Tuesday, April 8, 2025
Breaking News

ਕਿਸਾਨੀ ਮੋਰਚੇ ‘ਚ ਡਟੀਆਂ ਔਰਤਾਂ ਲਈ ਰੈਣ-ਬਸੇਰੇ ਬਣਾਉਣਗੇ ਓਬਰਾਏ

ਵੱਡੀ ਮਾਤਰਾ ‘ਚ ਦਵਾਈਆਂ ਤੇ ਪਾਣੀ ਦੀ ਡੇਢ ਲੱਖ ਬੋਤਲ ਵੀ ਭੇਜੀ

ਅੰਮ੍ਰਿਤਸਰ, 16 ਦਸੰਬਰ (ਜਗਦੀਪ ਸਿੰਘ) – ਲੋਕ-ਸੇਵਾ ਦੇ ਨਵੇਂ ਮੀਲ-ਪੱਥਰ ਸਥਾਪਿਤ ਕਰਨ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ. ਐਸ.ਪੀ ਸਿੰਘ ਓਬਰਾਏ ਨੇ ਦਿੱਲੀ ਦੇ ਕਿਸਾਨ ਮੋਰਚੇ ‘ਚ ਡਟੇ ਕਿਸਾਨਾਂ ਨੂੰ ਵੱਡੀਆਂ ਸਹੂਲਤਾਂ ਦੇਣ ਤੋਂ ਬਾਅਦ ਹੁਣ ਉਥੇ ਮੌਜੂਦ ਔਰਤਾਂ ਲਈ ਰੈਣ-ਬਸੇਰੇ ਬਣਾਉਣ ਤੇ ਹੋਰ ਮਦਦ ਕਰਨ ਦੇ ਵੱਡੇ ਐਲਾਨ ਕੀਤੇ ਹਨ।
                  ਡਾ: ਓਬਰਾਏ ਨੇ ਕਿਹਾ ਕਿ ਸਿੰਘੂ ਅਤੇ ਟੀਕਰੀ ਸਰਹੱਦਾਂ ‘ਤੇ ਠੰਢ ਕਾਰਨ ਅੰਦੋਲਨਕਾਰੀ ਔਰਤਾਂ ਨੂੰ ਆ ਰਹੀ ਪਰੇਸ਼ਾਨੀ ਨੂੰ ਵੇਖਦਿਆਂ ਅਤੇ ਮੋਰਚਾ-ਆਗੂਆਂ ਦੀ ਮੰਗ ਅਨੁਸਾਰ ਸਰਬੱਤ ਦਾ ਭਲਾ ਟਰੱਸਟ ਵਲੋਂ ਤੁਰੰਤ 1000 ਔਰਤਾਂ ਦੇ ਠਹਿਰਣ ਤੇ ਸੌਣ ਲਈ ਸੁਰੱਖਿਅਤ ਰੈਣ-ਬਸੇਰੇ ਉਸਾਰੇ ਜਾ ਰਹੇ ਹਨ ਜੋ ਧੁੰਦ-ਮੀਂਹ ‘ਤੋਂ ਬਚਾਅ ਕਰਨਗੇ। ਇਸ ਤੋਂ ਇਲਾਵਾ ਦੋਹਾਂ ਮੋਰਚਿਆਂ ‘ਤੇ ਸਾਫ਼-ਸਫ਼ਾਈ ਵਾਸਤੇ 2000 ਡੰਡਿਆਂ ਵਾਲੇ ਵੱਡੇ ਝਾੜੂ ਵੀ ਮੁਹੱਈਆ ਕੀਤੇ ਜਾ ਰਹੇ ਹਨ।ਮੋਰਚੇ ਖਾਸ ਕਰਕੇ ਟੀਕਰੀ ਸਰਹੱਦ ‘ਤੇ ਪੀਣ ਵਾਲੇ ਸਾਫ਼ ਪਾਣੀ ਦੀ ਘਾਟ ਦੇ ਹੱਲ ਵਾਸਤੇ ਪਾਣੀ ਦੀ ਡੇਢ ਲੱਖ ਬੋਤਲ ਵੀ ਰਵਾਨਾ ਕਰ ਦਿੱਤੀ ਗਈ ਹੈ।
             ਡਾ. ਓਬਰਾਏ ਨੇ ਕਿਹਾ ਕਿ ਬਿਮਾਰ ਤੇ ਲੋੜਵੰਦ ਕਿਸਾਨਾਂ ਲਈ ਵੱਡੀ ਮਾਤਰਾ ‘ਚ ਪਹਿਲਾਂ ਵਾਂਗ ਹੀ ਲਗਾਤਾਰ ਹੋਰ ਦਵਾਈਆਂ ਵੀ ਪਹੁੰਚਾਈਆਂ ਜਾ ਰਹੀਆਂ ਹਨ।ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਟਰੱਸਟ ਵਲੋਂ ਦਿੱੱੱਲੀ ਮੋਰਚੇ ਵਾਸਤੇ 20 ਟਨ ਤੋਂ ਵਧੇਰੇ ਰਾਸ਼ਨ-ਰਸਦਾਂ, ਪੰਜ ਐਂਬੂਲੈਂਸ ਗੱਡੀਆਂ (ਇੱਕ ਵੈਂਟੀਲੇਟਰ-ਯੁਕਤ), 18 ਡਾਕਟਰ, ਹਜ਼ਾਰਾਂ ਕੰਬਲ, ਜੈਕਟਾਂ, ਤੌਲੀਏ, ਚੱਪਲਾਂ, ਰਿਫਲੈਕਟਰ ਅਤੇ ਨਿਹੰਗ ਸਿੰਘਾਂ ਦੇ ਘੋੜਿਆਂ ਲਈ 50 ਕੁਇੰਟਲ ਖੁਰਾਕ (ਛੋਲੇ ਤੇ ਦਾਲ) ਵੀ ਭੇਜੀ ਜਾ ਚੁੱਕੀ ਹੈ।
               ਕਿਸਾਨ ਮੋਰਚੇ ਦੌਰਾਨ ਸ਼ਹੀਦ ਹੋਣ ਵਾਲੇ ਕਿਸਾਨਾਂ ਦੀ ਗਿਣਤੀ 11 ਤੋਂ 19 ਤੱਕ ਪੁੱਜ ਜਾਣ ਸਬੰਧੀ ਡਾ. ਐਸ.ਪੀ ਸਿੰਘ ਓਬਰਾਏ ਨੇ ਸਪੱਸ਼ਟ ਕੀਤਾ ਕਿ ਹੁਣ ਤੱਕ ਸ਼ਹੀਦ ਹੋਏ ਸਾਰੇ ਕਿਸਾਨਾਂ ਦੇ ਪਰਿਵਾਰਾਂ ਨੂੰ ਉਨ੍ਹਾਂ ਦੀ ਮਾਲੀ ਹਾਲਤ ਅਨੁਸਾਰ 10 ਹਜ਼ਾਰ ਰੁਪਏ ਤੱਕ ਮਾਸਿਕ ਪੈਨਸ਼ਨ ਦਿੱੱਤੀ ਜਾਵੇਗੀ।
              ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦੇਸ਼ ਦੀ ਰੱਖਿਆ ਕਰਦੇ ਸ਼ਹਾਦਤ ਦਾ ਜਾਮ ਪੀਣ ਵਾਲੇ ਫੌਜ ਤੇ ਨੀਮ ਫੌਜੀ ਬਲਾਂ ਦੇ 20 ਜਵਾਨਾਂ ਦੇ ਪਰਿਵਾਰਾਂ ਨੂੰ ਸਰਬੱਤ ਦਾ ਭਲਾ ਟਰੱਸਟ ਵਲੋਂ 10 ਹਜ਼ਾਰ ਰੁਪਏ ਮਹੀਨਾਵਾਰ ਪੈਨਸ਼ਨਾਂ ਦਿੱਤੀਆਂ ਜਾ ਰਹੀਆਂ ਹਨ।

Check Also

ਖਾਲਸਾ ਕਾਲਜ ਵਿਖੇ ਵਾਤਾਵਰਣ ਸੰਭਾਲ ਅਤੇ ਸਥਿਰਤਾ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੀ ਫਲੋਰਾ ਐਂਡ ਫੌਨਾ ਸੋਸਾਇਟੀ ਵੱਲੋਂ …