇ ਹਨ ਅਤੇ 2 ਮੌਤਾਂ ਹੋਈਆਂ ਹਨ।208 ਮਰੀਜ਼ ਹਸਪਤਾਲ ਵਿਚ ਇਲਾਜ ਅਧੀਨ ਹਨ।ਇਸ ਤੋਂ ਇਲਾਵਾ ਵੱਖ-ਵੱਖ ਥਾਵਾਂ ਉਤੇ ਇਕਾਂਤਵਾਸ ਕੀਤੇ ਲੋਕਾਂ ਦੀ ਗਿਣਤੀ ਇਸ ਤੋਂ ਕਿਤੇ ਵੱਧ ਹੈ।
ਡਿਪਟੀ ਕਮਿਸ਼ਨਰ ਨੇ ਜਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਤੁਹਾਡੇ ਵਲੋਂ ਕੋਵਿਡ 19 ਦੇ ਟਾਕਰੇ ਲਈ ਬਹੁਤ ਸਹਿਯੋਗ ਮਿਲ ਰਿਹਾ ਹੈ, ਪਰ ਇਸ ਵਿਚ ਹੋਰ ਸੁਧਾਰ ਦੀ ਲੋੜ ਹੈ।ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਮਾਨਸਿਕ ਤੌਰ ਉਤੇ ਮਜ਼ਬੂਤ ਰਹੋ, ਪਰ ਚੇਤੰਨ ਰਹਿਣ ਦੀ ਲੋੜ ਹੈ।ਤੁਹਾਡੀ ਸਿਆਣਪ, ਚੁਸਤੀ ਤੇ ਸਵਾਧਾਨੀ ਹੀ ਇਸ ਸੰਕਟ ਵਿਚੋਂ ਜਿਲੇ ਨੂੰ ਕੱਢ ਸਕਦੀ ਹੈ, ਤਾਕਤ ਨਹੀਂ।ਉਨਾਂ ਜਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੀ ਅਤੇ ਆਪਣੇ ਪਿਆਰਿਆਂ ਦੀ ਸੁਰੱਖਿਆ ਲਈ ਬਿਨਾਂ ਲੋੜ ਤੋਂ ਘਰੋਂ ਨਾ ਨਿਕਲੋ, ਕਿਸੇ ਦੂਸਰੇ ਵਿਅਕਤੀ ਤੋਂ 2 ਮੀਟਰ ਦੀ ਦੂਰੀ ਕਾਇਮ ਰੱਖੋ, ਮੂੰਹ ‘ਤੇ ਮਾਸਕ ਲਗਾ ਕੇ ਘਰੋਂ ਨਿਕਲੋ, ਹਰੇਕ ਚੀਜ਼ ਨੂੰ ਛੂਹਣ ਮਗਰੋਂ ਹੱਥ ਚੰਗੀ ਤਰਾਂ ਧੋਵੋ।ਇਹ ਆਦਤਾਂ ਪਾਉ ਤਾਂ ਜੋ ਅਸੀਂ ਕੋਰੋਨਾ ਸੰਕਟ ਵਿਚੋਂ ਅਸਾਨੀ ਨਾਲ ਨਿਕਲ ਸਕੀਏ।