ਸਮਰਾਲਾ, 14 ਦਸੰਬਰ (ਇੰਦਰਜੀਤ ਸਿੰਘ ਕੰਗ) – ਮੋਦੀ ਸਰਕਾਰ ਵੱਲੋਂ ਖੇਤੀ ਸਬੰਧੀ ਪਾਸ ਕੀਤੇ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਸਬੰਧੀ ਦਿੱਲੀ ਬਾਰਡਰ ‘ਤੇ ਧਰਨੇ ਤੇ ਬੈਠੇ ਕਿਸਾਨਾਂ ਦੀ ਅਗਵਾਈ ਕਰ ਰਹੀਆਂ 31 ਕਿਸਾਨ ਜਥੇਬੰਦੀਆਂ ਦੇ ਸੱਦੇ ‘ਤੇ ਅੱਜ ਸਮਰਾਲਾ ਵਿਖੇ ਵੱਖ-ਵੱਖ ਕਿਸਾਨ ਯੂਨੀਅਨਾਂ, ਬਾਰ ਐਸੋਸੀਏਸ਼ਨ ਸਮਰਾਲਾ, ਪਟਵਾਰ ਯੂਨੀਅਨ, ਮੁਲਾਜ਼ਮ ਜਥੇਬੰਦੀਆਂ, ਸਮਰਾਲਾ ਸੋਸ਼ਲ ਵੈਲਫੇਅਰ ਸੁਸਾਇਟੀ, ਐਂਟੀ ਕੁਰੱਪਸ਼ਨ ਫਰੰਟ, ਅਕਸ ਰੰਗਮੰਚ ਸਮਰਾਲਾ ਅਤੇ ਹੋਰ ਭਰਾਤਰੀ ਜਥੇਬੰਦੀਆਂ ਵਲੋਂ ਕਿਸਾਨਾਂ ਦੇ ਹੱਕ ਵਿੱਚ ਐਸ.ਡੀ.ਐਮ ਦਫਤਰ ਸਮਰਾਲਾ ਦੇ ਅਹਾਤੇ ਵਿੱਚ ਇਕੱਠੇ ਹੋਣ ਉਪਰੰਤ ਤਹਿਸੀਲ ਕੰਪਲੈਕਸ ਸਮਰਾਲਾ ਵਿਖੇ ਵਿਸ਼ਾਲ ਧਰਨਾ ਦਿੱਤਾ ਗਿਆ।ਜਿਸ ਵਿੱਚ ਵੱਖ ਵੱਖ ਬੁਲਾਰਿਆਂ ਜਿਨ੍ਹਾਂ ਵਿੱਚ ਬਾਬਾ ਮਨਜੋਤ ਸਿੰਘ ਗਰੇਵਾਲ ਜਮੂਹਰੀਅਤ ਕਿਸਾਨ ਸਭਾ ਪੰਜਾਬ ਪ੍ਰਧਾਨ ਦਿਹਾਤੀ ਲੁਧਿਆਣਾ, ਅਭੈਜੀਤ ਸਿੰਘ ਭਤੀਜਾ ਸ਼ਹੀਦ ਭਗਤ ਸਿੰਘ, ਬਿਕਰਮਜੀਤ ਸਿੰਘ ਪ੍ਰਧਾਨ ਪਟਵਾਰ ਯੂਨੀਅਨ, ਸਤਪਾਲ ਜੋਸ਼ੀਲਾ ਕਿਸਾਨ ਆਗੂ, ਗਗਨਦੀਪ ਸ਼ਰਮਾ ਪ੍ਰਧਾਨ ਬਾਰ ਐਸੋਸੀਏਸ਼ਨ, ਜਥੇਦਾਰ ਜਿਊਣ ਸਿੰਘ ਢੀਂਡਸਾ, ਕੋਚ ਦੇਵੀ ਦਿਆਲ ਕੁੱਬੇ, ਰਾਜਵਿੰਦਰ ਸਮਰਾਲਾ, ਸੁਦੇਸ਼ ਸ਼ਰਮਾ ਪ੍ਰਧਾਨ ਐਂਟੀ ਕੁਰੱਪਸ਼ਨ ਸੁਸਾਇਟੀ, ਜਸਪ੍ਰੀਤ ਸਿੰਘ ਕਲਾਲ ਮਾਜਰਾ, ਜੀਵਨਜੋਤ ਸਿੰਘ ਸੂਬਾ ਮੀਤ ਪ੍ਰਧਾਨ ਟੈਕਸੀ ਉਪਰੇਟਰ ਯੂਨੀਅਨ, ਡਾ. ਜਮੀਲ ਆਦਿ ਤੋਂ ਇਲਾਵਾ ਹੋਰ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਨ ਵਿੱਚ ਮੋਦੀ ਦੇ ਅੜੀਅਲ ਰਵੱਈਏ ਦਾ ਵਿਰੋਧ ਕੀਤਾ, ਜੋ ਕਾਰਪੋਰੇਟ ਘਰਾਣਿਆਂ ਦੀ ਕਠਪੁਤਲੀ ਬਣ ਕੇ ਉਨ੍ਹਾਂ ਦੀਆਂ ਉਂਗਲਾਂ ‘ਤੇ ਨੱਚ ਰਿਹਾ ਹੈ।ਸ਼ਹੀਦ ਭਗਤ ਸਿੰਘ ਦਾ ਭਤੀਜਾ ਅਭੇਜੀਤ ਸਿੰਘ ਵਿਸ਼ੇਸ਼ ਤੌਰ ਤੇ ਪੁੱਜਾ ਜਿਸ ਜੇਬ ‘ਤੇ ਜਮੂਹਰੀਅਤ ਕਿਸਾਨ ਸਭਾ ਵੱਲੋਂ ਆਪਣਾ ਬੈਜ਼ ਵੀ ਲਗਾਇਆ।
ਸਾਰੇ ਬੁਲਾਰਿਆਂ ਦੇ ਅਜਿਹੀ ਕੜਾਕੇ ਦੀ ਸਰਦੀ ਵਿੱਚ ਆਪਣੇ ਕੰਮਕਾਰ ਅਤੇ ਘਰ ਛੱਡ ਕੇ ਦਿੱਲੀ ਨੂੰ ਘੇਰੀ ਬੈਠੇ ਕਿਸਾਨਾਂ ਦੀ ਸ਼ਲਾਘਾ ਕੀਤੀ।ਉਨਾਂ ਕਿਹਾ ਅਜਿਹੀ ਕੁਰਬਾਨੀ ਸਿਰਫ ਤੇ ਸਿਰਫ ਪੰਜਾਬੀ ਕੌਮ ਹੀ ਕਰ ਸਕਦੀ ਹੈ।ਅੱਜ ਕਿਸਾਨਾਂ ਦਾ ਇਹ ਅੰਦੋਲਨ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚ ਚੁੱਕਾ ਹੈ ਅਤੇ ਇਸ ਸਦੀ ਦਾ ਇਤਿਹਾਸਕ ਅੰਦੋਲਨ ਹੋ ਨਿਬੜੇਗਾ।