ਅੰਮ੍ਰਿਤਸਰ, 3 ਮਈ (ਪੰਜਾਬ ਪੋਸਟ – ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਅਕ ਮਾਮਲੇ ਡੀਨ ਡਾ. ਸਰਬਜੋਤ ਸਿੰਘ ਬਹਿਲ ਨੇ ਕਿਹਾ ਹੈ ਕਿ
ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿੱਚ ਲੈ ਚੁੱਕੇ ਕੋਰੋਨਾ ਵਾਇਰਸ ਕੋਵਿਡ-19 ਨੂੰ ਵਿਸ਼ਵ ਸਿਹਤ ਸਗੰਠਨ ਵਲੋਂ ਜਾਰੀ ਹਦਾਇਤਾਂ ਨੂੰ ਅਮਲੀ ਜੀਵਨ ਦਾ ਹਿੱਸਾ ਬਣਾ ਕੇ ਫੈਲਣ ਤੋਂ ਰੋਕਿਆ ਜਾ ਸਕਦਾ ਹੈ।ਕਿਸੇ ਵੀ ਪੜਾਅ ਤੇ ਹੋਈ ਕੋਤਾਹੀ ਮਨੁੱਖੀ ਹੋਂਦ ਲਈ ਖਤਰਾ ਬਣ ਸਕਦੀ ਹੈ।ਉਹ ਅੱਜ ਇਤਿਹਾਸ ਵਿਭਾਗ ਵਲੋਂ ਕਰਵਾਏ ਅੰਤਰਰਾਸ਼ਟਰੀ ਪੱਧਰ ਦੇ ਵੈਬੀਨਾਰ ਦੀ ਸਮਾਪਤੀ ਸਮੇਂ ਸਬੰਧਨ ਕਰ ਰਹੇ ਸਨ । ਜਿਸ ਵਿੱਚ ਦੇਸ਼ ਤੋਂ ਇਲਾਵਾ ਵਿਦੇਸ਼ਾਂ ਤੋਂ ਵੀ ਵਿਦਵਾਨ ਡੈਲੀਗੇਟਾ ਨੇ ਹਿੱਸਾ ਲਿਆ ਅਤੇ ਵਾਇਰਸ ਦੇ ਵੱਖ -ਵਖ ਪੱਖਾਂ ਤੋਂ ਆਪਣੇ ਵਿਚਾਰ ਸਾਂਝੇ ਕੀਤੇ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਦੀ ਸੁਚੱਜੀ ਅਗਵਾਈ ਹੇਠ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਵਲੋਂ ਸਫਲਤਾ ਪੂਰਵਕ ਸਿਰੇ ਚੜਾਇਆ ਗਿਆ।ਇਹ ਵੈਬੀਨਾਰ ਕੋਰੋਨਾ ਵਾਇਰਸ ਨੂੰ ਸਮਾਜਿਕ ਅਤੇ ਇਤਿਹਾਸਕ ਪ੍ਰੀਪੇਖ ਵਿੱਚ ਨਵੇਂ ਦਿਰਸ਼ਟੀਕੋਣ ਦੇਣ ਦੇ ਗਿਆ।ਡਾ. ਬਹਿਲ ਨੇ ਜਿਥੇ ਲੋਕਾਂ ਵਿੱਚ ਸਫਾਈ ਅਤੇ ਸਿਹਤ ਨੂੰ ਲੈ ਕੇ ਜਾਗਰੂਕਤਾ ਲਿਆਉਣ ਦੀ ਗੱਲ ‘ਤੇ ਜ਼ੋਰ ਦਿੱਤਾ ਉਥੇ ਵਿਦਵਾਨਾਂ ਵੱਲੋਂ ਗਲੋਬਲ ਪੱਧਰ ‘ਤੇ ਗੰਭੀਰਤਾ ਨਾਲ ਲੈਣ ਦੀ ਗੱਲ ਕਹੀ।ਇਸ ਵੈਬੀਨਰ ਵਿਚ ਭਾਰਤ ਅਤੇ ਭਾਰਤ ਤੋਂ ਬਾਹਰ ਦੇ ਡੈਲੀਗੇਟਾਂ ਨੇ ਭਾਗ ਲਿਆ।ਡਾ. ਹਰਨੀਤ ਕੌਰ ਅਤੇ ਡਾ. ਸੈਫਾਲੀ ਚੌਹਾਨ ਨੇ ਇਸ ਵੈਬੀਨਰ ਦੇ ਕੋ-ਆਰਡੀਨੇਟਰ ਦੀ ਭੂਮਿਕਾ ਨਿਭਾਈ। ਜਦੋਂ `ਮਹਾਂਮਾਰੀ ਦਾ ਸਮਾਜਿਕ ਅਤੇ ਇਤਿਹਾਸਕ ਸਰਵੇਖਣ’ ਵਿਸ਼ੇ ਤੇ ਵੈਬੀਨਾਰ ਦੀ ਸ਼ੁਰੂਅਤ ਕਰਦਿਆਂ ਇਤਿਹਾਸ ਵਿਭਾਗ ਦੀ ਮੁਖੀ ਅਤੇ ਵੈਬੀਨਾਰ ਦੇ ਡਾਇਰੈਕਟਰ ਪੋ. ਅਮਨਦੀਪ ਬਲ ਨੇ ਜਾਣ ਪਛਾਣ ਕਰਾਉਂਦਿਆ ਹੋਇਆ ਮਹਾਮਾਰੀਆਂ ‘ਤੇ ਖਾਸ ਕਰਕੇ ਕੋਵਿਡ 19 ਦੇ ਸੰਸਾਰ ਪੱਧਰ ‘ਤੇ ਸਮਾਜਿਕ ਅਤੇ ਆਰਥਿਕ ਤੇ ਪੈਣ ਵਾਲੇ ਪ੍ਰਭਾਵਾਂ ਨੂੰ ਸਾਹਮਣੇ ਲਿਆਂਦਾ ਅਤੇ ਇਸ ਨੂੰ ਨਜਿੱਠਣ ਲਈ ਲੋੜੀਂਦੇ ਕਦਮ ਪੁੱਟਣ ਨੂੰ ਜਰੂਰੀ ਦੱਸਿਆ ।
ਪੋ. ਸੁਖਦੇਵ ਸਿੰਘ ਸੋਹਲ ਨੇ ਆਪਣੇ ਕੁੰਜੀਵਤ ਭਾਸ਼ਣ ਵਿਚ ਇਤਿਹਾਸ ਵਿੱਚ ਮਹਾਂਮਾਰੀ ਫੈਲਣ ਦੀਆਂ ਪ੍ਰਸਥਿਤੀਆਂ ਅਤੇ ਉਸ ਦੇ ਮਾਰੂ ਪ੍ਰਭਾਵਾਂ ਦਾ ਜਿਕਰ ਕੀਤਾ।ਉਹਨਾਂ ਨੇ ਮਹਾਂਮਾਰੀ ਫੈਲਣ ਦੀਆਂ ਸਮਾਜਿਕ ਅਤੇ ਚਕਿਤਸਕ ਧਾਰਨਾਵਾਂ ਦੇ ਇਤਿਹਾਸਕ ਤਜਰਬੇ ਤੇ ਚਾਨਣਾ ਪਾਇਆ।ਮਹਾਂਮਾਰੀ ਨਾਲ ਜੁੜੇ ਵਹਿਮਾਂ ਭਰਮਾਂ ਕਾਰਨ ਸਮਾਜਿਕ ਰਿਸ਼ਤਿਆਂ ਤੇ ਪਏ ਦੁਰਪ੍ਰਭਾਵਾਂ ਦਾ ਜਿਕਰ ਕੀਤਾ।ਉਨ੍ਹਾਂ ਚਕਿਤਸਾ ਪ੍ਰਣਾਲੀ ਦੇ ਵਿਕਾਸ ਨਾਲ ਜੋੜ ਕੇ ਦੱਸਿਆ ਕਿ ਕਿਵੇਂ ਚਕਿਤਸਾ ਖੇਤਰ ਵਿਚ ਤਬਦੀਲੀਆਂ ਲਿਆਂਦੀਆਂ ਗਈਆਂ ਅਤੇ ਚਕਿਤਸਾ ਦੇ ਕਾਰੋਬਾਰ ਨੂੰ ਪ੍ਰਫੁੱਲਿਤ ਕੀਤਾ।ਉਹਨਾਂ ਨੇ ਰਸਾਇਣਕ ਅਤੇ ਜੀਵ ਵਿਗਿਆਨ ਨੂੰ ਜੋੜ ਕੇ ਸਮਾਜਿਕ ਵਿਗਿਆਨ ਦਾ ਘੇਰਾ ਵਧਾਉਣ ਦੀ ਲੋੜ ਤੇ ਜੋਰ ਦਿੱਤਾ।
ਡਾ. ਰੂਬੀ ਬਾਲਾ ਨੇ 1896 ਤੋਂ ਲੈ 1918 ਤਕ ਭਾਰਤ ਵਿਚ ਪਲੇਗ ਨਾਲ ਹੋਏ ਵਿਨਾਸ਼ ਦਾ ਜਿਕਰ ਕੀਤਾ।ਇਸ ਸਮੇਂ ਦੌਰਾਨ ਭਾਰਤ ਵਿੱਚ ਫਲੂ ਦੀ ਮਹਾਂਮਾਰੀ ਨਾਲ ਲੱਖਾਂ ਲੋਕਾਂ ਦੀ ਮੌਤ ਹੋਈ।ਉਸ ਸਮੇਂ ਦੇ ਵੈਕਸੀਨ ਕੈਂਪਾਂ, ਕੁਆਇਰਨਟਾਇਨ ਨੋਟਿਸਾਂ, ਮੈਡੀਕਲ ਸਟਾਫ ਦੀਆਂ ਵਰਦੀਆਂ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਨੁੰ ਸਿਲਾਇਡਾਂ ਰਾਹੀ ਮੂਲ ਸੋਮਿਆਂ ਨੂੰ ਆਧਾਰ ਬਣਾ ਕੇ ਪੇਸ਼ ਕੀਤਾ।ਡਾ. ਰਾਜ ਕੁਮਾਰ ਨੇ ਪਹਿਲੇ ਸੰਸਾਰ ਯੁੱਧ ਦੌਰਾਨ ਭਾਰਤ ‘ਚ ਵੱਖ-ਵੱਖ ਦੇਸ਼ਾਂ ਵਿੱਚ ਗਏ ਸੈਨਿਕਾਂ ਨੂੰ ਲਾਗ ਨਾਲ ਹੋਈ ਬਿਮਾਰੀ ਦੀ ਦੁਰਦਸ਼ਾ ਨੂੰ ਬਿਆਨ ਕੀਤਾ।ਸੰਸਾਰ ਯੁੱਧ ਦੇ ਦੌਰਾਨ ਸੈਨਿਕਾਂ ਦੁਆਰਾ ਆਪਣੇ ਘਰਦਿਆਂ ਕੋਲ ਬਿਆਨੇ ਦੁਖਾਂਤ ਨੂੰ ਸਿਲਾਇਡਾਂ ਰਾਹੀ ਪੇਸ਼ ਕੀਤਾ।
ਪ੍ਰੋ. ਜਗਰੂਪ ਸਿੰਘ ਸੇਖੋਂ, ਰਾਜਨੀਤੀ ਵਿਭਾਗ ਨੇ ਆਪਣੇ ਲੈਕਚਰ ਵਿਚ ਪ੍ਰਵਾਸੀ ਮਜ਼ਦੂਰਾਂ ਨੂੰ ਚਕਿਤਸਾ ਦੀਆਂ ਕਮੀਆਂ ਦੇ ਕਾਰਨ, ਉਹਨਾਂ ਦੀ ਹੋਈ ਦੁਰਦਸ਼ਾ ਨੂੰ ਪੇਸ਼ ਕੀਤਾ।ਕੋਵਿਡ -19 ਦੀ ਲਾਗ ਦੀ ਰੋਕਥਾਮ ਲਈ ਲਾਕ ਡਾਊਨ ਦੀ ਮਹੱਤਤਾ ਨੂੰ ਬਿਆਨ ਕੀਤਾ।