ਦੋ ਬੱਸਾਂ ਲਗਾ ਕੇ ਕਿਸਾਨਾਂ ਨੂੰ ਧੂਰੀ ਤੋਂ ਦਿੱਲੀ ਆਉਣ-ਜਾਣ ਦੀ ਮੁਹੱਈਆ ਕਰਵਾਈ ਮੁਫਤ ਸਹੂਲਤ
ਧੂਰੀ, 13 ਦਸੰਬਰ (ਪ੍ਰਵੀਨ ਗਰਗ) – ਪ੍ਰੀਤ ਟਰੈਕਟਰ ਅਤੇ ਕੰਬਾਇਨ ਗਰੁੱਪ ਦੀ ਮੈਨੇਜਮੈਂਟ ਵੱਲੋਂ ਕਿਸਾਨ ਅੰਦੋਲਨ ਦੀ ਹਮਾਇਤ ਕਰਦਿਆਂ ਇੱਕ ਨਿਵੇਕਲੀ ਪਹਿਲ ਕੀਤੀ ਗਈ ਹੈ।ਜਿਸ ਦੇ ਚੱਲਦਿਆਂ ਕਿਸਾਨੀ ਸੰਘਰਸ਼ ਦੀ ਹਮਾਇਤ ਲਈ ਦਿੱਲੀ ਆਉਣ-ਜਾਣ ਵਾਲੇ ਲੋਕਾਂ ਲਈ ਦੋ ਮੁਫਤ ਬੱਸਾਂ ਚਲਾਈਆਂ ਗਈਆਂ ਹਨ।
ਅਕਾਲੀ ਆਗੂ ਹਰੀ ਸਿੰਘ ਪ੍ਰੀਤ ਨੇ ਕਿਹਾ ਕਿ ਪੰਜਾਬ ਦੇ ਲੋਕ ਆਪ-ਮੁਹਾਰੇ ਕਿਸਾਨੀ ਸੰਘਰਸ਼ ਨਾਲ ਜੁੜਦੇ ਜਾ ਰਹੇ ਹਨ ਅਤੇ ਕਿਸਾਨਾਂ ਦੇ ਸਮਰੱਥਨ ਲਈ ਉਹਨਾਂ ਦੇ ਮਨਾਂ ਵਿੱਚ ਦਿੱਲੀ ਜਾਣ ਦੀ ਤਾਂਘ ਹੈ, ਪ੍ਰੰਤੂ ਕੜਾਕੇ ਦੀ ਠੰਡ ਅਤੇ ਸਾਧਨਾਂ ਦੀ ਕਮੀ ਦੇ ਚਲਦਿਆਂ ਕਈ ਲੋਕ ਦਿੱਲੀ ਜਾਣ ਤੋਂ ਮਜ਼ਬੂਰ ਹਨ।ਜਿਸ ਦੇ ਚਲਦਿਆਂ ਪ੍ਰੀਤ ਗਰੁੱਪ ਦੀ ਮੈਨੇਜਮੈਂਟ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਮੰਗਲਵਾਰ ਤੋਂ ਰੋਜ਼ਾਨਾ ਸਵੇਰੇ 9 ਵਜੇ ਉਹਨਾਂ ਦੇ ਧੂਰੀ ਦਫਤਰ ਅਨਾਜ ਮੰਡੀ ਧੂਰੀ ਤੋਂ ਇੱਕ ਬੱਸ ਦਿੱਲੀ ਲਈ ਰਵਾਨਾ ਹੋਇਆ ਕਰੇਗੀ ਅਤੇ ਇਸ ਦੇ ਨਾਲ ਹੀ ਹਰ ਰੋਜ਼ ਦਿੱਲੀ ਦੇ ਟਿਕਰੀ ਬਾਰਡਰ ‘ਤੇ ਬਣੇ ਪਕੌੜਾ ਚੌਕ ਤੋਂ ਰੋਜ਼ਾਨਾ ਦੁਪਹਿਰ 12 ਵਜੇ ਇੱਕ ਬੱਸ ਧੂਰੀ ਆਇਆ ਕਰੇਗੀ ਅਤੇ ਇਹਨਾਂ ਬੱਸਾਂ ਵਿੱਚ ਪਾਰਟੀਬਾਜ਼ੀ ਤੋਂ ੳੁੱਪਰ ਉੱਠ ਕੇ ਕੋਈ ਵੀ ਵਿਅਕਤੀ ਮਜਦੂਰ, ਕਿਸਾਨ, ਆੜ੍ਹਤੀਆ, ਬੀਬੀ, ਮਾਈ, ਭਾਈ ਆਦਿ ਮੁਫਤ ਸਫਰ ਕਰਕੇ ਦਿੱਲੀ ਆ-ਜਾ ਸਕਦੇ ਹਨ ਅਤੇ ਜਿੰਨੀਂ ਦੇਰ ਕਿਸਾਨ ਅੰਦੋਲਨ ਜਾਰੀ ਰਹੇਗਾ, ਬੱਸਾਂ ਦੀ ਇਹ ਮੁਫਤ ਸੇਵਾ ਵੀ ਜਾਰੀ ਰਹੇਗੀ।
ਹਰੀ ਸਿੰਘ ਨੇ ਕਿਸਾਨਾਂ ਨੂੰ ਦੇਸ਼ ਦਾ ਅੰਨਦਾਤਾ ਆਖਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਕੜਕਦੀ ਠੰਡ ਵਿੱਚ ਪੰਜਾਬ ਦੀ ਵੱਡੀ ਗਿਣਤੀ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਦਿੱਲੀ ਧਰਨਿਆਂ ‘ਤੇ ਬੈਠੇ ਕਿਸਾਨਾਂ ਦੀਆਂ ਮੰਗਾਂ ‘ਤੇ ਮਾਨਵਤਾ ਪੱਖੀ ਵਤੀਰਾ ਅਪਨਾ ਕੇ ਵਿਚਾਰ ਕਰਨਾ ਚਾਹੀਦਾ ਹੈ।ਕੇਂਦਰ ਦੀ ਭਾਜਪਾ ਸਰਕਾਰ ਨੂੰ ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਇੱਕ ਲੋਕਤੰਤਰ ਦੇਸ਼ ਵਿੱਚ ਇਹ ਸੱਤਾ ਸੁੱਖ ਜੋ ਅੱਜ ਦਿੱਲੀ ਵਿਖੇ ਕੁਰਸੀਆਂ ‘ਤੇ ਬਿਰਾਜਮਾਨ ਹੋ ਕੇ ਲੀਡਰ ਭੋਗ ਰਹੇ ਹਨ, ਇਸ ਵਿੱਚ ਕਿਸਾਨਾਂ ਦੀ ਵੋਟਾਂ ਦਾ ਵੀ ਇੱਕ ਅਹਿਮ ਅਤੇ ਵੱਡਾ ਰੋਲ ਹੈ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …