ਔਜਲਾ, ਜਿਲ੍ਹਾ ਸੈਸਨ ਜੱਜ, ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਨੇ ਕੀਤੀ ਸ਼ਿਰਕਤ
ਅੰਮ੍ਰਿਤਸਰ, 9 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ) – ਕਲਾ ਅਤੇ ਇਤਹਾਸ ਪ੍ਰੇਮੀ ਐਡਵੋਕੇਟ ਹਰਪ੍ਰੀਤ ਸਿੰਘ ਸੰਧੂ ਵੱਲੋਂ ਸ਼ੇਰ-ਏ-ਪੰਜਾਬ ਮਾਹਰਾਜਾ ਰਣਜੀਤ
ਸਿੰਘ ਦੇ ਜੀਵਨ ਨਾਲ ਸਬੰਧਤ ਮੁਕਾਮ ਪੁੱਲ ਕੰਜਰੀ, ਜੋ ਕਿ ਇਸ ਵੇਲੇ ਭਾਰਤ ਤੇ ਪਾਕਿਸਤਾਨ ਸਰਹੱਦ ‘ਤੇ ਸਥਿਤ ਹੈ, ਉਪਰ ਬਣਾਈ ਗਈ ਦਸਤਾਵੇਜ਼ੀ ਫਿਲਮ ‘ਪੁਲ ਕੰਜਰੀ’ ਨੂੰ ਅੱਜ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਜਿਲ੍ਹਾ ਤੇ ਸੈਸ਼ਨ ਜੱਜ ਬਲਵਿੰਦਰ ਸਿੰਘ ਸੰਧੂ, ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ, ਪੁਲਿਸ ਡਾ. ਸੁਖਚੈਨ ਸਿੰਘ ਗਿੱਲ, ਡੀ.ਆਈ.ਜੀ ਬੀ.ਐਸ.ਐਫ ਭੁਪਿੰਦਰ ਸਿੰਘ, ਚੇਅਰਮੈਨ ਨਗਰ ਸੁਧਾਰ ਟਰੱਸਟ ਦਿਨੇਸ਼ ਬੱਸੀ, ਵਾਇਸ ਚੇਅਰਮੈਨ ਮਾਰਕੀਟ ਕਮੇਟੀ ਰਮਿੰਦਰ ਸਿੰਘ ਰੰਮੀ, ਐਸ.ਡੀ.ਐਮ ਸ਼ਿਵਰਾਜ ਸਿੰਘ ਬੱਲ ਵੱਲੋਂ ਪੁਲ ਕੰਜਰੀ ਵਿਖੇ ਆਨਲਾਈਨ ਬਟਨ ਨੱਪ ਕੇ ਰਲੀਜ਼ ਕੀਤੀ ਗਈ।
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਫਿਲਮ ਨਿਰਮਾਤਾ ਅਤੇ ਫੋਟੋਗ੍ਰਾਫਰ ਹਰਪ੍ਰੀਤ ਸਿੰਘ ਸੰਧੂ ਨੂੰ ਵਧਾਈ ਦਿੰਦੇ ਕਿਹਾ ਕਿ ਉਨਾਂ ਨੇ ਲਾਕ-ਡਾਊਨ ਦੌਰਾਨ ਮਿਲੇ ਸਮੇਂ ਨੂੰ ਸੱਚਮੁੱਚ ਹੀ ਸਹੀ ਵਰਤੋਂ ਵਿਚ ਲਿਆਂਦਾ ਹੈ ਅਤੇ ਸਾਡੇ ਇਤਹਾਸਕ ਸਥਾਨ, ਜੋ ਕਿ ਇਸ ਵੇਲੇ ਵੀ ਆਮ ਲੋਕਾਂ ਦੀ ਨਜ਼ਰ ਤੋਂ ਦੂਰ ਹੈ, ਨੂੰ ਦੁਨੀਆਂ ਦੀ ਨਿਗ੍ਹਾ ਵਿਚ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਉਨਾਂ ਕਿਹਾ ਕਿ ਹਰਪ੍ਰੀਤ ਸੰਧੂ ਦੀ ਇਹ ਕੋਸ਼ਿਸ਼ ਅੰਮ੍ਰਿਤਸਰ ਵਰਗੇ ਧਾਰਮਿਕ ਸ਼ਹਿਰ ਵਿਚ ਵਿਰਾਸਤੀ ਖਿੱਚ ਪੈਦਾ ਕਰਕੇ ਸੈਰ-ਸਪਾਟੇ ਨੂੰ ਨਵੀਂ ਦਿਸ਼ਾ ਦੇ ਸਕਦੀ ਹੈ।ਉਨਾਂ ਕਿਹਾ ਕਿ ਸਾਡੇ ਅਜਿਹੇ ਹੋਰ ਵੀ ਬਹੁਤ ਸਾਰੇ ਸਥਾਨ ਸੈਲਾਨੀਆਂ ਦੀ ਖਿੱਚ ਬਣ ਸਕਦੇ ਹਨ, ਬਸ਼ਰਤੇ ਕਿ ਉਨਾਂ ਨੂੰ ਸੈਰ-ਸਪਾਟਾ ਸਰਕਟ ਨਾਲ ਜੋੜ ਕੇ ਲੋਕਾਂ ਦੀ ਪਹੁੰਚ ਬਣਾਈ ਜਾਵੇ।ਜਿਲ੍ਹਾ ਤੇ ਸੈਸ਼ਨ ਜੱਜ ਬਲਵਿੰਦਰ ਸਿੰਘ ਸੰਧੂ ਨੇ ਵੀ ਹਰਪ੍ਰੀਤ ਸੰਧੂ ਨੂੰ ਮੁਬਾਰਕਬਾਦ ਦਿੰਦੇ ਅਜਿਹੀਆਂ ਕੋਸ਼ਿਸ਼ਾਂ ਅੱਗੇ ਤੋਂ ਵੀ ਕਰਦੇ ਰਹਿਣ ਲਈ ਪ੍ਰੇਰਿਆ। ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਇਸ ਦਸਤਾਵੇਜ਼ੀ ਫਿਲਮ ਨੂੰ ਪੰਜਾਬ ਦੇ ਸੈਰ-ਸਪਾਟੇ ਲਈ ਚੰਗਾ ਸੰਕੇਤ ਦੱਸਦੇ ਹਰਪ੍ਰੀਤ ਸੰਧੂ ਵੱਲੋਂ ਕੀਤੀ ਕੋਸ਼ਿਸ਼ ਦੀ ਸਰਾਹਨਾ ਕੀਤੀ।ਡੀ.ਆਈ.ਜੀ ਭੁਪਿੰਦਰ ਸਿੰਘ ਨੇ ਵੀ ਇਸ ਦਸਤਾਵੇਜ਼ੀ ਨੂੰ ਟੂਰਿਜ਼ਮ ਸਨਅਤ ਨਾਲ ਜੋੜਦੇ ਕਿਹਾ ਕਿ ਉਹ ਆਪਣੇ ਇਲਾਕੇ ਵਿਚ ਪੈਂਦੇ ਇਤਹਾਸਕ ਸਥਾਨਾਂ ਨੂੰ ਸਾਂਭ ਰਹੇ ਹਾਂ ਅਤੇ ਜੇਕਰ ਅੱਗੇ ਤੋਂ ਵੀ ਕੋਈ ਅਜਿਹਾ ਉਦਮ ਕਰਗੇ ਤਾਂ ਅਸੀਂ ਉਸ ਦਾ ਸਾਥ ਦੇਣਗੇ।ਹਰਪ੍ਰੀਤ ਸੰਧੂ ਨੇ ਸਾਰਿਆਂ ਦਾ ਧੰਨਵਾਦ ਕਰਦੇ ਕਿਹਾ ਕਿ ਉਹ ਪੰਜਾਬ ਦੇ ਸਾਰੇ ਇਤਹਾਸਕ ਸਥਾਨਾਂ ਨੂੰ ਡਿਜ਼ੀਟਲ ਭਾਸ਼ਾ ਵਿੱਚ ਕਮਲਬੰਦ ਕਰਨ ਦੀ ਕੋਸ਼ਿਸ਼ ਕਰਨਗੇ, ਤਾਂ ਕਿ ਇਹ ਸਾਡਾ ਇਤਹਾਸ ਆਉਣ ਵਾਲੀਆਂ ਪੀੜ੍ਹੀਆਂ ਤੱਕ ਅਸਾਨ ਭਾਸ਼ਾ ਵਿਚ ਪਹੁੰਚ ਸਕੇ। ਉਨਾਂ ਇਸ ਪ੍ਰਾਜੈਕਟ ਲਈ ਸੈਰ ਸਪਾਟਾ ਵਿਭਾਗ ਦੇ ਸੈਕਟਰੀ ਹੁਸਨ ਲਾਲ ਵੱਲੋਂ ਮਿਲੇ ਯੋਗਦਾਨ ਦਾ ਜ਼ਿਕਰ ਕਰਦੇ ਕਿਹਾ ਕਿ ਇਹ ਕੰਮ ਹੁਸਨ ਲਾਲ ਤੇ ਬੀ.ਐਸ.ਐਫ ਦੀ ਸਹਾਇਤਾ ਤੋਂ ਬਿਨਾਂ ਪੂਰਾ ਹੋਣਾ ਮੁਮਕਿਨ ਹੀ ਨਹੀਂ ਸੀ।