ਸਿਹਤ, ਸਿਵਲ, ਪੁਲਿਸ, ਆਂਗਣਵਾੜੀ ਵਰਕਰ, ਆਸ਼ਾ ਵਰਕਰ ਲੋਕਾਂ ਨੂੰ ਕਰਨਗੇ ਪ੍ਰੇਰਿਤ
ਕਪੂਰਥਲਾ, 1 ਸਤੰਬਰ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀਮਤੀ ਦੀਪਤੀ ਉਪਲ ਨੇ ਕਿਹਾ ਹੈ ਕਿ ਜ਼ਿਲ੍ਹੇ ‘ਚ ਕਰੋਨਾ ਕਾਰਣ ਹੋ ਰਹੀਆਂ ਮੌਤਾਂ ਨੂੰ ਰੋਕਣ ਦੇ ਮਕਸਦ ਨਾਲ ਸਿਹਤ, ਸਿਵਲ ਪ੍ਰਸ਼ਾਸਨ, ਪੁਲਿਸ, ਆਂਗਣਵਾੜੀ ਵਰਕਰਾਂ, ਆਸ਼ਾ ਵਰਕਰਾਂ ਅਤੇ ਗਾਰਡੀਅਨ ਆਫ ਗਵਰਨੈਂਸ ਵੱਲੋਂ ਵਿਸ਼ੇਸ਼ ਮੁਹਿੰਮ ਵਿੱਢੀ ਜਾਵੇਗੀ।ਜਿਸ ਵਿੱਚ ਪੇਂਡੂ ਅਤੇ ਸ਼ਹਿਰੀ ਖੇਤਰਾਂ ਅੰਦਰ 60 ਸਾਲ ਦੀ ਉਮਰ ਤੋਂ ਉੱਪਰ ਦੇ ਲੋਕਾਂ ਦੀ ਟੈਸਟਿੰਗ ਵੱਲ ਵਧੇਰੇ ਤਵੱਜੋਂ ਦਿੱਤੀ ਜਾਵੇਗੀ।
ਅੱਜ ਕਰੋਨਾ ਦੇ ਤਜ਼ੀ ਨਾਲ ਵੱਧਦੇ ਕੇਸਾਂ ਅਤੇ ਸਤੰਬਰ ਮਹੀਨੇ ਦੌਰਾਨ ਕਰੋਨਾ ਮਹਾਂਮਾਰੀ ਦੇ ਗੰਭੀਰ ਰੂਪ ਧਾਰਨ ਕਰਨ ਸਬੰਧੀ ਸਿਹਤ ਮਾਹਿਰਾਂ ਵੱਲੋਂ ਜ਼ਾਰੀ ਚੇਤਵਾਨੀ ਦੇ ਮੱਦੇਨਜਰ ਡਿਪਟੀ ਕਮਿਸ਼ਨਰ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਅੰਦਰ ਕਰੋਨਾ ਕਾਰਨ ਹੋ ਰਹੀਆਂ ਮੌਤਾਂ ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਲੋਕਾਂ ਨੂੰ ਅਤੇ ਵਿਸ਼ੇਸ਼ ਕਰਕੇ ਕਿਸੇ ਬਿਮਾਰੀ ਨਾਲ ਪੀੜਤਾਂ, ਬਜ਼ੁਰਗਾਂ ਨੂੰ ਆਪਣਾ ਟੈਸਟ ਕਰਵਾਉਣ ਲਈ ਪ੍ਰੇਰਿਤ ਕਰਨ ਵਾਸਤੇ ਸਿਵਲ, ਪੁਲਿਸ ਅਤੇ ਸਿਹਤ ਵਿਭਾਗ ਦੀਆਂ ਸਾਂਝੀਆਂ ਟੀਮਾਂ ਵੱਲੋਂ ਹਰ ਘਰ ਤੱਕ ਪਹੁੰਚ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਸਾਰੇ ਐਸ.ਡੀ.ਐਮ ਨੂੰ ਹੁਕਮ ਦਿੱਤੇ ਕਿ ਉਹ ਇਸ ਮੁਹਿੰਮ ਦੀ ਨਿੱਜੀ ਤੌਰ `ਤੇ ਨਿਗਰਾਨੀ ਕਰਨ।ਇਸ ਤੋਂ ਇਲਾਵਾ ਇਹ ਵੀ ਫੈਸਲਾ ਲਿਆ ਗਿਆ ਕਿ ਕਪੂਰਥਲਾ ਜ਼ਿਲ੍ਹੇ ਨਾਲ ਸਬੰਧਤ ਜੋ ਵਿਅਕਤੀ ਜਲੰਧਰ ਦੇ ਨਿੱਜੀ ਹਸਪਤਾਲਾਂ ਵਿੱਚ ਦਾਖਲ ਹਨ, ਉਸ ਸਬੰਧੀ ਡਾਟਾ ਇੱਕਤਰ ਕਰਕੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦੇ ਟੈਸਟ ਲਾਜ਼ਮੀ ਕੀਤੇ ਜਾਣ ।ਘਰੇਲੂ ਇਕਾਂਤਵਾਸ ਵਿੱਚ ਭੇਜੇ ਕਰੋਨਾ ਪਾਜੀਟਿਵ ਵਿਅਕਤੀਆਂ ਵੱਲੋਂ ਪੈਦਾ ਕੀਤੇ ਮੈਡੀਕਲ ਵੇਸਟ ਦੇ ਸਹੀ ਨਿਪਟਾਰੇ ਲਈ ਘਰਾਂ ਅੰਦਰ ਵਿਸ਼ੇਸ਼ ਬੈਗ ਦੇਣ ਦਾ ਫੈਸਲਾ ਵੀ ਕੀਤਾ ਗਿਆ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਜਨਰਲ ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੁਰਿੰਦਰ ਪਾਲ ਆਂਗਰਾ, ਐਸ.ਪੀ ਮਨਦੀਪ ਸਿੰਘ, ਐਸ.ਡੀ.ਐਮ ਕਪੂਰਥਲਾ ਵਰਿੰਦਰਪਾਲ ਸਿੰਘ ਬਾਜਵਾ, ਐਸ.ਡੀ.ਐਮ ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ, ਐਸ.ਡੀ.ਐਮ ਫਗਵਾੜਾ ਪਵਿੱਤਰ ਸਿੰਘ, ਸਿਵਲ ਸਰਜਨ ਡਾ. ਜਸਮੀਤ ਕੌਰ ਸਮੂਹ ਐਸ.ਐਮ.ਓ ਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਭਾਗ ਲਿਆ।