ਅੰਮ੍ਰਿਤਸਰ, 5 ਜੂਨ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕੋਰੋਨਾ ਦੌਰਾਨ ਸਿੱਖ ਡਾਕਟਰਾਂ ਨੂੰ ਸਿੱਖੀ ਸਰੂਪ
ਵਿਚ ਰਹਿ ਕੇ ਮਨੁੱਖਤਾ ਦੀ ਸੇਵਾ ਨਿਭਾਉਣ ਲਈ ਪ੍ਰੇਰਿਤ ਕਰਨ ਵਾਲੇ ਗੁਰਸਿੱਖ ਡਾਕਟਰ ਹਰਪਾਲ ਸਿੰਘ ਨੂੰ ਸਨਮਾਨਿਤ ਕੀਤਾ ਹੈ।
ਦੱਸਣਯੋਗ ਹੈ ਕਿ ਕੋਰੋਨਾ ਸਮੇਂ ਸਿੱਖ ਡਾਕਟਰਾਂ ਨੂੰ ਮਾਸਿਕ ਅਤੇ ਪੀ.ਪੀ.ਈ ਕਿੱਟਾਂ ਸਮੇਂ ਆਉਂਦੀ ਮੁਸ਼ਕਲ ਕਾਰਨ ਫਰੰਟ ਲਾਈਨ ’ਤੇ ਡਿਊਟੀ ਨਿਭਾਉਣ ਤੋਂ ਪਿੱਛੇ ਹਟਣਾ ਪੈ ਰਿਹਾ ਸੀ।ਇਸ ਦੌਰਾਨ ਡਾਕਟਰ ਹਰਪਾਲ ਸਿੰਘ ਜੋ ਡੀ.ਐਮ.ਸੀ ਹਸਪਤਾਲ ਵਿਖੇ ਆਰਥੋ ਦੇ ਪ੍ਰੋਫ਼ੈਸਰ ਹਨ, ਨੇ ਦਾੜ੍ਹੀ ’ਤੇ ਠਾਠਾ ਬੰਨ੍ਹ ਕੇ ਪੀ.ਪੀ.ਈ ਕਿੱਟਾਂ ਪਹਿਨਣ ਸਬੰਧੀ ਸੋਸ਼ਲ ਮੀਡੀਆ ’ਤੇ ਜਾਣਕਾਰੀ ਨਸ਼ਰ ਕੀਤੀ ਸੀ।ਉਨ੍ਹਾਂ ਵਲੋਂ ਦੱਸਿਆ ਗਿਆ ਤਰੀਕਾ ਵੱਡੀ ਪੱਧਰ ’ਤੇ ਵਾਇਰਲ ਹੋਇਆ, ਜਿਸ ਨੂੰ ਅਪਣਾ ਕੇ ਦੁਨੀਆਂ ਭਰ ਦੇ ਸਿੱਖ ਡਾਕਟਰਾਂ ਨੇ ਕੋਰੋਨਾ ਸਮੇਂ ਮਨੁੱਖਤਾ ਦੀ ਸੇਵਾ ਨਿਭਾਈ।
ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਡਾ. ਹਰਪਾਲ ਸਿੰਘ ਨੂੰ ਦਾ ਸਿੱਖੀ ਪਿਆਰ ਅਤੇ ਮਨੁੱਖਤਾ ਦੀ ਸੇਵਾ ਲਈ ਜਜ਼ਬਾ ਮਿਸਾਲੀ ਹੈ।ਇਨ੍ਹਾਂ ਦੀ ਪ੍ਰੇਰਣਾ ਨਾਲ ਪੂਰੀ ਦੁਨੀਆਂ ਅੰਦਰ ਸਿੱਖ ਡਾਕਟਰਾਂ ਨੇ ਕੋਰੋਨਾ ਸੰਕਟ ਦੌਰਾਨ ਸੇਵਾਵਾਂ ਨਿਭਾਅ ਕੇ ਸਿੱਖੀ ਦੀ ਸ਼ਾਨ ਨੂੰ ਹੋਰ ਬੁਲੰਦ ਕੀਤਾ ਹੈ।
ਇਸ ਮੌਕੇ ਜੂਨੀਅਰ ਮੀਤ ਪ੍ਰਧਾਨ ਗੁਰਬਖ਼ਸ਼ ਸਿੰਘ ਖ਼ਾਲਸਾ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸੁਖਵਰਸ਼ ਸਿੰਘ ਪੰਨੂ, ਭਾਈ ਅਜਾਇਬ ਸਿੰਘ ਅਭਿਆਸੀ, ਨਿੱਜੀ ਸਕੱਤਰ ਮਹਿੰਦਰ ਸਿੰਘ ਆਹਲੀ, ਡਾ. ਗੁਰਮੇਲ ਸਿੰਘ ਕਲਸੀ ਗੁਰਦਾਸਪੁਰ, ਮੀਤ ਸਕੱਤਰ ਗੁਰਿੰਦਰ ਸਿੰਘ ਮਥਰੇਵਾਲ, ਹਰਜਿੰਦਰ ਸਿੰਘ ਕੈਰੋਂਵਾਲ, ਦਰਸ਼ਨ ਸਿੰਘ ਨਿੱਜੀ ਸਹਾਇਕ, ਸਿੱਖ ਮਿਸ਼ਨ ਜੰਮੂ ਦੇ ਇੰਚਾਰਜ ਭਾਈ ਹਰਭਿੰਦਰ ਸਿੰਘ ਆਦਿ ਮੌਜੂਦ ਸਨ।