Sunday, December 22, 2024

ਮੁੱਖ ਮੰਤਰੀ ਨੇ ਜੰਗ-ਏ-ਆਜ਼ਾਦੀ ਯਾਦਗਾਰ ਦਾ ਨੀਂਹ ਪੱਥਰ ਰੱਖਿਆ

ਉਪ ਮੁੱਖ ਮੰਤਰੀ ਵੱਲੋਂ ਕੌਮੀ ਆਜ਼ਾਦੀ ਸੰਗਰਾਮ ਵਿੱਚ ਪੰਜਾਬ ਦੇ ਵਿਲੱਖਣ ਯੋਗਦਾਨ ਨੂੰ ਰੂਪਮਾਨ ਕਰਨ ਦੇ ਮੁੱਖ ਮੰਤਰੀ ਦੇ ਉਪਰਾਲੇ ਦੀ ਸ਼ਲਾਘਾ

PPN19101429

ਕਰਤਾਰਪੁਰ (ਜਲੰਧਰ), 19 ਅਕਤੂਬਰ (ਹਰਦੀਪ ਸਿੰਘ ਦਿਓਲ, ਪਵਨਦੀਪ ਸਿੰਘ ਭੰਡਾਲ) – ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਸਿਆਸੀ ਵਖਰੇਵਿਆਂ ਤੋਂ ਉਪਰ ਉਠ ਕੇ ਸੂਬੇ ਦੇ ਸਰਬਪੱਖੀ ਵਿਕਾਸ ਤੇ ਖੁਸ਼ਹਾਲੀ ਲਈ ਇਕਜੁਟ ਹੋਣ ਦੀ ਅਪੀਲ ਕਰਦਿਆਂ ਲੋਕਾਂ ਨੂੰ ਸੱਦਾ ਦਿੱਤਾ ਕਿ ਪੰਜਾਬ ਤੇ ਦੇਸ਼ ਨੂੰ ਆਲਮੀ ਪੱਧਰ ‘ਤੇ ਮੋਹਰੀ ਬਣਾਉਣ ਦਾ ਤਹੱਈਆ ਕੀਤਾ ਜਾਵੇ ਤਾਂ ਕਿ ਆਪਣੀ ਮਾਤ-ਭੂਮੀ ਨੂੰ ਬਰਤਾਨਵੀ ਸਾਮਰਾਜਵਾਦ ਦੇ ਜੂਲੇ ਵਿੱਚੋਂ ਮੁਕਤ ਕਰਨ ਲਈ ਆਪਣੀਆਂ ਅਣਮੁੱਲੀਆਂ ਜਾਨਾਂ ਕੁਰਬਾਨ ਕਰਨ ਵਾਲੇ ਮਹਾਨ ਸ਼ਹੀਦਾਂ ਤੇ ਦੇਸ਼ ਭਗਤਾਂ ਵੱਲੋਂ ਸੰਜੋਏ ਸੁਪਨੇ ਸਾਕਾਰ ਕੀਤੇ ਜਾ ਸਕਣ।
ਅੱਜ ਇੱਥੇ 25 ਏਕੜ ਰਕਬੇ ਵਿੱਚ 200 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਮਾਣਮੱਤੀ ਜੰਗ-ਏ-ਆਜ਼ਾਦੀ ਯਾਦਗਾਰ ਦਾ ਨੀਂਹ ਪੱਥਰ ਰੱਖਣ ਦੇ ਇਤਿਹਾਸਕ ਮੌਕੇ ‘ਤੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਇਹ ਯਾਦਗਾਰ ਕੌਮੀ ਆਜ਼ਾਦੀ ਸੰਘਰਸ਼ ਵਿੱਚ ਲਾਮਿਸਾਲ ਯੋਗਦਾਨ ਪਾਉਣ ਵਾਲੇ ਪੰਜਾਬ ਦੇ ਜਾਣੇ-ਅਣਜਾਣੇ ਨਾਇਕਾਂ ਨੂੰ ਸਮਰਪਿਤ ਇਕ ਨਿਮਾਣਾ ਜਿਹਾ ਉਪਰਾਲਾ ਹੈ ਜਿਨ੍ਹਾਂ ਨੇ ਆਪਣੇ ਵਤਨ ਨੂੰ ਗੁਲਾਮੀ ਦੀਆਂ ਜੰਜ਼ੀਰਾਂ ਤੋਂ ਮੁਕਤ ਕਰਵਾਉਣ ਲਈ ਕੀਮਤੀ ਜਾਨਾਂ ਨਿਛਾਵਰ ਕਰ ਦਿੱਤੀਆਂ ਅਤੇ ਬਰਤਾਨਵੀ ਹਕੂਮਤ ਦੇ ਸਖ਼ਤ ਤਸ਼ੱਦਦ ਝੱਲੇ। ਇਸ ਦੌਰਾਨ ਮੁੱਖ ਮੰਤਰੀ ਨੇ ਆਖਿਆ ਕਿ ਮਹਾਨ ਸ਼ਹੀਦਾਂ ਵੱਲੋਂ ਕਿਆਸੇ ਬੇਰੁਜ਼ਗਾਰੀ, ਗਰੀਬੀ ਅਤੇ ਅਨਪੜ੍ਹਤਾ ਮੁਕਤ ਅਗਾਂਹਵਧੂ ਤੇ ਖੁਸ਼ਹਾਲ ਪੰਜਾਬ ਦੀ ਸਿਰਜਣਾ ਕਰਨ ਦੀ ਇੱਛਾ ਨੂੰ ਪੂਰਾ ਕਰਨ ਦਾ ਵੀ ਪ੍ਰਣ ਲਿਆ ਜਾਵੇ।
ਕੌਮੀ ਆਜ਼ਾਦੀ ਸੰਘਰਸ਼ ਵਿੱਚ ਪੰਜਾਬੀਆਂ ਦੀਆਂ ਬੇਮਿਸਾਲ ਤੇ ਵਿਲੱਖਣ ਕੁਰਬਾਨੀਆਂ ਨੂੰ ਚੇਤੇ ਕਰਦਿਆਂ ਉਨ੍ਹਾਂ ਆਖਿਆ ਕਿ ਮਾਤ ਭੂਮੀ ਨੂੰ ਗੁਲਾਮੀ ਦੇ ਜੂਲੇ ਵਿੱਚੋਂ ਕੱਢਣ ਲਈ ਦੇਸ਼ ਦੀ ਆਬਾਦੀ ਦਾ ਦੋ ਫੀਸਦੀ ਹਿੱਸਾ ਹੋਣ ਦੇ ਬਾਵਜੂਦ ਪੰਜਾਬੀਆਂ ਨੇ 80 ਫੀਸਦੀ ਕੁਰਬਾਨੀਆਂ ਦਿੱਤੀਆਂ। ਸ. ਬਾਦਲ ਨੇ ਅੱਗੇ ਆਖਿਆ ਕਿ ਇਹ ਹਰ ਪੰਜਾਬੀ ਲਈ ਬਹੁਤ ਮਾਣ ਤੇ ਫਖ਼ਰ ਵਾਲੀ ਗੱਲ ਹੈ ਕਿ ਦੇਸ਼ ਦੀਆਂ ਪ੍ਰਮੁੱਖ ਆਜ਼ਾਦੀ ਲਹਿਰਾਂ ਕੂਕਾ ਲਹਿਰ, ਗਦਰ ਲਹਿਰ, ਕਾਮਾਗਾਟਾਮਾਰੂ, ਪਗੜੀ ਸੰਭਾਲ ਜੱਟਾ, ਗੁਰਦੁਆਰਾ ਸੁਧਾਰ ਲਹਿਰ ਅਤੇ ਬੱਬਰ ਅਕਾਲੀ ਲਹਿਰ ਵੀ ਬਹਾਦਰ ਪੰਜਾਬੀਆਂ ਦੀ ਅਗਵਾਈ ਵਿੱਚ ਹੀ ਚੱਲੀਆਂ। ਉਨ੍ਹਾਂ ਕਿਹਾ ਕਿ ਦੁਆਬਾ ਖੇਤਰ ਦੇ ਮਹਾਨ ਸ਼ਹੀਦਾਂ ਵੱਲੋਂ ਆਜ਼ਾਦੀ ਸੰਗਰਾਮ ਵਿੱਚ ਦਿੱਤੇ ਅਹਿਮ ਯੋਗਦਾਨ ਦੇ ਸਤਿਕਾਰ ਵਜੋਂ ਉਨ੍ਹਾਂ ਦਾ ਸਿਰ ਝੁਕਦਾ ਹੈ ਅਤੇ ਜੰਗ-ਏ-ਆਜ਼ਾਦੀ ਯਾਦਗਾਰ ਇਨ੍ਹਾਂ ਮਹਾਨ ਸ਼ਹੀਦਾਂ ਦੀ ਕੁਰਬਾਨੀ ਨੂੰ ਇਕ ਸਿਜਦਾ ਹੈ ਜੋ ਕਿ ਸਾਡੀਆਂ ਆਉਣ ਵਾਲੀਆਂ ਪੀੜੀਆਂ ਲਈ ਚਾਨਣ ਮੁਨਾਰੇ ਸਿੱਧ ਹੋਵੇਗੀ।

PPN19101430

ਪੰਜਾਬੀਆਂ ਦੀ ਸੂਰਬੀਰਤਾ, ਦਲੇਰੀ ਤੇ ਸਾਹਸ ਦੇ ਅਜੋੜ ਜਜ਼ਬੇ ਦੀ ਸ਼ਲਾਘਾ ਕਰਦਿਆਂ ਸ. ਬਾਦਲ ਨੇ ਆਖਿਆ ਕਿ ਪੰਜਾਬੀਆਂ ਨੂੰ ਕੁਰਬਾਨੀ ਦਾ ਜਜ਼ਬਾ ਸਾਡੇ ਮਹਾਨ ਗੁਰੂਆਂ ਸ਼੍ਰੀ ਗੁਰੂ ਨਾਨਕ ਦੇਵ ਜੀ, ਸ਼੍ਰੀ ਗੁਰੂ ਅਰਜਨ ਦੇਵ ਜੀ, ਸ਼੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਵਿਰਸੇ ਵਿੱਚ ਮਿਲਿਆ ਹੈ ਜਿਨ੍ਹਾਂ ਨੇ ਮਾਸੂਮ ਅਤੇ ਮਦਦਹੀਣ ਲੋਕਾਂ ਦੇ ਮਾਨਵੀ ਅਧਿਕਾਰਾਂ ਦੀ ਰਾਖੀ ਲਈ ਬੇਇਨਸਾਫ਼ੀ, ਦਮਨ ਅਤੇ ਜ਼ੁਲਮ ਖਿਲਾਫ਼ ਲੜਾਈ ਲੜੀ। ਕੌਮੀ ਆਜ਼ਾਦੀ ਸੰਘਰਸ਼ ਵਿੱਚ ਪੰਜਾਬੀਆਂ ਦੇ ਅਮੀਰ ਵਿਰਸੇ ਦੇ ਪਾਸਾਰ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਜੰਗ-ਏ-ਆਜ਼ਾਦੀ ਫਾਊਂਡੇਸ਼ਨ ਦੀ ਕਾਰਜਕਾਰਨੀ ਵੱਲੋਂ ਇਸ ਦੇ ਪ੍ਰਧਾਨ ਤੇ ਅਜੀਤ ਪ੍ਰਕਾਸ਼ਨ ਸਮੂਹ ਦੇ ਪ੍ਰਬੰਧਕੀ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਦੀ ਅਗਵਾਈ ਵਿੱਚ ਕੀਤੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਕੌਮੀ ਆਜ਼ਾਦੀ ਸੰਘਰਸ਼ ਵਿੱਚ ਪੰਜਾਬੀਆਂ ਦੇ ਬੇਮਿਸਾਲ ਯੋਗਦਾਨ ਨੂੰ ਵਿਸ਼ਵ ਪੱਧਰੀ ‘ਜੰਗ-ਏ-ਆਜ਼ਾਦੀ ਯਾਦਗਾਰ’ ਵਜੋਂ ਰੂਪਮਾਨ ਕਰਕੇ ਉਨ੍ਹਾਂ (ਸ. ਪਰਕਾਸ਼ ਸਿੰਘ ਬਾਦਲ) ਵੱਲੋਂ ਸੰਜੋਏ ਸੁਪਨੇ ਨੂੰ ਹਕੀਕੀ ਰੂਪ ਦੇਣ ਦਾ ਮੁੱਢ ਬੰਨ੍ਹਿਆ ਹੈ। ਉਨ੍ਹਾਂ ਨੇ ਡਾ. ਹਮਦਰਦ ਨੂੰ ਇਸ ਬੇਸ਼ਕੀਮਤੀ ਪ੍ਰਾਜੈਕਟ ਨੂੰ 18 ਤੋਂ 24 ਮਹੀਨਿਆਂ ਵਿੱਚ ਮੁਕੰਮਲ ਕਰਵਾਉਣ ਦੀ ਅਪੀਲ ਕੀਤੀ।
ਇਨ੍ਹਾਂ ਯਾਦਗਾਰਾਂ ਦੀ ਅਸੀਮ ਮਹੱਤਤਾ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਕੌਮਾਂ ਹੀ ਜਿਉਂਦੀਆਂ ਰਹਿੰਦੀਆਂ ਹਨ, ਜੋ ਆਪਣੇ ਅਮੀਰ ਸੱਭਿਆਚਾਰ ਤੇ ਵਿਰਾਸਤ ਨੂੰ ਸੰਭਾਲ ਦੀਆਂ ਹਨ ਅਤੇ ਉਹ ਕੌਮਾਂ ਜਿਹੜੀਆਂ ਆਪਣੇ ਸ਼ਾਨਦਾਰ ਵਿਰਸੇ ਨੂੰ ਵਿਸਾਰ ਦਿੰਦੀਆਂ ਹਨ, ਉਹ ਕੌਮਾਂ ਲੁਪਤ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵੱਲੋਂ ਇਸ ਵਿਚਾਰਧਾਰਾ ਨੂੰ ਅੱਗੇ ਤੋਰਦਿਆਂ ਪਹਿਲਾਂ ਹੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਸ਼ਾਨਦਾਰ ਵਿਰਾਸਤ-ਏ-ਖਾਲਸਾ ਯਾਦਗਾਰ, ਕੁੱਪ ਰੋਹੀੜਾ ਵਿਖੇ ਵੱਡਾ ਘੱਲੂਘਾਰਾ ਯਾਦਗਾਰ, ਕਾਹਨੂੰਵਾਨ ਵਿਖੇ ਛੋਟਾ ਘੱਲੂਘਾਰਾ ਯਾਦਗਾਰ ਅਤੇ ਚੱਪੜਚਿੜੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰ ਸਥਾਪਤ ਕੀਤੀਆਂ ਜਾ ਚੁੱਕੀਆਂ ਹਨ। ਇਸੇ ਤਰ੍ਹਾਂ ਅੰਮ੍ਰਿਤਸਰ ਵਿਖੇ ਅਟਾਰੀ-ਅੰਮ੍ਰਿਤਸਰ ਰੋਡ ‘ਤੇ ਦੇਸ਼ ਦੀ ਆਨ ਤੇ ਸ਼ਾਨ ਦੀ ਰਾਖੀ ਲਈ ਕੁਰਬਾਨੀਆਂ ਕਰਨ ਵਾਲੇ ਬਹਾਦਰ ਸੈਨਿਕਾਂ ਨੂੰ ਸਮਰਪਿਤ ‘ਜੰਗੀ ਯਾਦਗਾਰ ਤੇ ਸਮਾਰਕ’ ਦੀ ਉਸਾਰੀ ਕੀਤੀ ਜਾ ਰਹੀ ਹੈ।
ਪੰਜਾਬ ਦੇ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਆਪਣਾ ਭਾਸ਼ਣ ਇਕ ਸ਼ੇਅਰ ‘ ਸਦਾ ਕਾਮਯਾਬੀ ਚੁੰਮੇ ਪੈਰ ਉਸਦੇ ਜਿਨ੍ਹਾਂ ਕੌਮਾਂ ਨੂੰ ਮਰਨ ਦਾ ਝੱਲ ਪੈ ਜਏ, ਮੁੱਲ ਪੈਂਦਾ ਏ ਸਦਾ ਕੁਰਬਾਨੀਆਂ ਦਾ ਭਾਵੇਂ ਅੱਜ ਪੈ ਜਏ ਭਾਵੇਂ ਕੱਲ੍ਹ ਪੈ ਜਏ’। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ‘ਤੇ ਚਲਦਿਆਂ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਹੱਕ-ਸੱਚ ਦੀ ਲੜਾਈ ਮੋਹਰੇ ਹੋ ਕੇ ਲੜੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇਸ਼ ਭਗਤਾਂ ਨੇ ਸਾਡੇ ਕੱਲ੍ਹ ਨੂੰ ਸੁਰੱਖਿਅਤ ਕਰਨ ਲਈ ਆਪਣਾ ਵਰਤਮਾਨ ਵਾਰ ਦਿੱਤਾ ਉਨ੍ਹਾਂ ਦੀਆਂ ਯਾਦਗਾਰਾਂ ਸਥਾਪਿਤ ਕਰਨੀਆਂ ਸਾਡਾ ਫਰਜ਼ ਹੈ ਤਾਂ ਜੋ ਆਉਣ ਵਾਲੀਆਂ ਪੀੜੀਆਂ ਨੂੰ ਸਾਡੇ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਬਾਰੇ ਜਾਣੂੰ ਕਰਵਾਇਆ ਜਾ ਸਕੇ।
ਆਜਾਦੀ ਦੇ ਸੰਘਰਸ਼ ਦੌਰਾਨ ਪੰਜਾਬੀਆਂ ਦੇ ਰੋਲ ਬਾਰੇ ਬੋਲਦਿਆਂ ਸ. ਬਾਦਲ ਨੇ ਕਿਹਾ ਕਿ ਕਾਲੇ ਪਾਣੀ ਵਿਖੇ ਜੇਲ੍ਹਾਂ ਕੱਟਣ ਵਾਲੇ ਆਜਾਦੀ ਘੁਲਾਟੀਆਂ ਵਿਚੋਂ 80 ਫੀਸਦੀ ਪੰਜਾਬੀ ਸਨ। ਜੰਗ-ਏ-ਆਜਾਦੀ ਯਾਦਗਾਰ ਸਥਾਪਿਤ ਕਰਨ ਦੇ ਫੈਸਲੇ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਸ . ਪਰਕਾਸ਼ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਸ. ਬਾਦਲ ਨੇ ਕਿਹਾ ਕਿ ਵਿਸ਼ਵ ਭਰ ਦੇ ਦੇਸ਼ਾਂ ਨੇ ਆਪਣੇ ਮਹਾਨ ਸ਼ਹੀਦਾਂ ਦੀ ਯਾਦ ਨੂੰ ਦਰਸਾਉਂਦੀਆਂ ਯਾਦਗਾਰਾਂ ਸਥਾਪਿਤ ਕੀਤੀਆਂ ਹਨ ਪਰ ਸਾਡਾ ਦੇਸ਼ ਇਸ ਖੇਤਰ ਵਿਚ ਪਛੜ ਗਿਆ।
ਉਨ੍ਹਾਂ ਕਿਹਾ ਕਿ ਸ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ-ਭਾਜਪਾ ਸਰਕਾਰ ਨੇ ਪਿਛਲੇ 7 ਸਾਲਾਂ ਦੌਰਾਨ ਯੋਧਿਆਂ ਤੇ ਆਜਾਦੀ ਘੁਲਾਟੀਆਂ ਦੀਆਂ ਯਾਦਗਾਰਾਂ ਸਥਾਪਿਤ ਕਰਨ ਦਾ ਕੰਮ ਪਹਿਲ ਦੇ ਆਧਾਰ ‘ਤੇ ਕੀਤਾ ਹੈ। ਉਨ੍ਹਾਂ ਜੰਗ-ਏ-ਆਜਾਦੀ ਯਾਦਗਾਰ ਫਾਊਂਡੇਸ਼ਨ ਦੇ ਚੇਅਰਮੈਨ ਡਾ. ਬਰਜਿੰਦਰ ਸਿੰਘ ਹਮਦਰਦ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਪਿਛਲੇ ਇਕ ਸਾਲ ਦੌਰਾਨ ਦੇਸ਼ ਭਰ ਦਾ ਦੌਰਾ ਕਰਕੇ ਨਾਮਵਾਰ ਇਤਿਹਾਸਕਾਰਾਂ ਦੇ ਸਹਿਯੋਗ ਨਾਲ ਇਸ ਯਾਦਗਾਰ ਦਾ ਸੁਪਨਾ ਸਾਕਾਰ ਕਰਨ ਦੀ ਨੀਂਹ ਰੱਖੀ।
ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਣ ‘ਤੇ ਆਪਣੇ ਆਪ ਨੂੰ ਮਾਣਮੱਤਾ ਮਹਿਸੂਸ ਕਰਦਿਆਂ ਸ. ਬਾਦਲ ਨੇ ਆਪਣੇ ਦੱਖਣੀ ਅਫਰੀਕਾ ਦੌਰੇ ਦੀ ਯਾਦ ਸਾਂਝੀ ਕਰਦਿਆਂ ਦੱਸਿਆ ਕਿ ਉੱਥੇ ਉਨ੍ਹਾਂ ਨੇ ਉਸ ਜੇਲ੍ਹ ਦਾ ਦੌਰਾ ਕੀਤਾ ਜਿੱਥੇ ਨੈਲਸਨ ਮੰਡੇਲਾ ਨੇ 16 ਸਾਲ ਜੇਲ੍ਹ ਕੱਟੀ ਸੀ। ਉਨ੍ਹਾਂ ਕਿਹਾ ਕਿ ਉਸ ਸਮੇਂ ਅਫਰੀਕਨ ਰਾਜਦੂਤ ਨੇ ਦੱਸਿਆ ਕਿ ਉਨ੍ਹਾਂ ਦੇ ਦੇਸ਼ ਵਿਚ 16 ਸਾਲ ਜੇਲ੍ਹ ਕੱਟਣ ਕਰਕੇ ਨੈਲਸਨ ਮੰਡੇਲਾ ਦੀ ਪੂਜਾ ਹੁੰਦੀ ਹੈ। ਸ. ਬਾਦਲ ਨੇ ਕਿਹਾ ਕਿ ‘ਮੈਂ ਉਨ੍ਹਾਂ ਨੂੰ ਦੱਸਿਆ ਕਿ ਉਹ ਅਕਾਲੀ ਦਲ ਨਾਲ ਸਬੰਧਿਤ ਹਨ ਜਿਸਨੇ ਹਜ਼ਾਰਾਂ ਨੈਲਸਨ ਮੰਡੇਲਿਆਂ ਨੂੰ ਜਨਮ ਦਿੱਤਾ ਹੈ।
ਸ. ਬਾਦਲ ਨੇ ਕਿਹਾ ਕਿ ਜਦ ਵੀ ਦੇਸ਼ ਨੂੰ ਕਿਸੇ ਮੁਸੀਬਤ ਦਾ ਸਾਹਮਣਾ ਕਰਨਾ ਪਿਆ ਹੈ ਤਾਂ ਬਹਾਦਰ ਪੰਜਾਬੀਆਂ ਨੇ ਹਮੇਸ਼ਾ ਅੱਗੇ ਹੋ ਕੇ ਉਸਦਾ ਟਾਕਰਾ ਕੀਤਾ ਹੈ, ਉਹ ਭਾਵੇਂ ਪਾਕਿਸਤਾਨ ਨਾਲ ਜੰਗ ਵੇਲੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਦੀ ਗੱਲ ਹੋਵੇ ਜਾਂ ਫਿਰ ਅਨਾਜ ਪੈਦਾ ਕਰਕੇ ਦੇਸ਼ ਵਾਸੀਆਂ ਦਾ ਢਿੱਡ ਭਰਨ ਦੀ। ਉਨ੍ਹਾਂ ਕਿਹਾ ਕਿ 25 ਏਕੜ ਵਿਚ 200 ਕਰੋੜ ਦੀ ਲਾਗਤ ਨਾਲ ਬਣਨ ਵਾਲੀ ਇਸ ਯਾਦਗਾਰ ਰਾਹੀਂ ਪੰਜਾਬੀਆਂ ਦੇ ਆਜਾਦੀ ਦੀ ਲੜਾਈ ਵਿਚ ਯੋਗਦਾਨ ਬਾਰੇ ਦੱਸਿਆ ਜਾਵੇਗਾ।
ਇਸ ਮੌਕੇ ਛੱਤੀਸਗੜ੍ਹ ਦੇ ਰਾਜਪਾਲ ਸ੍ਰੀ ਬਲਰਾਮ ਜੀ ਦਾਸ ਟੰਡਨ ਨੇ ਆਖਿਆ ਕਿ ਇਹ ਅਹਿਮ ਯਾਦਗਾਰ ਸਾਡੀਆਂ ਆਉਣ ਵਾਲੀਆਂ ਪੀੜੀਆਂ ਲਈ ਪ੍ਰੇਰਨਾ ਦਾ ਸਰੋਤ ਹੋਵੇਗੀ ਕਿਉਂ ਜੋ ਸਾਡੇ ਨੌਜਵਾਨਾਂ ਦਾ ਵੱਡਾ ਵਰਗ ਅਮੀਰ ਸੱਭਿਅਕ ਵਿਰਾਸਤ ਤੋੋਂ ਅਣਜਾਣ ਹੈ। ਉਨ੍ਹਾਂ ਆਖਿਆ ਕਿ ਇਹ ਸ਼ਾਨਦਾਰ ਯਾਦਗਾਰ ਨਾ ਸਿਰਫ ਮੁਲਕ ਦੀ ਸਗੋੋਂ ਦੁਨੀਆਂ ਦੀ ਇਕ ਸੈਰ-ਸਪਾਟੇ ਵਾਲੇ ਸਥਾਨ ਵਜੋੋਂ ਉਭਰੇਗੀ।
ਇਸ ਮੌਕੇ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਤੇ ਸੰਸਦ ਮੈਂਬਰ ਸ੍ਰੀ ਸ਼ਾਂਤਾ ਕੁਮਾਰ ਨੇ ਆਖਿਆ ਕਿ ਇਸ ਯਾਦਗਾਰ ਦਾ ਨੀਂਹ ਪੱਥਰ ਰੱਖਣਾ ਅਕਾਲੀ-ਭਾਜਪਾ ਸਰਕਾਰ ਦਾ ਕ੍ਰਾਂਤੀਕਾਰੀ ਕਦਮ ਹੈ ਜੋ ਸਾਡੇ ਲੋਕਾਂ ਖਾਸਕਰ ਨੌਜਵਾਨਾਂ ਨੁੂੰ ਸਾਡੇ ਅਮੀਰ ਵਿਰਸੇ ਨਾਲ ਜੋੜਨ ਲਈ ਸਿਹਤਮੰਦ ਮੰਚ ਮੁਹੱਈਆ ਕਰਵਾਏਗੀ। ਉਨ੍ਹਾਂ ਨੇ ਸ. ਬਾਦਲ ਵੱਲੋੋਂ ਇਸ ਪ੍ਰਾਜੈਕਟ ਨੂੰ ਉਲੀਕਣ ਦੀ ਪਹਿਲਕਦਮੀ ਕਰਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਿਰਫ ਸਾਡੇ ਸ਼ਹੀਦਾਂ ਨੂੰ ਸ਼ਰਧਾਂਜਲੀ ਹੀ ਨਹੀਂ ਹੋਵੇਗੀ ਸਗੋਂ ਦੇਸ਼ ਵਾਸੀਆਂ ਨੂੰ ਆਜ਼ਾਦੀ ਸੰਗਰਾਮ ਦੀ ਗਾਥਾ ਤੋੋਂ ਜਾਣੂੰ ਕਰਵਾਉਣ ਦਾ ਸ਼ਲਾਘਾਯੋਗ ਉਪਰਾਲਾ ਹੈ।
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਬਹਾਦਰੀ ਤੇ ਕੁਰਬਾਨੀ ਦਾ ਅਜ਼ੀਮ ਜਜ਼ਬਾ ਨਾ ਸਿਰਫ ਪੰਜਾਬੀਆਂ ਦੇ ਖੂਨ ਵਿੱਚ ਹੈ ਸਗੋਂ ਉਨ੍ਹਾਂ ਦੇ ਡੀ.ਐਨ.ਏ. ਵਿੱਚ ਵੀ ਮੌਜੂਦ ਹੈ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਲੋਕਾਂ ਖਾਸ ਕਰਕੇ ਨੌਜਵਾਨ ਪੀੜੀ ਦੇ ਵਿੱਚ ਦੇਸ਼ ਭਗਤੀ ਤੇ ਆਪਾ ਵਾਰਨ ਦੀਆਂ ਕਦਰਾਂ-ਕੀਮਤਾਂ ਨੂੰ ਕੁੱਟ-ਕੁੱਟ ਕੇ ਭਰਦੇ ਹਨ ਜਿਸ ਦੀ ਹਰ ਸਿਆਸੀ ਧਿਰ ਵੱਲੋਂ ਪਾਰਟੀ ਪੱਧਰ ਤੋਂ ਉਪਰ ਉਠ ਕੇ ਸ਼ਲਾਘਾ ਕਰਨੀ ਚਾਹੀਦੀ ਹੈ।
ਜੰਗ-ਏ-ਆਜ਼ਾਦੀ ਫਾਊਂਡੇਸ਼ਨ ਦੀ ਕਾਰਜਕਾਰਨੀ ਦੇ ਪ੍ਰਧਾਨ ਡਾ.ਬਰਜਿੰਦਰ ਸਿੰਘ ਹਮਦਰਦ ਨੇ ਆਪਣੇ ਕੁੰਜੀਵਤ ਭਾਸ਼ਣ ਵਿੱਚ ਇਸ ਯਾਦਗਾਰ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਉੱਘੇ ਇਤਿਹਾਸਕਾਰਾਂ ਤੇ ਬੁੱਧੀਜੀਵੀਆਂ ਖਾਸ ਤੌਰ ‘ਤੇ ਡਾ. ਕ੍ਰਿਪਾਲ ਸਿੰਘ, ਡਾ. ਜੇ.ਐਸ. ਗਰੇਵਾਲ ਅਤੇ ਸ੍ਰੀ ਕੇ.ਐਲ. ਟੁਟੇਜਾ ‘ਤੇ ਅਧਾਰਿਤ ਸੰਕਲਪ ਕਮੇਟੀ ਵੱਲੋਂ ਬਹੁਤ ਦੀ ਡੂੰਘੀ ਖੋਜ ਤੇ ਅਧਿਐਨ ਤੋਂ ਮਗਰੋਂ ਇਸ ਸੁਪਨਮਈ ਪ੍ਰਾਜੈਕਟ ਨੂੰ ਸਾਕਾਰ ਕਰਨ ਵਿੱਚ ਸਫਲਤਾ ਮਿਲੀ ਹੈ। ਡਾ. ਹਮਦਰਦ ਨੇ ਕੌਮਾਂਤਰੀ ਪ੍ਰਸਿੱਧੀ ਹਾਸਲ ਸ਼ਿਲਪਕਾਰ ਸ੍ਰੀ ਰਾਜ ਰਾਵੇਲ ਦੀ ਸ਼ਲਾਘਾ ਕਰਦਿਆਂ ਆਖਿਆ ਉਨ੍ਹਾਂ ਦੀ ਅਜ਼ੀਮ ਸ਼ਿਲਪਕਾਰੀ ਨਿਪੁੰਨਤਾ ਸਦਕਾ ਹੀ ਮੁੱਖ ਮੰਤਰੀ ਦੀ ਦੂਰਦਰਸ਼ੀ ਅਗਵਾਈ ਹੇਠ ਇਸ ਪ੍ਰਾਜੈਕਟ ਨੂੰ ਸ਼ੁਰੂ ਕੀਤਾ ਜਾ ਸਕਿਆ ਹੈ। ਉਨ੍ਹਾਂ ਨੇ ਡਾ. ਸ਼ਿਆਮ ਬੈਨੇਗਲ ਵੱਲੋਂ ਆਜ਼ਾਦੀ ਸੰਘਰਸ਼ ਦਾ ਵਰਨਣ ਕਰਦੇ ਵੱਖ-ਵੱਖ ਅਧਿਆਏ ਨੂੰ ਫਿਲਮੀ ਰੂਪ ਦੇ ਕੇ ਪਰਦੇ ‘ਤੇ ਲਿਆਉਣ ਦੀ ਸੂਖ਼ਮ ਕਲਾ ਦੀ ਸਲਾਹੁਤਾ ਕੀਤੀ। ਉਨ੍ਹਾਂ ਕਿਹਾ ਕਿ ਇਸ ਯਾਦਗਾਰ ਵਿੱਚ ਉਸਾਰੀ ਜਾਣ ਵਾਲੀ 150 ਫੁੱਟ ਉੱਚੀ ਮੀਨਾਰ-ਏ-ਸ਼ਹੀਦਾਂ ਇਸ ਦਾ ਮੁੱਖ ਆਕਰਸ਼ਣ ਹੋਵੇਗੀ।
ਆਪਣੇ ਸਵਾਗਤੀ ਭਾਸ਼ਣ ਵਿੱਚ ਸੱਭਿਆਚਾਰਕ ਤੇ ਸੈਰ ਸਪਾਟਾ ਮੰਤਰੀ ਸ. ਸੋਹਣ ਸਿੰਘ ਠੰਡਲ ਨੇ ਕਿਹਾ ਕਿ ਇਸ ਯਾਦਗਾਰ ਦੇ ਨੀਂਹ ਪੱਥਰ ਨਾਲ ਸੂਬਾ ਸਰਕਾਰ ਨੇ ਆਪਣੇ ਮਹਾਨ ਵਿਰਸੇ ਨੂੰ ਸੰਭਾਲਣ ਲਈ ਇਕ ਨਵਾਂ ਅਧਿਆਏ ਸਿਰਜਿਆ ਹੈ।
ਇਸ ਮੌਕੇ ਮੁੱਖ ਮੰਤਰੀ ਨੇ ਉੱਘੇ ਬੁੱਧੀਜੀਵੀ ਤੇ ਇਤਿਹਾਸਕਾਰ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ, ਡਾ. ਪ੍ਰਿਥੀਪਾਲ ਸਿੰਘ ਕਪੂਰ ਤੇ ਡਾ. ਹਰੀਸ਼ ਸ਼ਰਮਾ ਤੋਂ ਇਲਾਵਾ ਨਾਮਵਰ ਫਿਲਮ ਨਿਰਦੇਸ਼ਕ ਡਾ. ਸ਼ਿਆਮ ਬੈਨੇਗਲ ਨੂੰ ਜੰਗ-ਏ-ਆਜ਼ਾਦੀ ਯਾਦਗਾਰ ਦੇ ਮਾਡਲ ਨਾਲ ਸਨਮਾਨਿਤ ਕੀਤਾ।
ਇਸ ਮੌਕੇ ਹਾਜ਼ਰ ਪ੍ਰਮੁੱਖ ਸ਼ਖਸੀਅਤਾਂ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਡਾ. ਚਰਨਜੀਤ ਸਿੰਘ ਅਟਵਾਲ, ਸ. ਬਿਕਰਮ ਸਿੰਘ ਮਜੀਠੀਆ, ਗੁਲਜ਼ਾਰ ਸਿੰਘ ਰਣੀਕੇ, ਸ. ਅਜੀਤ ਸਿੰਘ ਕੋਹਾੜ, ਸ. ਜਨਮੇਜਾ ਸਿੰਘ ਸੇਖੋਂ, ਡਾ. ਦਲਜੀਤ ਸਿੰਘ ਚੀਮਾ, ਸ. ਸੁਰਜੀਤ ਸਿੰਘ ਰੱਖੜਾ, ਸ੍ਰੀ ਚੂਨੀ ਲਾਲ ਭਗਤ ਤੇ ਸ. ਪਰਮਿੰਦਰ ਸਿੰਘ ਢੀਂਡਸਾ (ਸਾਰੇ ਕੈਬਨਿਟ ਮੰਤਰੀ), ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਕਮਲ ਸ਼ਰਮਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ, ਲੋਕ ਸਭਾ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਰਾਜ ਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ ਤੇ ਸ. ਬਲਵਿੰਦਰ ਸਿੰਘ ਭੂੰਦੜ, ਪੁਡੂਚੇਰੀ ਦੇ ਸਾਬਕਾ ਉਪ ਰਾਜਪਾਲ ਸ੍ਰੀ ਇਕਬਾਲ ਸਿੰਘ, ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸ੍ਰੀ ਐਚ.ਐਸ. ਹੰਸਪਾਲ, ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਸ੍ਰੀ ਤੀਕਸ਼ਣ ਸੂਦ, ਉਪ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਜੰਗਵੀਰ ਸਿੰਘ, ਮੁੱਖ ਸੰਸਦੀ ਸਕੱਤਰ ਬੀਬੀ ਮਹਿੰਦਰ ਕੌਰ ਜੋਸ਼, ਸ੍ਰੀ ਕੇ.ਡੀ. ਭੰਡਾਰੀ, ਸ੍ਰੀ ਪਵਨ ਟੀਨੂੰ, ਸ੍ਰੀ ਇੰਦਰਬੀਰ ਸਿੰਘ ਬੁਲਾਰੀਆ ਤੇ ਪ੍ਰੋ. ਵਿਰਸਾ ਸਿੰਘ ਵਲਟੋਹਾ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ, ਸਾਬਕਾ ਮੰਤਰੀ ਬੀਬੀ ਜਾਗੀਰ ਕੌਰ, ਸ. ਸਰਵਣ ਸਿੰਘ ਫਿਲੌਰ ਤੇ ਸ੍ਰੀ ਮਨੋਰੰਜਨ ਕਾਲੀਆ, ਵਿਧਾਇਕ ਸ੍ਰੀ ਮਨਜੀਤ ਸਿੰਘ ਮੀਆਂਵਿੰਡ ਤੋਂ ਇਲਾਵਾ ਅਕਾਲੀ ਦਲ ਤੇ ਭਾਜਪਾ ਵਰਕਰ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸ਼ਾਮਲ ਸਨ।
ਇਸ ਮੌਕੇ ਮੁੱਖ ਸਕੱਤਰ ਸ੍ਰੀ ਸਰਵੇਸ਼ ਕੌਸ਼ਲ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਐਸ.ਕੇ. ਸੰਧੂ ਤੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ.ਜੇ.ਸਿੰਘ ਚੀਮਾ ਤੋਂ ਇਲਾਵਾ ਡਿਪਟੀ ਕਮਿਸ਼ਨਰ ਸ੍ਰੀ ਕੇ.ਕੇ. ਯਾਦਵ ਸ਼ਾਮਲ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply