Sunday, December 22, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਸ਼ਵ ਦੀਆਂ ਉਚ ਕੋਟੀ ਦੀਆਂ 9 ਫੀਸਦ ਯੂਨੀਵਰਸਿਟੀਆਂ `ਚ ਚਮਕੀ

ਭਾਰਤ ਦੀਆਂ 10 ਸਟੇਟ ਪਬਲਿਕ ਯੂਨੀਵਰਸਿਟੀਆਂ `ਚ ਵੀ ਸ਼ੁਮਾਰ

ਅੰਮ੍ਰਿਤਸਰ, 10 ਜੂਨ (ਪੰਜਾਬ ਪੋਸਟ – ਖੁਰਮਣੀਆਂ) – ਕੌਮੀ ਪੱਧਰ `ਤੇ ਪਛਾਣ ਬਣਾਉਣ ਵਾਲੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਹੁਣ ਕੌਮਾਂਤਰੀ ਪੱਧਰ `ਤੇ ਵੱਡਾ ਮਾਣ ਹਾਸਲ ਹੋਇਆ।ਜਿਸ ਵਿਚ ਸੈਂਟਰ ਫਾਰ ਵਰਲਡ ਯੂਨੀਵਰਸਿਟੀ ਰੈਂਕਿੰਗ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਜਿਥੇ ਦੇਸ਼ ਦੀਆਂ 10 ਸਟੇਟ ਪਬਲਿਕ ਯੂਨੀਵਰਸਿਟੀਆਂ ਵਿਚ ਸ਼ੁਮਾਰ ਕੀਤਾ ਉਥੇ ਵਿਸ਼ਵ ਦੀਆਂ ਉਚ ਕੋਟੀ ਦੀਆਂ 9 ਫੀਸਦ ਯੂਨੀਵਰਸਿਟੀਆਂ ਵਿਚ ਵੀ ਥਾਂ ਦਿੱਤੀ ਹੈ।ਵਿਸ਼ਵ ਦੀਆਂ ਵੀਹ ਹਜ਼ਾਰ ਦੇ ਕਰੀਬ ਯੂਨੀਵਰਸਿਟੀਆਂ ਦੇ ਵੱਖ-ਵੱਖ ਕੰਮਾਂ ਦੇ ਆਧਾਰ `ਤੇ ਕੀਤੇ ਗਏ ਮੁਲਾਂਕਣ ਵਿਚੋਂ ਯੂਨੀਵਰਸਿਟੀ ਨੂੰ 9 ਫੀਸਦ ਯੂਨੀਵਰਸਿਟੀਆਂ `ਚ ਸ਼ਾਮਿਲ ਕੀਤਾ ਹੈ।
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੈਂਟਰ ਫਾਰ ਵਰਲਡ ਯੂਨੀਵਰਸਿਟੀ ਰੈਂਕਿੰਗ ਵਿਸਵ ਦੀ ਸਿਰਮੌਰ ਅਤੇ ਵੱਕਾਰੀ ਸੰਸਥਾ ਹੈ ਜੋ 2012 ਤੋਂ ਇਸ ਰੈਂਕਿੰਗ `ਤੇ ਕੰਮ ਕਰ ਰਹੀ ਹੈ।ਉਚੇਰੀ ਸਿਖਿਆ ਦੇ ਖੇਤਰ ਵਿਚ ਸਖਤ ਮਾਪਦੰਡਾਂ ਦੇ ਬਾਵਜੂਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਵਿਸ਼ਵ ਦੀਆਂ ਯੂਨੀਵਰਸਿਟੀਆਂ ਵਿਚ ਸ਼ਾਮਿਲ ਹੋਣਾ ਮਾਣ ਵਾਲੀ ਗੱਲ ਹੈ।ਉਨ੍ਹਾਂ ਦੱਸਿਆ ਕਿ ਇਸ ਪਹਿਲੇ ਦਰਜੇ ਵਿਚ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ, ਅਹਿਮਦਾਬਾਦ ਅਤੇ ਉਸ ਤੋਂ ਬਾਅਦ ਇੰਡੀਅਨ ਇੰਸਟੀਚਿਊਟ ਆਫ ਸਾਇੰਸ, ਬੰਗਲੌਰ ਦਾ ਨਾਂ ਆਉਂਦਾ ਹੈ।
               ਇਸ ਤੋਂ ਪਹਿਲਾਂ ਯੂਨੀਵਰਸਿਟੀ ਨੂੰ ਰਾਸ਼ਟਰੀ ਮੁਲਾਂਕਣ ਅਤੇ ਐਕਰੀਡੇਸ਼ਨ ਕੌਂਸਲ ਵੱਲੋਂ ਮਾਨਤਾ ਵਿਚ ਮਿਲੇ “ਏ ++ (ਸੋਧਿਆ ਗਿਆ ਮਾਪਦੰਡ ਦੇ ਅਨੁਸਾਰ ਉੱਚ ਪੱਧਰੀ)” ਗ੍ਰੇਡ ਅਤੇ ਭਾਰਤ ਸਰਕਾਰ ਦੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਵੱਲੋਂ ਮਿਲੇ “ਪੋਟੈਂਸ਼ੀਅਲ ਫਾਰ ਐਕਸੀਲੈਂਸ ਵਾਲੀ ਯੂਨੀਵਰਸਿਟੀ” ਅਤੇ “ਸ਼੍ਰੇਣੀ-1 ਯੂਨੀਵਰਸਿਟੀ” ਵਾਲੇ ਦਰਜੇ ਤੋਂ ਸਪਸ਼ਟ ਹੁੰਦਾ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਭਾਰਤ ਦੇ ਉਤਰੀ ਖੇਤਰ ਦੀ ਮੋਹਰੀ ਰੈਂਕਿੰਗ ਵਾਲੀ ਯੂਨੀਵਰਸਿਟੀ ਹੈ।
              ਉਨ੍ਹਾਂ ਦੱਸਿਆ ਕਿ ਰੈਂਕਿੰਗ ਸੂਚੀ ਵਿੱਚ ਪੂਰੀ ਦੁਨੀਆ ਤੋਂ ਕੁਲ ਵੀਹ ਹਜ਼ਾਰ ਯੂਨੀਵਰਸਿਟੀਆਂ ਸ਼ਾਮਲ ਹਨ, ਜਿਸ ਨਾਲ ਸੈਂਟਰ ਫਾਰ ਵਰਲਡ ਯੂਨੀਵਰਸਿਟੀ ਰੈਂਕਿੰਗ ਦੀ ਸੂਚੀ ਵਿਸ਼ਵ ਯੂਨੀਵਰਸਿਟੀਆਂ ਦੀ ਸਭ ਤੋਂ ਵੱਡੀ ਅਕਾਦਮਿਕ ਦਰਜਾਬੰਦੀ ਬਣ ਗਈ ਹੈ। ਇਹ ਯੂਨੀਵਰਸਿਟੀ ਰੈਂਕਿੰਗ ਵੱਖ ਵੱਖ ਪੈਰਾਮੀਟਰਾਂ ਅਤੇ ਸਾਲਾਨਾ ਮਾਤਰਾ ਦੇ ਗੁਣਾਂ ਦੇ ਅਧਾਰ ਤੇ ਉੱਚ ਸਿੱਖਿਆ ਵਿੱਚ ਸੰਸਥਾਵਾਂ ਦੀ ਦਰਜਾਬੰਦੀ ਹੈ ਅਤੇ ਇਸ ਸੱਤ ਉਦੇਸ਼ ਸ਼ਾਮਿਲ ਕੀਤੇ ਗਏ ਹਨ ਜਿਨ੍ਹਾਂ ਵਿਚ ਸਿੱਖਿਆ ਦੀ ਗੁਣਵਤਾ, ਸਾਬਕਾ ਵਿਦਿਆਰਥੀ ਰੁਜ਼ਗਾਰ, ਫੈਕਲਟੀ ਦੀ ਗੁਣਵਤਾ, ਖੋਜ ਪ੍ਰਦਰਸ਼ਨ ਜਿਸ ਵਿੱਚ ਖੋਜ ਆਉਟਪੁੱਟ, ਉੱਚ ਪੱਧਰੀ ਪ੍ਰਕਾਸ਼ਨ, ਪ੍ਰਭਾਵ, ਹਵਾਲੇ ਆਦਿ ਸ਼ਾਮਲ ਹਨ। ਪ੍ਰੋ. ਸੰਧੂ ਨੇ ਕਿਹਾ ਕਿ ਵਿਦਿਅਕ, ਖੋਜ, ਖੇਡਾਂ ਅਤੇ ਸਹਿ ਪਾਠਕ੍ਰਮ ਦੀਆਂ ਗਤੀਵਿਧੀਆਂ ਦੇ ਸੰਤੁਲਤ ਵਿਕਾਸ ਲਈ ਲਗਾਤਾਰ ਕੀਤੇ ਜਾ ਰਹੇ ਯਤਨਾਂ ਪ੍ਰਤੀ ਵਚਨਬੱਧਤਾ ਦੀ ਬਦੌਲਤ ਹੀ ਯੂਨੀਵਰਸਿਟੀ ਨੂੰ ਉੱਚ ਪੱਧਰੀ ਮੁਕਾਮ ਹਾਸਲ ਹੋਇਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਾਲਾਂ ਵਿੱਚ ਯੂਨੀਵਰਸਿਟੀ ਵੱਲੋਂ ਵੱਖ ਵੱਖ ਖੇਤਰਾਂ ਵਿੱਚ ਹੋਰ ਪ੍ਰਤੀਬੱਧਤਾ ਨਾਲ ਵਿਕਾਸ ਕਰਨ ਲਈ ਤਤਪਰ ਹੈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …