Thursday, July 3, 2025
Breaking News

ਅਧਿਆਪਕ ਪੁਸ਼ਵਿੰਦਰ ਸਿੰਘ ਹੇਡੋਂ ਦਾ ਜਿਲ੍ਹਾ ਪੱਧਰੀ ਸਨਮਾਨ

ਸਮਰਾਲਾ, 8 ਸਤੰਬਰ (ਇੰਦਰਜੀਤ ਕੰਗ) – ਸਿੱਖਿਆ ਦੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਅਧਿਆਪਕਾਂ ਨੂੰ ਅਧਿਆਪਕ ਦਿਵਸ ਮੌਕੇ ਸਿਖਿਆ ਵਿਭਾਗ ਵਲੋਂ ਸਨਮਾਨਿਤ ਕੀਤੇ ਜਾਣ ਦੀ ਲੜੀ ਤਹਿਤ ਲੁਧਿਆਣਾ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਮੌਕੇ ਪੁਸ਼ਵਿੰਦਰ ਸਿੰਘ ਹੇਡੋਂ ਨੂੰ ਜ਼ਿਲ੍ਹਾ ਸਿਖਿਆ ਅਫਸਰ (ਐਲੀ:) ਰਾਜਿੰਦਰ ਕੌਰ ਅਤੇ ਉਪ ਜ਼ਿਲ੍ਹਾ ਸਿਖਿਆ ਅਫਸਰ (ਐਲੀ:) ਕੁਲਦੀਪ ਸਿੰਘ ਵਲੋਂ ਸਨਮਾਨਿਤ ਕੀਤਾ ਗਿਆ।ਅਧਿਆਪਕ ਪੁਸ਼ਵਿੰਦਰ ਸਿੰਘ 1 ਜੁਲਾਈ 2006 ਤੋਂ ਸਰਕਾਰੀ ਪ੍ਰਾਇਮਰੀ ਸਕੂਲ ਕੋਟਾਲਾ ਵਿਖੇ ਆਪਣੀਆਂ ਸੇਵਾਵਾਂ ਦੇ ਰਹੇ ਹਨ।ਉਸ ਸਮੇਂ ਤੋਂ ਲੈ ਕੇ ਉਨ੍ਹਾਂ ਨੇ ਸਕੂਲ ਦੇ ਬੱਚਿਆਂ ਦੀ ਪੜ੍ਹਾਈ, ਗਿਣਤੀ ਵਧਾਉਣ ਅਤੇ ਸਰਵਪੱਖੀ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ।ਅਧਿਆਪਕ ਪੁਸ਼ਵਿੰਦਰ ਸਿੰਘ ਨੇ ਸਕੂਲ ਸਟਾਫ, ਪਿੰਡ ਦੇ ਪਤਵੰਤੇ ਸੱਜਣਾਂ, ਗਰਾਮ ਪੰਚਾਇਤ ਅਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਸਕੂਲ ਨੂੰ ਇੱਕ ਸੁੰਦਰ ਦਿੱਖ ਵਾਲਾ ਸਮਾਰਟ ਸਕੂਲ ਬਣਾਇਆ।ਉਨ੍ਹਾਂ ਦੀ ਸਕੂਲ ਪ੍ਰਤੀ ਲਗਨ ਅਤੇ ਮਿਹਨਤ ਨੂੰ ਦੇਖਦੇ ਹੋਏ ਕੈਨੇਡਾ ਨਿਵਾਸੀ ਗੁਰਬਚਨ ਸਿੰਘ ਗਰੇਵਾਲ ਨੇ ਸਕੂਲ ਨੂੰ ਹਰ ਸੰਭਵ ਵਿੱਤੀ ਸਹਾਇਤਾ ਦਿੱਤੀ।ਜਿਸ ਨਾਲ ਸਕੂਲ ਦੀ ਨੁਹਾਰ ਬਦਲ ਦਿੱਤੀ ਗਈ।ਇਨ੍ਹਾਂ ਸਹਿਯੋਗੀ ਸੱਜਣਾਂ ਦੀ ਮਦਦ ਨਾਲ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਇਲਾਕੇ ਵਿੱਚ ਹੀ ਨਹੀਂ, ਬਲਕਿ ਪੰਜਾਬ ਪੱਧਰ ਤੱਕ ਆਪਣੀ ਵਿਲੱਖਣ ਪਹਿਚਾਣ ਬਣਾ ਚੁੱਕਾ ਹੈ।ਇਸ ਸਕੂਲ ਦੇ ਵਿਦਿਆਰਥੀ ਪੜ੍ਹਾਈ ਦੇ ਨਾਲ ਨਾਲ ਖੇਡਾਂ ਅਤੇ ਹੋਰ ਸਹਿ ਵਿਦਿਅਕ ਗਤੀਵਿਧੀਆਂ ਵਿੱਚ ਸੂਬਾ ਪੱਧਰ ਤੱਕ ਆਪਣੇ ਸਕੂਲ ਦਾ ਨਾਂ ਰੌਸ਼ਨ ਕਰ ਚੁੱਕੇ ਹਨ।
                ਅਧਿਆਪਕ ਦਿਵਸ ਮੌਕੇ ਅਧਿਆਪਕ ਪੁਸ਼ਵਿੰਦਰ ਸਿੰਘ ਸਨਮਾਨ ਮਿਲਣ ਦੀ ਖੁਸ਼ੀ ਵਿੱਚ ਪਿੰਡ ਕੋਟਾਲਾ ਦੀ ਸਮੁੱਚੀ ਪੰਚਾਇਤ, ਐਨ.ਆਰ.ਆਈ ਵੀਰਾਂ, ਪਤਵੰਤੇ ਸੱਜਣਾਂ, ਮੈਡਮ ਬਿੰਦੂ, ਮੈਡਮ ਦਲਜੀਤ ਕੌਰ ਅਤੇ ਵਿਦਿਆਰਥੀਆਂ ਨੇ ਉਨਾਂ ਨੂੰ ਵਧਾਈ ਦਿੱਤੀ ਗਈ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …