ਆਪਣੀਆਂ ਮੰਗਾਂ ਸਬੰਧੀ ਕੈਬਨਿਟ ਮੰਤਰੀ ਤੇ ਜਿਲਾ ਪ੍ਰਸ਼ਾਸ਼ਨ ਨੂੰ ਮਿਲੇ ਕਾਰੋਬਾਰੀ
ਅੰਮ੍ਰਿਤਸਰ, 11 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਪਿਆਰੇ ਲਾਲ ਸੇਠ ਦੀ ਅਗਵਾਈ ਹੇਠ ਸ਼ਹਿਰ ਦੇ ਹੋਲਸੇਲ ਤੇ
ਹੋਰ ਕਾਰੋਬਾਰੀਆਂ ਤੇ ਵਪਾਰੀਆਂ ਨੇ ਅੱਜ ਆਪਣੀਆਂ ਮੰਗਾਂ ਦੇ ਸਬੰਧ ਵਿਚ ਕੈਬਨਿਟ ਮੰਤਰੀ ਓ.ਪੀ ਸੋਨੀ, ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਅਤੇ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨਾਲ ਮੁਲਕਾਤ ਕੀਤੀ।
ਵਫਦ ਵਿੱਚ ਸ਼ਾਮਲ ਸਮੀਰ ਜੈਨ, ਸਮੀਰ ਜੈਨ, ਅਸ਼ੋਕ ਕੰਧਾਰੀ, ਮੋਤੀ ਭਾਟੀਆ, ਰਾਕੇਸ਼ ਠੁਕਰਾਲ ਨੇ ਵਪਾਰੀਆਂ ਦੀਆਂ ਮੁਸ਼ਕਿਲਾਂ ਵੱਲ ਧਿਆਨ ਦਿਵਾਉਂਦੇ ਹੋਏ ਸਨਅਤਾਂ ਅਤੇ ਹੋਲਸੇਲ ਦੁਕਾਨਾਂ ਖੋਲਣ ਦੀ ਲੋੜ ‘ਤੇ ਜ਼ੋਰ ਦਿੱਤਾ।ਉਨਾਂ ਕਿਹਾ ਕਿ ਬਹੁਤੇ ਕਾਰੋਬਾਰ ਸੀਜ਼ਨ ਨਾਲ ਜੁੜੇ ਹੁੰਦੇ ਹਨ ਅਤੇ ਸਮੇਂ ਸਿਰ ਕਾਰੋਬਾਰ ਦੀ ਖੁੱਲ ਨਾ ਮਿਲਣ ਕਾਰਨ ਸੀਜ਼ਨ ਲੰਘ ਜਾਣ ਦਾ ਖ਼ਤਰਾ ਵੀ ਬਣਿਆ ਹੋਇਆ ਹੈ, ਇਸ ਲਈ ਸਰਕਾਰ ਕੰਮ-ਕਾਰ ਵਿਚ ਛੋਟ ਦੇਣ ਦੀ ਵਿਚਾਰ ਜਲਦੀ ਕਰੇ।
ਕੈਬਨਿਟ ਮੰਤਰੀ ਸੋਨੀ ਨੇ ਵਫਦ ਨੂੰ ਭਰੋਸਾ ਦਿੰਦੇ ਕਿਹਾ ਕਿ ਸਰਕਾਰ ਸਨਅਤਕਾਰਾਂ ਅਤੇ ਵਪਾਰੀਆਂ ਦੀਆਂ ਲੋੜਾਂ ਨੂੰ ਸਮਝਦੀ ਹੈ, ਪਰ ਮੌਜੂਦਾ ਕੋਵਿਡ 19 ਤੋਂ ਮਨੁੱਖੀ ਜਾਨ ਨੂੰ ਬਣੇ ਖ਼ਤਰੇ ਕਾਰਨ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਬਹੁਤ ਬਾਰੀਕੀ ਨਾਲ ਵਿਚਾਰ ਕਰਨਾ ਜ਼ਰੂਰੀ ਹੈ।ਉਨਾਂ ਕਿਹਾ ਕਿ ਫਿਲਹਾਲ ਅੰਮ੍ਰਿਤਸਰ ਰੈਡ ਜੋਨ ਵਿੱਚ ਹੈ ਅਤੇ ਇਸ ਕਾਰਨ ਸਾਰਿਆਂ ਨੂੰ ਕੰਮਕਾਰ ਦੀ ਖੁੱਲ ਨਹੀਂ ਦਿੱਤੀ ਜਾ ਸਕਦੀ।ਉਨਾਂ ਭਰੋਸਾ ਦਿੱਤਾ ਕਿ ਉਹ ਉਨਾਂ ਦੀਆਂ ਸਮੱਸਿਆਵਾਂ ‘ਤੇ ਵਿਚਾਰ ਕਰਨਗੇ, ਤਾਂ ਜੋ ਸੰਭਵ ਹੱਲ ਨਿਕਲ ਸਕੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂੰ ਅਗਰਵਾਲ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।