Saturday, August 2, 2025
Breaking News

ਜਿਲ੍ਹੇ ’ਚ 21 ਕੋਰੋਨਾ ਮਰੀਜ਼ ਸਿਹਤਯਾਬ ਹੋਣ ਉਪਰੰਤ ਘਰਾਂ ਨੂੰ ਪਰਤੇ

ਡਰੋਨ ਰਾਹੀਂ ਫੁੱਲਾਂ ਦੀ ਵਰਖਾ ਕਰਕੇ ਦਿੱਤੀ ਗਈ ਸ਼ਾਨਦਾਰ ਵਿਦਾਇਗੀ

ਕਪੂਰਥਲਾ, 17 ਮਈ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਜ਼ਿਲ੍ਹੇ ਲਈ ਇਕ ਵੱਡੀ ਰਾਹਤ ਅਤੇ ਖੁਸ਼ੀ ਭਰੀ ਖ਼ਬਰ ਆਈ, ਜਦੋਂ ਇਥੋਂ 21 ਕੋਰੋਨਾ ਮਰੀਜ਼ ਸਿਹਤਯਾਬ ਹੋਣ ਉਪਰੰਤ ਆਪਣੇ ਘਰਾਂ ਨੂੰ ਪਰਤੇ।ਕੋਰੋਨਾ ’ਤੇ ਫਤਹਿ ਹਾਸਲ ਕਰਨ ਵਾਲੇ ਇਨ੍ਹਾਂ ਵਿਅਕਤੀਆਂ ਵਿਚੋਂ 12 ਨੂੰ ਆਈਸੋਲੇਸ਼ਨ ਸੈਂਟਰ ਕਪੂਰਥਲਾ, 4 ਨੂੰ ਪੀ.ਟੀ.ਯੂ ਅਤੇ 5 ਨੂੰ ਫਗਵਾੜਾ ਤੋਂ ਛੁੱਟੀ ਦਿੱਤੀ ਗਈ।
            ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਪਹਿਲ ਕਦਮੀ ਸਦਕਾ ਆਈਸੋਲੇਸ਼ਨ ਵਾਰਡ ਕਪੂਰਥਲਾ ਤੋਂ ਛੁੱਟੀ ਦਿੱਤੇ ਜਾਣ ਵਾਲੇ ਵਿਅਕਤੀਆਂ ਨਾਲ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀਡੀਓ ਕਾਨਫਰੰਸ ਰਾਹੀਂ ਗੱਲਬਾਤ ਕੀਤੀ ਗਈ।ਇਸ ਦੌਰਾਨ ਮੁੱਖ ਮੰਤਰੀ ਨੇ ਕੋਰੋਨਾ ’ਤੇ ਫਤਹਿ ਪਾਉਣ ਵਾਲੇ ਵਿਅਕਤੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਵਿਧਾਇਕ ਰਾਣਾ ਗੁਰਜੀਤ ਸਿੰਘ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਕੋਰੋਨਾ ਨਾਲ ਜੰਗ ਦੀ ਇਸ ਔਖੀ ਘੜੀ ਵਿਚ ਨਿਭਾਈ ਜਾ ਰਹੀ ਸ਼ਾਨਦਾਰ ਭੂਮਿਕਾ ਦੀ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਜਲਦ ਹੀ ਅਸੀਂ ਇਸ ਜੰਗ ਵਿਚ ਫਤਹਿ ਹਾਸਲ ਕਰਾਂਗੇ।
               ਰਾਣਾ ਗੁਰਜੀਤ ਸਿੰਘ ਨੇ ਆਪਣੇ ਸ਼ੁਰੂ ਕੀਤੀ ਗਈ ਸੈਨੀਟਾਈਜ਼ੇਸ਼ਨ ਮੁਹਿੰਮ, ਸਿਵਲ ਹਸਪਤਾਲ ’ਚ ਮੈਡੀਕਲ ਸਟਾਫ ਦੀ ਸਹਾਇਤਾ ਲਈ ਤਾਇਨਾਤ ਕੀਤੀ ਗਈ ਵਲੰਟੀਅਰਾਂ ਦੀ ਟੀਮ ਅਤੇ ਹੋਰਨਾਂ ਕਾਰਜਾਂ ਬਾਰੇ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ।ਸਿਹਤਯਾਬ ਹੋਏ ਮਰੀਜ਼ਾਂ ਵੱਲੋਂ ਉਨ੍ਹਾਂ ਦੇ ਵਧੀਆ ਇਲਾਜ, ਖਾਣ-ਪੀਣ ਅਤੇ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਗਿਆ।ਰਾਣਾ ਨੇ ਸਿਹਤਯਾਬ ਹੋਏ ਵਿਅਕਤੀਆਂ ਨੂੰ ਘਰਾਂ ਲਈ ਰਵਾਨਾ ਕਰਨ ਤੋਂ ਪਹਿਲਾਂ ਉਨ੍ਹਾਂ ਨਾਲ ਦੁਪਹਿਰ ਦਾ ਖਾਣਾ ਖਾਧਾ।
            ਇਸ ਦੌਰਾਨ ਉਨ੍ਹਾਂ ਕੋਵਿਡ ਸੈਂਟਰ ਲਈ ਸਵੈ-ਚਾਲਿਤ ਖਾਣਾ ਵਰਤਾਉਣ ਵਾਲੀ ਇਕ ਵਿਸ਼ੇਸ਼ ਟਰਾਲੀ ‘ਫੂਡ ਆਨ ਵੀਲ’ ਭੇਟ ਕੀਤੀ।ਰਿਮੋਟ ਨਾਲ ਚੱਲਣ ਵਾਲੀ ਇਸ ਟਰਾਲੀ ਜ਼ਰੀਏ ਮਰੀਜ਼ਾਂ ਨਾਲ ਸੰਪਰਕ ਵਿਚ ਆਏ ਬਗੈਰ ਉਨ੍ਹਾਂ ਨੂੰ ਆਸਾਨੀ ਨਾਲ ਖਾਣਾ ਵਰਤਾਇਆ ਜਾ ਸਕਦਾ ਹੈ।ਰਾਣਾ ਗੁਰਜੀਤ ਸਿੰਘ ਨੇ ਦੱਸਿਆ ਕਿ ਇਹ ਵਿਸ਼ੇਸ਼ ਟਰਾਲੀ ਦਵਿੰਦਰ ਪਾਲ ਸਿੰਘ ਰੰਗਾ ਵੱਲੋਂ ਤਿਆਰ ਕੀਤੀ ਗਈ ਹੈ ਅਤੇ ਅਜਿਹੀਆਂ ਹੋਰ ਟਰਾਲੀਆਂ ਵੀ ਲਾਂਚ ਕੀਤੀਆਂ ਜਾਣਗੀਆਂ।
ਇਸ ਮੌਕੇ ਡਾ. ਸੰਦੀਪ ਧਵਨ, ਡਾ. ਸੰਦੀਪ ਭੋਲਾ, ਡਾ. ਰਾਜੀਵ ਭਗਤ, ਅਮਰਜੀਤ ਸਿੰਘ ਸੈਦੋਵਾਲ, ਵਿਸ਼ਾਲ ਸੋਨੀ, ਦਵਿੰਦਰ ਪਾਲ ਸਿੰਘ ਰੰਗਾ, ਨਰਿੰਦਰ ਸਿੰਘ ਮੰਨਸੂ, ਮਨਪ੍ਰੀਤ ਸਿੰਘ ਮਾਂਗਟ, ਕਰਨ ਮਹਾਜਨ, ਕੁਲਦੀਪ ਸ਼ਰਮਾ, ਰਾਜੀਵ ਗੁਪਤਾ, ਸ਼ੈਰੀ ਤੋਂ ਇਲਾਵਾ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ ਹਾਜ਼ਰ ਸੀ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …